ਮੇਰੀ ਡਾਇਰੀ 
Meri Diary



ਕਿਸੇ ਵੀ ਵਿਅਕਤੀ ਦੀ ਨਿੱਜੀ ਡਾਇਰੀ ਉਸ ਦੇ ਜੀਵਨ ਨਾਲ ਸੰਬੰਧਿਤ ਹੁੰਦੀ ਹੈ ਜਿਸ ਦੇ ਅਰੰਭ ਵਿੱਚ ਉਸ ਵਿਅਕਤੀ ਦੇ ਜੀਵਨ ਨਾਲ ਸੰਬੰਧਿਤ ਮਹੱਤਵਪੂਰਨ ਵੇਰਵੇ ਦਰਜ ਹੁੰਦੇ ਹਨ। ਮੈਂ ਵੀ ਆਪਣੀ ਡਾਇਰੀ ਦੇ ਪਹਿਲੇ ਪੰਨੇ ਤੇ ਆਪਣਾ ਨਾਂ, ਪਤਾ, ਟੈਲੀਫੂਨ ਨੰਬਰ, ਖੂਨ ਗਰੁੱਪ, ਬੈਂਕ-ਖਾਤੇ, ਪਾਸਪੋਰਟ, ਬੀਮਾ-ਪਾਲਿਸੀ ਅਤੇ ਸਕੂਟਰ ਦੀ ਰਜਿਸਟਰੇਸ਼ਨ ਆਦਿ ਬਾਰੇ ਜਾਣਕਾਰੀ ਦਰਜ ਕੀਤੀ ਹੋਈ ਹੈ। ਇਸ ਦੇ ਨਾਲ ਹੀ ਕੁਝ ਮਹੱਤਵਪੂਰਨ ਮਿਤੀਆਂ ਵੀ ਦਰਜ ਹਨ ਜਿਨਾਂ ਵਿੱਚ ਨੇੜਲੇ ਸੰਬੰਧੀਆਂ ਦੇ ਜਨਮ-ਦਿਵਸਾਂ ਅਤੇ ਵਿਆਹ ਆਦਿ ਦੇ ਸਲਾਨਾ ਉਤਸਵਾਂ ਦਾ ਵੇਰਵਾ ਦਰਜ ਹੈ। ਇਸ ਤੋਂ ਅੱਗੇ ਹਰ ਰੋਜ਼ ਦੀ ਕਾਰਗੁਜ਼ਾਰੀ ਦਾ ਤਾਰੀਖ਼ਵਾਰ ਵੇਰਵਾ ਦਰਜ ਹੈ। ਇਸ ਤਰ੍ਹਾਂ ਡਾਇਰੀ ਲਿਖਣੀ ਇੱਕ ਚੰਗੀ ਆਦਤ ਹੈ ਅਤੇ ਮੈਂ ਵੀ ਇਸ ਆਦਤ ਨੂੰ ਅਪਣਾਇਆ ਹੋਇਆ ਹੈ। ਮੈਂ ਹਰ ਰੋਜ਼ ਡਾਇਰੀ ਲਿਖਦਾ ਹਾਂ। ਮੇਰੀ ਡਾਇਰੀ ਤੋਂ ਮੇਰੀ ਹਰ ਰੋਜ਼ ਦੀ ਕਾਰਗੁਜ਼ਾਰੀ ਦਾ ਪਤਾ ਲੱਗ ਜਾਂਦਾ ਹੈ। ਮੈਂ ਆਪਣੀ ਡਾਇਰੀ ਵਿੱਚ ਤਾਰੀਖ਼ਵਾਰ ਹਰ ਰੋਜ਼ ਦੇ ਕੀਤੇ ਕੰਮਾਂ ਤੋਂ ਬਿਨਾਂ ਦੇਸ-ਵਿਦੇਸ਼ ਵਿੱਚ ਵਾਪਰਨ ਵਾਲੀਆਂ ਮਹਾਨ ਘਟਨਾਵਾਂ ਵੀ ਦਰਜ ਕਰਦਾ ਹਾਂ। ਪੁਸਤਕਾਂ ਆਦਿ ਪੜਨ ਸਮੇਂ ਮੈਨੂੰ ਕਿਸੇ ਮਹਾਂਪੁਰਸ਼ ਦਾ ਜਿਹੜਾ ਵਿਚਾਰ ਚੰਗਾ ਲੱਗਦਾ ਹੈ ਉਸ ਨੂੰ ਮੈਂ ਆਪਣੀ ਡਾਇਰੀ ਵਿੱਚ ਦਰਜ ਕਰ ਲੈਂਦਾ ਹਾਂ। ਮੈਂ ਸਕੂਲ ਨੂੰ ਫ਼ੀਸਾਂ ਆਦਿ ਦੇ ਰੂਪ ਵਿੱਚ ਜਿਹੜਾ ਭੁਗਤਾਨ ਕਰਦਾ ਹਾਂ ਉਸ ਦਾ ਪੂਰਾ ਵੇਰਵਾ ਵੀ ਆਪਣੀ ਡਾਇਰੀ ਵਿੱਚ ਲਿਖਦਾ ਹਾਂ। ਘਰ ਵਿੱਚ ਖ਼ਰੀਦੀਆਂ ਗਈਆਂ ਵਿਸ਼ੇਸ਼ ਚੀਜ਼ਾਂ ਦੇ ਬਿੱਲਾਂ ਨੂੰ ਮੈਂ ਪੂਰੇ ਵੇਰਵੇ ਸਹਿਤ ਡਾਇਰੀ ਵਿੱਚ ਦਰਜ ਕਰ ਲੈਂਦਾ ਹਾਂ। ਇਸੇ ਤਰ੍ਹਾਂ ਹੋਰ ਬਿੱਲਾਂ ਦੇ ਭੁਗਤਾਨ ਜਾਂ ਅਜਿਹੀ ਹੀ ਹੋਰ ਜਾਣਕਾਰੀ ਵੀ ਮੈਂ ਆਪਣੀ ਡਾਇਰੀ ਵਿੱਚ ਤਾਰੀਖ਼ਵਾਰ ਦਰਜ ਕਰਦਾ ਹਾਂ। ਮੇਰੀ ਡਾਇਰੀ ਦੇ ਅੰਤ ਵਿੱਚ ਸਭ ਰਿਸ਼ਤੇਦਾਰਾਂ ਦੇ ਪਤੇ ਅਤੇ ਟੈਲੀਫੂਨ ਨੰਬਰ ਆਦਿ ਵੀ ਲਿਖੇ ਹੋਏ ਹਨ ਜਿਨ੍ਹਾਂ ਦੀ ਅਕਸਰ ਲੋੜ ਪੈਂਦੀ ਰਹਿੰਦੀ ਹੈ। ਇਸ ਸੰਬੰਧ ਵਿੱਚ ਜਦੋਂ ਵੀ ਕੋਈ ਤਬਦੀਲੀ ਹੁੰਦੀ ਹੈ ਤਾਂ ਮੈਂ ਉਹ ਵੀ ਆਪਣੀ ਡਾਇਰੀ ਵਿੱਚ ਦਰਜ ਕਰ ਲੈਂਦਾ ਹਾਂ। ਇਸ ਤਰ੍ਹਾਂ ਮੇਰੀ ਡਾਇਰੀ ਮੇਰੇ ਲਈ ਗਿਆਨ ਦਾ ਇੱਕ ਸੋਮਾ ਹੈ। ਮੈਨੂੰ ਜਦ ਵੀ ਕਿਸੇ ਜਾਣਕਾਰੀ ਦੀ ਲੋੜ ਪੈਂਦੀ ਹੈ ਤਾਂ ਮੈਂ ਪਹਿਲਾਂ ਆਪਣੀ ਡਾਇਰੀ ਫੋਲਦਾ ਹਾਂ। ਸਾਨੂੰ ਸਾਰਿਆਂ ਨੂੰ ਡਾਇਰੀ ਲਿਖਣ ਦੀ ਇਹ ਆਦਤ ਪਾਉਣੀ ਚਾਹੀਦੀ ਹੈ।