ਮਨੁੱਖ ਅਤੇ ਪੰਛੀ 
Manukh Ate Panchi



ਸਾਡੇ ਜੀਵਨ ਵਿੱਚ ਪੰਛੀਆਂ ਦਾ ਵਿਸ਼ੇਸ਼ ਮਹੱਤਵ ਹੈ । ਇਹ ਪ੍ਰਕਿਰਤੀ ਦੀ ਸੁੰਦਰਤਾ ਵਿੱਚ ਵਾਧਾ ਕਰਦੇ ਹਨ। ਇਹ ਸੰਦਰਤਾ ਮਨੁੱਖ ਨੂੰ ਖ਼ੁਸ਼ੀ ਪ੍ਰਦਾਨ ਕਰਦੀ ਹੈ। ਅੰਬਾਂ ਤੇ ਬੈਠੀ ਕੋਇਲ ਦੀ ਮਿੱਠੀ ਅਵਾਜ਼ ਸਾਡੇ ਮਨ ਨੂੰ ਭਾਉਂਦੀ ਅਥਵਾ ਪ੍ਰਭਾਵਿਤ ਕਰਦੀ ਹੈ। ਕਾਲੇ ਬੱਦਲਾਂ ਨੂੰ ਦੇਖ ਕੇ ਪੈਲਾਂ ਪਾਉਂਦਾ ਮੋਰ ਸਾਨੂੰ ਖ਼ੁਸ਼ੀ ਪ੍ਰਦਾਨ ਕਰਦਾ ਹੈ। ਸਾਡੇ ਲੋਕ-ਗੀਤਾਂ ਵਿੱਚ ਵੀ ਕਈ ਪੰਛੀਆਂ ਦਾ ਜ਼ਿਕਰ ਆਇਆ ਹੈ। ਇਹਨਾਂ ਵਿੱਚ ਕਾਂ, ਕਬੂਤਰ, ਤਿੱਤਰ, ਮੋਰ, ਕੋਇਲ, ਤੋਤੇ ਅਤੇ ਕੁੰਜ ਆਦਿ ਵਰਣਨਯੋਗ ਹਨ। ਮੋਰ ਤਾਂ ਸਾਡਾ ਕੌਮੀ ਪੰਛੀ ਹੈ। ਸੁਨੇਹੇ ਭੇਜਣ ਅਤੇ ਲਿਆਉਣ ਦੇ ਪ੍ਰਸੰਗ ਵਿੱਚ ਲੋਕ-ਗੀਤਾਂ ਵਿੱਚ ਕਾਂ ਅਤੇ ਕਬੂਤਰ ਦਾ ਜ਼ਿਕਰ ਵਿਸ਼ੇਸ਼ ਮਹੱਤਵ ਰੱਖਦਾ ਹੈ। ਇੱਕ ਵੰਡ ਅਨੁਸਾਰ ਇਹਨਾਂ ਪੰਛੀਆਂ ਨੂੰ ਮਿੱਤਰ ਅਤੇ ਵੈਰੀ ਪੰਛੀਆਂ ਵਿੱਚ ਵੀ ਵੰਡਿਆ ਗਿਆ ਹੈ। ਇੱਲ ਜਿੱਥੇ ਮਰੇ ਹੋਏ ਜੀਵਾਂ ਨੂੰ ਖਾ ਕੇ ਵਾਤਾਵਰਨ ਨੂੰ ਹੋਰ ਦੂਸ਼ਿਤ ਹੋਣ ਤੋਂ ਬਚਾਉਂਦੀ ਹੈ ਉੱਥੇ ਸਾਡੇ ਕਈ ਮਿੱਤਰ ਪੰਛੀ ਉਹਨਾਂ ਕੀੜਿਆਂ ਆਦਿ ਨੂੰ ਖਾ ਜਾਂਦੇ ਹਨ ਜਿਹੜੇ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਦੂਸਰੇ ਪਾਸੇ ਕੁਝ ਪੰਛੀ ਆਪ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਤੋਤੇ ਤਾਂ ਫਲਾਂ ਨੂੰ ਟੱਕ-ਟੁੱਕ ਕੇ ਸੁੱਟ ਦਿੰਦੇ ਹਨ। ਕੁਝ ਵੀ ਕਿਉਂ ਨਾ ਹੋਵੇ ਇਹ ਪੰਛੀ ਪ੍ਰਕਿਰਤੀ ਦੀ ਸੁੰਦਰਤਾ ਦੇ ਪ੍ਰਤੀਕ ਹਨ। ਖੁੱਲ੍ਹੇ ਅਸਮਾਨ ਵਿੱਚ ਉਡਾਰੀਆਂ ਮਾਰਦੇ ਪੰਛੀ ਖੁੱਲ ਨੂੰ ਮਾਣਦੇ ਹਨ। ਪੰਛੀ ਆਮ ਤੌਰ 'ਤੇ ਦਰਖ਼ਤਾਂ 'ਤੇ ਆਪਣਾ ਘਰ (ਆਣਾ) ਬਣਾਉਂਦੇ ਹਨ। ਬਿਜੜੇ ਦਾ ਘਰ ਤਾਂ ਉਸ ਦੀ ਕਲਾਕਾਰੀ ਦਾ ਸੁੰਦਰ ਨਮੂਨਾ ਹੈ। ਨਿਰਸੰਦੇਹ ਪੰਛੀ ਸਾਡੇ ਜੀਵਨ ਵਿੱਚ ਰੰਗੀ ਪੈਦਾ ਕਰਦੇ ਹਨ। ਸਾਨੂੰ ਪੰਛੀਆਂ ਪ੍ਰਤੀ ਹਮਦਰਦੀ ਵਾਲਾ ਰਵੱਈਆ ਅਪਣਾਉਣਾ ਚਾਹੀਦਾ ਹੈ।