ਇਨਾਮ-ਵੰਡ ਸਮਾਰੋਹ
Inam-Vand Samaroh
ਸਮਾਰੋਹ ਦੀ ਤਿਆਰੀ : ਪਿਛਲੇ ਸਾਲ ਸਾਡੇ ਸਕੂਲ ਦਾ ਇਨਾਮ ਵੰਡ ਸਮਾਰਹ 10 ਫਰਵਰੀ ਨੂੰ ਹੋਣਾ ਸੀ । ਸ: ਧਰਮ ਸਿੰਘ , ਜ਼ਿਲਾ ਸਿੱਖਿਆ ਅਫ਼ਸਰ ਨੂੰ ਇਸ ਸਮਾਰੋਹ ਦੀ ਪ੍ਰਧਾਨਗੀ ਤੇ ਇਨਾਮ ਵੰਡਣ ਲਈ ਬੇਨਤੀ ਕੀਤੀ ਗਈ। ਉਨ੍ਹਾਂ ਦੀ ਪ੍ਰਵਾਨਗੀ ਆਉਣ 'ਤੇ ਮੁੱਖ ਅਧਿਆਪਕ ਨੇ ਸਟਾਫ਼ ਦੀ ਸਲਾਹ ਨਾਲ ਇਨਾਮ-ਪ੍ਰਬੰਧ ਕਮੇਟੀ, ਪੰਡਾਲ ਕਮੇਟੀ, ਸਜਾਵਟ ਕਮੇਟੀ, ਚਾਹ ਪਾਰਟੀ ਕਮੇਟੀ, ਅਨੁਸ਼ਾਸਨ ਕਮੇਟੀ ਤੋਂ ਸੁਆਗਤੀ ਕਮੇਟੀ ਲਈ ਤਜਰਬੇਕਾਰ ਅਧਿਆਪਕ ਤੇ ਯੋਗ ਵਿਦਿਆਰਥੀ ਨਿਸ਼ਚਿਤ ਕੀਤੇ। ਸਕੂਲ ਦੀ ਸਾਲਾਨਾ ਰਿਪੋਰਟ ਲਿਖਣ, ਸੱਦਾ-ਪੱਤਰ ਛਪਵਾਉਣ ਤੇ ਸ਼ਹਿਰ ਦੇ ਪਤਵੰਤਿਆਂ ਵਿਚ ਵੰਡਵਾਉਣ ਦਾ ਕੰਮ ਉਨ੍ਹਾਂ ਆਪਣੇ ਜ਼ਿੰਮੇ ਲਿਆ।
ਕਮੇਟੀ ਵੱਲੋਂ ਇਨਾਮ ਖ਼ਰੀਦਣੇ : ਇਨਾਮ ਵੰਡ ਕਮੇਟੀ ਨੇ ਪ੍ਰੀਖਿਆ ਵਿਚ ਪ੍ਰਥਮ ਸਥਾਨ ਪ੍ਰਾਪਤ ਕਰਨ ਵਾਲਿਆਂ ਵਿਦਿਆਰਥੀਆਂ ਲਈ ਉਨ੍ਹਾਂ ਦੀ ਸ਼੍ਰੇਣੀ ਅਨੁਸਾਰ ਆਮ ਜਾਣਕਾਰੀ ਦੀਆਂ ਪੁਸਤਕਾਂ ’ਤੇ ਸ਼ਬਦ-ਕੋਸ਼, ਸੱਭਿਆਚਾਰਕ ਤੇ ਹੋਰ ਵਿਦਿਅਕ ਪ੍ਰੋਗਰਾਮਾਂ ਵਿਚ ਸਿਰਕੱਢ ਵਿਦਿਆਰਥੀਆਂ ਲਈ ਮੈਡਲ ਤੇ ਟਰਾਫ਼ੀਆਂ ਅਤੇ ਖੇਡਾਂ ਵਿਚ ਚੋਣਵੇਂ ਖਿਡਾਰੀਆਂ ਲਈ ਕੱਪ ਖ਼ਰੀਦੇ, ਉਨ੍ਹਾਂ ਨੂੰ ਸੁਹਣੇ ਤਰੀਕੇ ਨਾਲ, ਸੂਚੀ ਅਨੁਸਾਰ, ਪੰਡਾਲ ਵਿਚ ਰਾਖਵੇਂ ਰੱਖੇ ਗਏ ਇਨਾਮਮੇਜ਼ ਤੇ ਟਿਕਾਇਆ।
ਪੰਡਾਲ ਦਾ ਪ੍ਰਬੰਧ : ਪੰਡਾਲ ਕਮੇਟੀ ਨੇ ਪਹਿਲਾਂ ਮੁੱਖ ਮਹਿਮਾਨ ਲਈ ਉੱਚੀ ਸਟੇਜ ਬਣਵਾਈ। ਉਪਰੰਤ ਸ਼ਾਮਿਆਨਾ, 400 ਕੁਰਸੀਆਂ ਤੇ ਵਿਸ਼ੇਸ਼ ਮਹਿਮਾਨਾਂ ਲਈ ਦਸ ਸਫ਼ੇ ਸੈਂਟ ਮੰਗਵਾ ਕੇ ਪੰਡਾਲ ਨੂੰ ਹਰ ਲਿਹਾਜ਼ ਨਾਲ ਤਿਆਰ ਕੀਤਾ ਵਿਦਿਆਰਥੀਆਂ, ਇਨਾਮ ਜੇਤੂਆਂ, ਵਿਦਿਆਰਥੀਆਂ ਦੇ ਮਾਪਿਆਂ, ਪਤਵੰਤੇ ਸੱਜਣਾਂ, ਸਟਾਫ਼ ਤੇ ਮੁੱਖ ਮਹਿਮਾਨ ਆਦਿ ਲਈ ਥਾਉਂ-ਥਾਈਂ ਸੀਟਾਂ ਲਵਾਈਆਂ ਤੋਂ ਅਗਵਾਈ ਲਈ ਵਾਲੰਟੀਅਰ ਖੜ੍ਹੇ ਕੀਤੇ।
ਸਜਾਵਟ : ਸਜਾਵਟੀ ਕਮੇਟੀ ਨੇ ਮੁੱਖ ਗੇਟ ਤੋਂ ਪੰਡਾਲ ਤੱਕ ਰੰਗ-ਬਰੰਗੇ ਝੰਡੇ ਲਵਾਏ ਅਤੇ ਰਸਤੇ ਦੇ ਦੋਵਾਂ ਪਾਸਿਆਂ ਤੇ ਫੁੱਲਦਾਰ ਗਮਲੇ ਰਖਵਾਏ , ਸਾਰੇ ਪੰਡਾਲ ਨੂੰ ਝੰਡੀਆਂ ਤੇ ਗੁਲਦਸਤਿਆਂ ਨਾਲ ਸਜਾਇਆ; ਮੁੱਖ ਮਹਿਮਾਨ, ਮੁੱਖ ਅਧਿਆਪਕ ਤੇ ਪ੍ਰਧਾਨ ਪ੍ਰਬੰਧਕ ਕਮੇਟੀ ਦੀਆਂ ਕੁਰਸੀਆਂ ਤੇ ਵੱਡਾ ਮੇਜ਼ ਉੱਚੀ ਸਟੇਜ ਤੇ ਰਖਵਾਇਆ। ਇਸ ਸਟੇਜ ਨੂੰ ਚੰਗੀ ਤਰ੍ਹਾਂ ਸਜਾਇਆ; ਸਾਲਾਨਾ ਰਿਪੋਰਟ ਤੇ ਪ੍ਰੋਗਰਾਮ ਦੀਆਂ ਤਿੰਨ-ਤਿੰਨ ਕਾਪੀਆਂ, ਤਿੰਨ ਪਾਣੀ ਦੇ ਗਲਾਸ ਤੇ ਇੱਕ ਵੱਡਾ ਗੁਲਦਸਤਾ ਵੱਡੇ ਮੇਜ਼ 'ਤੇ ਰੱਖਿਆ।
ਚਾਹ ਪਾਰਟੀ ਦਾ ਪ੍ਰਬੰਧ : ਚਾਹ ਪਾਰਟੀ ਕਮੇਟੀ ਨੇ ਸਾਢੇ ਬਾਰਾਂ ਵਜੇ ਦਿੱਤੀ ਜਾ ਰਹੀ ਚਾਹ ਲਈ ਇੱਕ ਵੱਖਰਾ ਪੰਡਾਲ ਸਜਾਇਆ, ਚਾਹ ਤੇ ਖਾਣ-ਪੀਣ ਦੀਆਂ ਚੀਜ਼ਾਂ ਪਲੇਟਾਂ ਵਿਚ ਰਖਵਾਈਆਂ। ਅਨੁਸ਼ਾਸਨ ਕਮੇਟੀ ਨੇ ਕੁਝ ਤਜਰਬੇਕਾਰ ਅਧਿਆਪਕਾਂ ਤੇ ਵਾਲੰਟੀਅਰਾਂ ਨੂੰ ਅਨੁਸ਼ਾਸਨ ਰੱਖਣ ਲਈ ਨਿਯਤ ਕੀਤਾ। ਸੁਆਗਤੀ ਕਮੇਟੀ ਨੇ ਮੁੱਖ ਮਹਿਮਾਨ ਲਈ ਹਾਰ ਮੰਗਵਾ ਕੇ ਸਭ ਮੈਂਬਰਾਂ ਨੂੰ ਇੱਕ-ਇੱਕ ਹਾਰ ਦਿੱਤਾ।
ਮੁੱਖ ਮਹਿਮਾਨ ਦਾ ਸਵਾਗਤ : ਮੁੱਖ ਮਹਿਮਾਨ ਸਾਹਿਬ ਠੀਕ ਸਮੇਂ ਸਿਰ ਪੁੱਜ ਗਏ । ਮੁੱਖ ਅਧਿਆਪਕ, ਪ੍ਰਧਾਨ ਪ੍ਰਬੰਧਕ ਕਮੇਟੀ ਤੇ ਸੁਆਗਤੀ ਕਮੇਟੀ ਦੇ ਸਾਰਿਆਂ ਅਧਿਆਪਕਾਂ ਨੇ ਉਨ੍ਹਾਂ ਨੂੰ ਹਾਰ ਪਾ ਕੇ ਜੀ ਆਇਆਂ ਆਖਿਆ। ਮੁੱਖ ਅਧਿਆਪਕ ਨੇ ਉਨ੍ਹਾਂ ਦੀ ਸਟਾਫ਼ ਨਾਲ ਜਾਣ ਪਹਿਚਾਣ ਕਰਵਾਈ ਤੇ ਉਨ੍ਹਾਂ ਦੀ ਅਗਵਾਈ ਕਰ ਕੇ ਸਭਾਪਤੀ ਦੀ ਸੀਟ ਤੱਕ ਪਹੁੰਚਾਇਆ। ਜਦ ਉਨ੍ਹਾਂ ਪੰਡਾਲ ਵਿਚ ਪ੍ਰਵੇਸ਼ ਕੀਤਾ ਤਾਂ ਪੰਡਾਲ ਵਿਚ ਬੈਠੇ ਸਭ ਦਰਸ਼ਕ ਸਤਿਕਾਰ ਵਜੋਂ ਖੜ੍ਹੇ ਹੋ ਗਏ ਤੇ ਉਨ੍ਹਾਂ ਦੇ ਬੈਠਣ ਤੋਂ ਬਾਅਦ ਉੱਠ।
ਪ੍ਰੋਗਰਾਮ ਦਾ ਆਰੰਭ : ਪ੍ਰੋਗਰਾਮ 'ਜਨ ਗਨ ਮਨ' ਨਾਲ ਸ਼ੁਰੂ ਹੋਇਆ ਜਿਸ ਲਈ ਸਭ ਖੜੇ ਹੋਏ। ਉਪਰੰਤ ਪ੍ਰਧਾਨ ਪ੍ਰਬੰਧਕ ਕਮੇਟੀ ਨੇ ਜ਼ਿਲਾ ਸਿੱਖਿਆ ਅਫ਼ਸਰ ਨੂੰ ਪ੍ਰਬੰਧਕ ਕਮੇਟੀ, ਸਟਾਫ਼, ਵਿਦਿਆਰਥੀਆਂ 'ਤੇ ਸ਼ਹਿਰੀਆਂ ਵੱਲੋਂ ਜੀ ਆਇਆਂ ਆਖਿਆ ਅਤੇ ਵਿਦਿਅਕ ਖੇਤਰ ਵਿਚ ਉਨਾਂ ਦੀ ਦੇਣ 'ਤੇ ਚਾਨਣਾ ਪਾਇਆ। ਮੁੱਖ ਅਧਿਆਪਕ ਨੂੰ ਸਾਲਾਨਾ ਰਿਪੋਰਟ ਪੜਦਿਆਂ ਸਕੂਲ ਦੀਆਂ ਵਿਭਿੰਨ ਖੇਤਰਾਂ ਵਿਚ ਪ੍ਰਾਪਤੀਆਂ ਨੂੰ ਦ੍ਰਿਸ਼ਟੀਗੋਚਰ ਕੀਤਾ ਜਿਨ੍ਹਾਂ ਦਾ ਤਾੜੀਆਂ ਨਾਲ ਸਵਾਗਤ ਕੀਤਾ ਗਿਆ। ਉਨਾਂ ਕਈ ਇੱਕ ਲੋੜਾਂ-ਥੁੜਾਂ ਬਾਰੇ ਵੀ ਦੱਸਿਆ।
ਮੁੱਖ ਮਹਿਮਾਨ ਵੱਲੋਂ ਇਨਾਮਾਂ ਦੀ ਵੰਡ : ਜ਼ਿਲਾ ਸਿੱਖਿਆ ਅਫ਼ਸਰ ਨੇ ਇਨਾਮ ਵੰਡਦਿਆਂ ਹਰ ਵਿਦਿਆਰਥੀ ਨਾਲ ਹੱਥ ਮਿਲਾਇਆ ਤੇ ਉਨ੍ਹਾਂ ਨੂੰ ਥਾਪੜੀ ਦਿੱਤੀ। ਉਪਰੰਤ ਉਨਾਂ ਨੇ ਆਪਣੇ ਭਾਸ਼ਣ ਵਿਚ ਵਿਦਿਆਰਥੀ-ਜਗਤ ਨਾਲ ਆਪਣੇ ਨਿੱਜੀ ਅਨੁਭਵ ਸਾਂਝੇ ਕਰਦਿਆਂ ਦੋ-ਚਾਰ ਸਿੱਖਿਆਵਾਂ ਦਿੱਤੀਆਂ-ਇਕ , ਰੱਬ ਦੀ ਹੋਂਦ ਤੇ “ਉਸ ਦੀ ਸਰਬ-ਵਿਆਪਕਤਾ ਵਿਚ ਵਿਸ਼ਵਾਸ ਰੱਖੋ।ਦੂਜੇ, ਮਿਹਨਤ ਕਰੋ ਕਿਉਂਕਿ ਮਿਹਨਤ ਦਾ ਫ਼ਲ ਮਿਲ ਕੇ ਰਹਿਣਾ ਹੈ। ਤੀਜੇ, ਨਿਮਰਤਾ ਦਾ ਪੱਲਾ ਨਾ ਛੱਡ। ਚੌਥੇ, ਪਰਉਪਕਾਰ ਕਰੋ । ਪੰਜਵੇਂ, ਨਿਰੰਕਾਰ ਦਾ ਹਰ ਵੇਲੇ ਸ਼ੁਕਰ ਕਰੋ।
ਧੰਨਵਾਦੀ ਸ਼ਬਦ : ਮੁੱਖ ਅਧਿਆਪਕ ਨੇ ਮੁੱਖ ਮਹਿਮਾਨ, ਪ੍ਰਧਾਨ-ਪਬੰਧਕ ਕਮੇਟੀ, ਪਤਵੰਤੇ ਸੱਜਣਾਂ, ਵਿਭਿੰਨ ਇਨਾਮ-ਵੰਡ ਕਮੇਟੀਆਂ, ਅਧਿਆਪਕਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਇਨਾਮ ਜੇਤੂਆਂ, ਮਹਿਮਾਨਾਂ ਤੇ ਅਧਿਆਪਕਾਂ ਨੂੰ ਮੁੱਖ ਮਹਿਮਾਨ ਨਾਲ ਚਾਹ ਪਾਰਟੀ ਵਿਚ ਸ਼ਾਮਿਲ ਹੋਣ ਲਈ ਬੇਨਤੀ ਕੀਤੀ। ਅੰਤ ਵਿਚ ਵੰਦੇ ਮਾਤਰਮ' ਗੀਤ ਨਾਲ ਸਮਾਰੋਹ ਖ਼ਤਮ ਹੋਇਆ।
0 Comments