ਵਾਤਾਵਰਨ ਦੀ ਸੰਭਾਲ 

Vatavaran Di Sambhal 


 

 ਵਾਤਾਵਰਨ ਉਸ ਆਲੇ-ਦੁਆਲੇ ਨੂੰ ਕਹਿੰਦੇ ਹਨ ਜਿਸ ਵਿੱਚ ਅਸੀਂ ਰਹਿੰਦੇ ਹਾਂ। ਅਸੀਂ ਜਾਣਦੇ ਹਾਂ ਕਿ ਜਿਸ ਵਾਤਾਵਰਨ ਵਿੱਚ ਅਸੀਂ ਸਾਹ ਲੈਂਦੇ ਹਾਂ ਉਹ ਹਵਾ ਹੀ ਸ਼ੁੱਧ ਨਹੀਂ ਹੈ। ਕਈ ਤਰ੍ਹਾਂ ਦੇ ਜ਼ਹਿਰੀਲੇ ਕਣਾਂ, ਜ਼ਹਿਰੀਲੀਆਂ ਗੈਸਾਂ, ਸਨਅਤੀ ਇਕਾਈਆਂ ਦੀਆਂ ਚਿਮਨੀਆਂ ਅਤੇ ਡੀਜ਼ਲ/ਪੈਟਰੋਲ ਨਾਲ ਚੱਲਣ ਵਾਲੇ ਵਾਹਨਾਂ ਦੇ ਧੂੰਏ, ਪ੍ਰਮਾਣ ਵਿਸਫੋਟਾਂ ਦੇ ਤਜਰਬਿਆਂ ਅਤੇ ਬਿਜਲੀ ਉਪਕਰਨਾਂ ਵਿੱਚੋਂ ਨਿਕਲਦੀਆਂ ਜ਼ਹਿਰੀਲੀਆਂ ਗੈਸਾਂ ਨੇ ਹਵਾ ਨੂੰ ਇੱਥੋਂ ਤੱਕ ਪ੍ਰਦੂਸ਼ਿਤ ਕਰ ਦਿੱਤਾ ਹੈ ਕਿ ਇਸ ਵਿੱਚ ਸਾਹ ਲੈਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ; ਜਿਵੇਂ ਦਮਾ, ਖੰਘ, ਕੈਂਸਰ ਆਦਿ ਦਾ ਖ਼ਤਰਾ ਬਣਿਆ ਰਹਿੰਦਾ ਹੈ। ਅਜਿਹਾ ਵਾਤਾਵਰਨ ਜੀਵ-ਜੰਤੂਆਂ ਲਈ ਵੀ ਬਹੁਤ ਨੁਕਸਾਨਦਾਇਕ ਹੈ। ਦੁਸਰੇ ਪਾਸੇ ਧਰਤੀ ਉਪਰਲਾ ਪਾਣੀ ਵੀ ਜ਼ਹਿਰੀਲਾ ਹੋ ਚੁੱਕਾ ਹੈ। ਸਨਅਤੀ ਇਕਾਈਆਂ ਵਿੱਚੋਂ ਨਿਕਲਦਾ ਜ਼ਹਿਰੀਲਾ ਪਾਣੀ ਅਤੇ ਸੀਵਰੇਜ ਦਾ ਗੰਦਮੰਦ ਨਹਿਰਾਂ ਅਤੇ ਨਦੀਆਂ ਵਿੱਚ ਸੁੱਟਿਆ ਜਾਂਦਾ ਹੈ ਜਿਸ ਕਾਰਨ ਇਹ ਪਾਣੀ ਫ਼ਸਲਾਂ ਅਤੇ ਪਸ਼ੂਆਂ ਲਈ ਨੁਕਸਾਨਦਾਇਕ ਸਾਬਤ ਹੁੰਦਾ ਹੈ। ਖੇਤੀ ਲਈ ਵਰਤੀਆਂ ਜਾਂਦੀਆਂ ਖਾਦਾਂ ਅਤੇ ਫ਼ਸਲਾਂ ਤੇ ਛਿੜਕਣ ਵਾਲੀਆਂ ਜ਼ਹਿਰੀਲੀਆਂ ਕੀਟਨਾਸ਼ਕ ਦਵਾਈਆਂ ਦਾ ਅਸਰ ਨਾ ਕੇਵਲ ਵਾਤਾਵਰਨ 'ਤੇ ਹੀ ਹੋ ਰਿਹਾ ਹੈ ਸਗੋਂ ਧਰਤੀ ਹੇਠਲੇ ਪਾਣੀ ਤੇ ਵੀ ਇਸ ਦਾ ਅਸਰ ਹੁੰਦਾ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵਾਤਾਵਰਨ ਦੀ ਸੰਭਾਲ ਕਿਵੇਂ ਕੀਤੀ ਜਾਵੇ ? ਸਭ ਤੋਂ ਜ਼ਰੂਰੀ ਇਹ ਹੈ ਕਿ ਧਰਤੀ ਉਪਰਲੇ ਦਰਖ਼ਤ ਨਾ ਕੱਟੇ ਜਾਣ ਜੋ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਵਿੱਚ ਮਦਦ ਕਰਦੇ ਹਨ।ਨਵੇਂ ਰੁੱਖ ਲਾਉਣੇ ਵੀ ਬਹੁਤ ਜ਼ਰੂਰੀ ਹਨ ਤਾਂ ਜੋ ਲੋੜ ਪੈਣ 'ਤੇ ਪੁਰਾਣੇ ਰੁੱਖਾਂ ਦੀ ਵਰਤੋਂ ਹੋ ਸਕੇ। ਅਬਾਦੀ ਵਿੱਚ ਲਗਾਤਾਰ ਹੋ ਰਹੇ ਵਾਧੇ ਤੇ ਰੋਕ ਲਾਉਣੀ ਹੋਰ ਵੀ ਜ਼ਰੂਰੀ ਹੈ। ਇਸ ਨਾਲ ਵਾਤਾਵਰਨ ਨੂੰ ਸੁਧਾਰਨ ਵਿੱਚ ਬਹੁਤ ਮਦਦ ਮਿਲ ਸਕਦੀ ਹੈ। ਹਵਾ ਤੇ ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲੇ ਉਰਜਾ-ਸਾਧਨਾਂ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਣੀ ਚਾਹੀਦੀ ਹੈ। ਸੂਰਜੀ ਊਰਜਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਥਾਂ ਆਰਗੈਨਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਹੋਣੀ ਚਾਹੀਦੀ ਹੈ। ਸਾਨੂੰ ਵਿਅਕਤੀਗਤ ਤੌਰ ਤੇ ਵੀ ਚਾਹੀਦਾ ਹੈ ਕਿ ਅਸੀਂ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਵਿੱਚ ਯੋਗਦਾਨ ਪਾਈਏ। ਜੇਕਰ ਅਸੀਂ ਪਹਿਲ ਦੇ ਆਧਾਰ ਤੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਇਸ ਵਾਤਾਵਰਨ ਵਿੱਚ ਸਾਡੇ ਲਈ ਜਿਉਣਾ ਹੀ ਔਖਾ ਹੋ ਜਾਏਗਾ।