ਰੇਡੀਓ
Radio
ਅਜੋਕੇ ਯੁੱਗ ਵਿੱਚ ਮਨੋਰੰਜਨ ਦੇ ਭਾਵੇਂ ਕਈ ਹੋਰ ਸਾਧਨ (ਸਿਨਮਾ, ਟੈਲੀਵਿਜ਼ਨ ਆਦਿ) ਹੋਂਦ ਵਿੱਚ ਆਏ ਹਨ ਪਰ ਫਿਰ ਵੀ ਰੇਡੀਓ ਦਾ ਮਹੱਤਵ ਅਤੇ ਇਸ ਦੀ ਸਾਰਥਿਕਤਾ ਬਣੀ ਹੋਈ ਹੈ। ਸਧਾਰਨ ਆਦਮੀ ਵੀ ਰੇਡੀਓ ਖ਼ਰੀਦ ਸਕਦਾ ਹੈ ਪਰ ਟੈਲੀਵਿਜ਼ਨ ਖ਼ਰੀਦਣਾ ਹਰ ਕਿਸੇ ਦੀ ਪਹੁੰਚ ਵਿੱਚ ਨਹੀਂ। ਰੇਡੀਓ ਦੀ ਪਹੁੰਚ ਘਰ ਦੀ ਚਾਰ-ਦਿਵਾਰੀ ਤੋਂ ਲੈ ਕੇ ਕਾਰਖ਼ਾਨਿਆਂ, ਹੋਟਲਾਂ, ਦਫ਼ਤਰਾਂ ਅਤੇ ਖੇਤਾਂ ਤੱਕ ਹੈ। ਜਿੱਥੇ ਬਿਜਲੀ ਨਹੀਂ ਉੱਥੇ ਸ਼ੁਕੀਨਾਂ ਨੇ ਬੈਟਰੀ ਵਾਲੇ ਰੇਡੀਓ ਲਾਏ ਹੋਏ ਹਨ। ਰੇਡੀਓ ਆਮ/ਸਧਾਰਨ ਲੋਕਾਂ ਦੇ ਮਨੋਰੰਜਨ ਅਤੇ ਗਿਆਨ-ਪ੍ਰਾਪਤੀ ਦਾ ਸਾਧਨ ਹੈ। ਰੇਡੀਓ ਰਾਹੀਂ ਲੋਕਾਂ ਨੂੰ ਉਹਨਾਂ ਦੇ ਹੱਕਾਂ ਅਤੇ ਫ਼ਰਜ਼ਾਂ ਤੋਂ ਜਾਣੂ ਕਰਵਾਇਆ ਜਾ ਸਕਦਾ ਹੈ। ਜਿਹੜੀ ਗੱਲ ਪੜ੍ਹ ਕੇ ਨਹੀਂ ਸਿੱਖੀ ਜਾ ਸਕਦੀ ਉਸ ਨੂੰ ਸੁਣ ਕੇ ਸਿੱਖਿਆ ਜਾ ਸਕਦਾ ਹੈ। ਰੇਡੀਓ ਜਿੱਥੇ ਮਨੋਰੰਜਨ ਦਾ ਸਾਧਨ ਹੈ ਉੱਥੇ ਨਾਲ ਹੀ ਇਹ ਸਾਨੂੰ ਦੇਸ਼-ਵਿਦੇਸ਼ ਦੀਆਂ ਖ਼ਬਰਾਂ ਅਤੇ ਨਿੱਤ ਵਾਪਰਨ ਵਾਲੀਆਂ ਘਟਨਾਵਾਂ ਤੋਂ ਵੀ ਜਾਣੂ ਕਰਾਉਂਦਾ ਹੈ। ਦੇਸ ਦੇ ਚੋਣਵੇਂ ਵਿਦਵਾਨ ਹਰ ਸਕੂਲ ਜਾਂ ਕਾਲਜ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਆਪਣੀ ਵਿਦਵਤਾ ਦਾ ਲਾਭ ਨਹੀਂ ਪਹੁੰਚਾ ਸਕਦੇ ਪਰ ਰੇਡੀਓ ਰਾਹੀਂ ਉਹਨਾਂ ਦੇ ਵਿਚਾਰ ਸਾਰੇ ਦੇਸ ਵਿੱਚ ਹੀ ਨਹੀਂ, ਸਾਰੀ ਦੁਨੀਆਂ ਵਿੱਚ ਸੁਣੇ ਜਾ ਸਕਦੇ ਹਨ। ਰੇਡੀਓ ਤੇ ਖੇਤੀਬਾੜੀ ਸੰਬੰਧੀ ਜਾਣਕਾਰੀ, ਮੌਸਮ ਦਾ ਹਾਲ ਅਤੇ ਖੇਡਾਂ ਸੰਬੰਧੀ ਪ੍ਰੋਗਰਾਮਾਂ ਦੇ ਨਾਲ-ਨਾਲ ਇਸਤਰੀਆਂ, ਬੱਚਿਆਂ ਅਤੇ ਯੁਵਕਾਂ ਲਈ ਵੀ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਹਨ। ਰੇਡੀਓ ਰਾਹੀਂ ਰਾਜਸੀ ਆਗੂਆਂ ਦੀ ਵਿਚਾਰਧਾਰਾ ਦਾ ਗਿਆਨ ਵੀ ਆਮ ਆਦਮੀ ਨੂੰ ਹੁੰਦਾ ਹੈ। ਗੱਲ ਕੀ, ਰੇਡੀਓ ਗਿਆਨ ਦਾ ਭੰਡਾਰ ਹੈ। ਰੇਡੀਓ ਰਾਹੀਂ ਅਸੀਂ ਵੱਖ-ਵੱਖ ਸੂਬਿਆਂ ਦੀਆਂ ਬੋਲੀਆਂ ਤੋਂ ਵੀ ਜਾਣੂ ਹੁੰਦੇ ਹਾਂ। ਜੇ ਪ੍ਰੋਗਰਾਮ ਹੋਰ ਸਿਆਣਪ ਨਾਲ ਬਣਾਏ ਜਾਣ ਤਾਂ ਰੇਡੀਓ ਬਹੁਤ ਲਾਭਦਾਇਕ ਹੋ ਸਕਦਾ ਹੈ। ਕੁਝ ਵਿਸ਼ੇਸ਼ ਕਾਰਨਾਂ ਕਰਕੇ ਅਜੇ ਵੀ ਰੇਡੀਓ ਦੀ ਸਾਰਥਿਕਤਾ ਬਣੀ ਹੋਈ ਹੈ।
0 Comments