ਨੈਤਿਕ ਕਦਰਾਂ-ਕੀਮਤਾਂ
Naitik Kadra Kimta
ਆਦਰਸ਼ ਮਨੁੱਖੀ ਜੀਵਨ ਦਾ ਆਧਾਰ ਸਾਡੀਆਂ ਨੈਤਿਕ ਕਦਰਾਂ-ਕੀਮਤਾਂ (Ethical Values) ਹਨ। ਇਹ ਮਨੁੱਖੀ ਸਮਾਜ ਦੀਆਂ ਉਹ ਸਦਾਚਾਰਿਕ ਕੀਮਤਾਂ ਹਨ ਜੋ ਪਰਿਵਾਰ ਅਤੇ ਸਮਾਜ ਵਿੱਚ ਮਿਲਵਰਤਨ ਤੇ ਭਾਈਚਾਰੇ ਨੂੰ ਵਧਾਉਂਦੀਆਂ ਹਨ। ਪਰਿਵਾਰ ਸਮਾਜ ਦੀ ਇੱਕ ਮੁਢਲੀ ਮਹੱਤਵਪੂਰਨ ਇਕਾਈ ਹੈ ਅਤੇ ਹਰ ਪਰਿਵਾਰ ਦੇ ਮੈਂ ਵਿੱਚ ਪਿਆਰ, ਸਤਿਕਾਰ, ਹਮਦਰਦੀ ਅਤੇ ਮਿਲਵਰਤਨ ਵਰਗੀਆਂ ਨੈਤਿਕ ਕੀਮਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ । ਸਮਾਜ ਦੇ ਸਾਰੇ ਮੈਂਬਰ ਇਹਨਾਂ ਕੀਮਤਾਂ ਨੂੰ ਅਪਣਾਉਣ ਤਾਂ ਹੀ ਸਮਾਜ ਵਿੱਚ ਨੈਤਿਕ ਕਦਰਾਂ-ਕੀਮਤਾਂ ਪਵਲਿਤ ਹੋ ਸਕਣਗੀਆਂ। ਗੁਰਬਾਣੀ ਸਾਨੂੰ ਧਰਮ ਦੀ ਕਿਰਤ ਕਰਨ, ਕਾਮ, ਕ੍ਰੋਧ ਲੋਭ, ਮੋਹ, ਹੰਕਾਰ ਵਰਗੇ ਵਿਸ਼ੇ-ਵਿਕਾਰਾਂ ਤੋਂ ਰਹਿਣ ਅਤੇ ਵੰਡ ਕੇ ਛਕਣ ਦੀ ਸਿੱਖਿਆ ਦਿੰਦੀ ਹੈ। ਸਾਡੀਆਂ ਨੈਤਿਕ ਕਦਰਾਂ-ਕੀਮਤਾਂ ਦਾ ਸੰਬੰਧ ਵੀ ਇਸੇ ਤਰਾਂ ਸਿੱਖਿਆ ਨਾਲ ਹੈ। ਇਹ ਨੈਤਿਕ ਕੀਮਤਾਂ ਮਨੁੱਖ ਨੂੰ ਮਨੁੱਖ ਦੇ ਨਾਤੇ ਪਿਆਰ ਕਰਨ ਦੀ ਸਿੱਖਿਆ ਦਿੰਦੀਆਂ ਹਨ ਅਤੇ ਹੰਕਾਰ-ਮੁਕਤ ਅਥਵਾ ਨਿਮਰ ਹੋਣ ਦਾ ਰਾਹ ਦੱਸਦੀਆਂ ਹਨ। ਇਹਨਾਂ ਨੈਤਿਕ ਕੀਮਤਾਂ 'ਤੇ ਚੱਲਣ ਵਾਲਾ ਇਨਸਾਨ ਦੂਸਰੇ ਦਾ ਹੱਕ ਨਹੀਂ ਖੋਂਹਦਾ। ਉਹ ਦੁਸਰੇ ਨਾਲ ਕਿਸੇ ਤਰ੍ਹਾਂ ਦਾ ਧੱਕਾ ਵੀ ਨਹੀਂ ਕਰਦਾ ਸਗੋਂ ਉਹ ਦੂਸਰੇ ਦੇ ਦੁੱਖ ਨੂੰ ਆਪਣਾ ਦੁੱਖ ਸਮਝਦਾ ਹੈ ਅਤੇ ਹਰ ਤਰ੍ਹਾਂ ਨਾਲ ਉਸ ਦੀ ਮਦਦ ਕਰਦਾ ਹੈ। ਉਹ ਦੂਸਰਿਆਂ ਨੂੰ ਉਹੀ ਪਿਆਰ ਤੇ ਸਤਿਕਾਰ ਦਿੰਦਾ ਹੈ ਜਿਸ ਤਰ੍ਹਾਂ ਦੇ ਪਿਆਰ ਤੇ ਸਤਿਕਾਰ ਦੀ ਉਹ ਉਹਨਾਂ ਤੋਂ ਆਸ ਕਰਦਾ ਹੈ। ਉਸ ਦੇ ਮਨ ਵਿੱਚ ਦੁਸਰਿਆਂ ਲਈ ਕਿਸੇ ਤਰ੍ਹਾਂ ਦਾ ਸਾੜਾ, ਵੈਰ-ਵਿਰੋਧ ਅਤੇ ਭੇਦ-ਭਾਵ ਨਹੀਂ ਹੁੰਦਾ ਸਗੋਂ ਉਹ ਤਾਂ ਮਾਨਵਤਾ ਦਾ ਪੁਜਾਰੀ ਹੁੰਦਾ ਹੈ। ਸਾਨੂੰ ਸਾਰਿਆਂ ਨੂੰ ਅਜਿਹੀਆਂ ਨੈਤਿਕ ਕੀਮਤਾਂ ਅਪਣਾਉਣੀਆਂ ਚਾਹੀਦੀਆਂ ਹਨ ਤਾਂ ਹੀ ਸਾਡੇ ਸਮਾਜ ਵਿੱਚ ਪਿਆਰ ਤੇ ਸਤਿਕਾਰ ਦੀ ਭਾਵਨਾ ਪੈਦਾ ਹੋ ਸਕਦੀ ਹੈ ਅਤੇ ਸਮਾਜ ਤਰੱਕੀ ਕਰ ਸਕਦਾ ਹੈ।
0 Comments