ਗੁਰੂ ਨਾਨਕ ਦੇਵ ਜੀ 
Guru Nanak Dev Ji


ਜਨਮ ਅਤੇ ਬਚਪਨ : ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ, 1469 ਈ ਨੂੰ ਰਾਇ ਭੋਇ ਦੀ ਤਲਵੰਡੀ, ਜ਼ਿਲ੍ਹਾ ਸ਼ੇਖੂਪੁਰਾ (ਨਨਕਾਣਾ ਸਾਹਿਬ-ਪਾਕਿਸਤਾਨ) ਵਿਚ ਮਹਿਤਾ ਕਾਲੂ ਦੇ ਘਰ ਹੋਇਆ । ਆਪ ਦੇ ਪਿਤਾ ਜੀ ਪਟਵਾਰੀ ਸਨ। ਆਪ ਮਾਪਿਆਂ ਦੇ ਇਕਲੌਤੇ ਬੇਟੇ ਸਨ। ਆਪ ਦੀ ਇੱਕੋ-ਇੱਕ ਭੈਣ ਬੇਬੇ ਨਾਨਕੀ ਸੀ ਜਿਹੜੀ ਆਪ ਨਾਲੋਂ ਪੰਜ ਸਾਲ ਵੱਡੀ ਸੀ।


ਸਮਕਾਲੀ ਸਥਿਤੀ : ਉਹ ਸਮਾਂ ਘੋਰ ਕਲਜੁਗ ਦਾ ਸੀ। ਧਰਮ ਪੰਖ ਲਾ ਕੇ ਉੱਡ ਗਿਆ ਸੀ। ਸਮਾਜ ਵਿਚ ਝੂਠ ਦਾ ਬੋਲਬਾਲਾ ਸੀ। ਆਮ ਲੋਕ ਅਤਿ ਦੀ ਗਰੀਬੀ ਵਿਚ ਦਿਨ-ਕਟੀ ਕਰ ਰਹੇ ਸਨ। ਰਾਜੇ ਅਨਿਆਈਂ ਹੋਏ ਬੈਠੇ ਸਨ। ਉਲਟੀ ਵਾੜ ਖੇਤ ਨੂੰ ਖਾ ਰਹੀ ਸੀ। ਮਾਨੋ ਸਾਰੀ ਧਰਤੀ ਦੁੱਖਾਂ-ਤਕਲੀਫ਼ਾਂ ਵਿਚ ਸੜ-ਬਲ ਰਹੀ ਸੀ।


ਵਿੱਦਿਆ : ਆਪ ਨੂੰ ਮੁਢਲੀ ਵਿੱਦਿਆ ਲਈ ਪੰਡਤ ਤੇ ਮੌਲਵੀ ਕੋਲ ਭੇਜਿਆ ਗਿਆ। ਦੋਵੇਂ ਆਪ ਦੀ ਅਦੁੱਤੀ ਲਿਆਕਤ ਤੋਂ ਬਹੁਤ ਪ੍ਰਭਾਵਿਤ ਹੋਏ । ਨੌਂ ਸਾਲ ਦੀ ਉਮਰ ਵਿਚ ਜਦ ਪੰਡਿਤ ਹਰਦਿਆਲ ਨੇ ਆਪ ਨੂੰ ਜਨੇਊ ਪਾਉਣਾ ਚਾਹਿਆ ਤਾਂ ਆਪ ਨੇ ਉਸ ਨੂੰ ਸੁੱਚਾ ਤੇ ਅਮਰ ਬਣਾਉਣ ਵਾਲਾ ਜਨੇਊ ਪਾਉਣ ਲਈ ਕਿਹਾ। ਇਹ ਵਜ਼ਨਦਾਰ ਗੱਲ ਸੁਣ ਕੇ ਉਸ ਦੇ ਕਪਾਟ ਖੁੱਲ੍ਹ ਗਏ। 


ਨਿੱਕੇ ਹੁੰਦਿਆਂ ਤੋਂ ਹੀ ਆਪ ਪਰਮਾਤਮਾ ਦੀ ਭਗਤੀ ਵਿਚ ਲੀਨ ਰਹਿੰਦੇ। ਆਪ ਦੀ ਭੈਣ ਬੇਬੇ ਨਾਨਕੀ ਤੇ ਸੁਲਤਾਨਪੁਰ ਲੋਧੀ ਦਾ ਹਾਕਮ ਰਾਏ ਬੁਲਾਰ ਆਪ ਨੂੰ ਰੱਬੀ  ਰੂਪ ਸਮਝਣ ਲੱਗ ਪਏ। ਆਪ ਵਿਚ ਗ਼ਰੀਬਾਂ ਤੇ ਦੁਖੀਆਂ ਲਈ ਅਥਾਹ ਪਿਆਰ ਭਰਿਆ ਪਿਆ ਸੀ।


ਮੱਝਾਂ ਚਾਰਨੀਆਂ : ਆਪ ਨੂੰ ਮੱਝਾਂ ਚਰਾਉਣ ਲਈ ਭੇਜਿਆ ਗਿਆ-ਮੱਝਾਂ ਚਰਦੀਆਂ ਰਹਿੰਦੀਆਂ, ਹਰੇ-ਭਰੇ ਖੇਤਾਂ ਵਿਚ ਵੀ ਮੂੰਹ ਮਾਰ ਲੈਂਦੀਆਂ ਪਰ ਆਪ ਨਾਮ ਵਿਚ ਮਸਤ ਬਿਛ ਦੀ ਛਾਂ ਹੇਠ ਪਏ ਰਹਿੰਦੇ। ਮਾਪੇ ਆਪ ਦੇ ਵੈਰਾਗ ਨੂੰ ਨਾ ਸਮਝ ਸਕੇ। ਉਨ੍ਹਾਂ ਵੈਦਾਂ ਕੋਲੋਂ ਦਵਾ-ਦਾਰੂ ਕਰਵਾਇਆ। ਰੋਗ ਆਤਮਿਕ (ਪ੍ਰਭੂ ਦੇ ਵਿਛੋੜੇ ਦਾ) ਸੀ, ਸਰੀਰਕ ਰੋਗ ਲਈ ਬਣੀ ਦਵਾਈ ਕਿਵੇਂ ਕਾਟ ਕਰਦੀ ?


ਵਿਆਹ : ਹਾਰ ਕੇ ਮਹਿਤਾ ਜੀ ਨੇ ਆਪ ਨੂੰ (ਮਾਤਾ ਸੁਲੱਖਣੀ ਨਾਲ ਵਿਆਹ ਦਿੱਤਾ। ਇਸ ਤਰ੍ਹਾਂ ਆਪ ਦੀ ਜ਼ਿੰਮੇਵਾਰੀ ਭਾਵੇਂ ਵਧ ਗਈ, ਪਰ ਆਪ ਵਿਚ ਦੁਨੀਆਂਦਾਰੀ ਨਾ ਆਈ।


ਸੱਚਾ ਸੌਦਾ : ਆਪ ਨੂੰ ਪਿਤਾ ਜੀ ਨੇ ਵੀਹ ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ। ਆਪ ਨੂੰ ਰਸਤੇ ਵਿਚ ਕਈ ਦਿਨਾਂ ਦੇ ਭੁੱਖੇ ਸਾਧੂ-ਸੰਤ ਮਿਲੇ। ਆਪ ਨੇ ਇਨ੍ਹਾਂ ਪੈਸਿਆਂ ਨਾਲ ਉਨ੍ਹਾਂ ਨੂੰ ਭੋਜਨ ਖਵਾ ਕੇ ਮਾਨੋ ਸੱਚਾ ਸੌਦਾ ਕਰ ਲਿਆ ਤੇ ਘਰ ਵਾਪਸ ਆ ਗਏ।


ਮੋਦੀਖ਼ਾਨੇ ਦੀ ਨੌਕਰੀ : ਵਪਾਰ ਵਿਚ ਵੀ ਸਫ਼ਲ ਨਾ ਹੁੰਦਾ ਵੇਖ ਕੇ ਭਾਈਆ ਜੈ ਰਾਮ ਜੀ ਨੇ ਆਪ ਨੂੰ ਸੁਲਤਾਨਪੁਰ ਲੋਧੀ ਦੇ ਨਵਾਬ ਦੌਲਤ ਖਾਂ ਲੋਧੀ ਦੇ ਮੋਦੀਖ਼ਾਨੇ ਵਿਚ  ਨੌਕਰ ਕਰਵਾ ਦਿੱਤਾ। ਇੱਥੇ ਆਪ ਤਨਖ਼ਾਹ ਨਾਲ ਘਰ ਦਾ ਗੁਜ਼ਾਰਾ ਕਰਦੇ , ਪਰ ਅਫ਼ੇ (ਅੰਨ ਦੀ ਕਟੌਤੀ) ਨੂੰ ਗੁਦਾਮ ਵਿਚ ਹੀ ਪਿਆ ਰਹਿਣ ਦਿੰਦੇ। ਨਾਮ ਦੀ ਲਗਨ ਵਿਚ ਕੋਈ ਫ਼ਰਕ ਨਾ ਪਿਆ, ਗਰੀਬ-ਗੁਰਬੇ ਦੀ ਅੰਨ-ਦਾਣੇ ਦੁਆਰਾ ਮਦਦ ਢਿੱਲੀ ਨਾ ਪਈ। ਨਵਾਬ ਕੋਲ ਦੋਖੀਆਂ ਨੇ ਸ਼ਿਕਾਇਤਾਂ ਲਾਈਆਂ ਕਿ ਨਾਨਕ ਅੰਨ ਲੁਟਾ ਰਿਹਾ ਹੈ, ਹਿਸਾਬ-ਕਿਤਾਬ ਕਰੋ। ਪੜਤਾਲ ਕੀਤੀ ਗਈ, ਹਿਸਾਬ ਪੂਰਾ ਨਿਕਲਿਆ।


ਵੇਈਂ ਵੇਸ਼ : ਇੱਥੇ ਆਪ ਨੇ 'ਵੇਈਂ ਨਦੀ ਵਿਚ ਇਸ਼ਨਾਨ ਲਈ ਚੁੱਭੀ ਮਾਰੀ; ਦੋ ਦਿਨ ਅਲੋਪ ਰਹੇ। ਤੀਜੇ ਦਿਨ ਸ਼ਹਿਰ ਦੀਆਂ ਮਸਾਣਾਂ ਵਿਚ ਬੈਠੇ ਵੇਖੇ ਗਏ । ਇੱਥੇ ਹੀ ਆਪ  ਨੇ ਪਹਿਲੀ ਵਾਰ ਮਨੁੱਖੀ ਏਕਤਾ ਦਾ ਨਾਅਰਾ ਲਾਉਂਦਿਆਂ ਕਿਹਾ :

ਨ ਕੋ ਹਿੰਦੂ ਨ ਮੁਸਲਮਾਨ॥

ਉਦਾਸੀਆਂ : ਸੁਲਤਾਨਪੁਰ ਲੋਧੀ ਤੋਂ ਹੀ ਆਪ ਨੇ ਚਾਰ ਉਦਾਸੀਆਂ ਭਾਵ ਯਾਤਰਾਵਾਂ ਸ਼ੁਰੂ ਕੀਤੀਆਂ। ਆਪ ਨੇ ਦੇਸ-ਪਰਦੇਸ ਜਾ ਕੇ ਧਾਰਮਿਕ ਆਗੂਆਂ, ਸਮਾਜ ਦੇ ਠੇਕੇਦਾਰਾਂ, ਹਕਮਤ ਦੇ ਰਾਖਿਆਂ ਨੂੰ ਖ਼ਰੀਆਂ ਖ਼ਰੀਆਂ ਤੇ ਖ਼ਵੀਆਂ ਖਰੂਆਂ ਸੁਣਾਈਆਂ। ਆਪ ਨਾਲ ਮੁਸਲਮਾਨ ਮਰਦਾਨਾ ਰਬਾਬੀ ਸੀ। ਆਪ ਮੌਕੇ ਅਨੁਸਾਰ ਬਾਣੀ ਰਚਦੇ ਗਾਉਂਦੇ ਤੇ ਮਰਦਾਨਾ ਰਬਾਬ ਵਜਾਉਂਦਾ। ਆਪ ਬਾਣੀ ਦੇ ਤੀਰਾਂ ਨਾਲ ਤਛਾਤ, ਵਹਿਮਾਂ ਭਰਮਾਂ, ਕਰਮ-ਕਾਂਡਾਂ ਤੇ ਮੂਰਤੀ ਪੂਜਾਂ ਦੇ ਵਿਰੁੱਧ ਪ੍ਰਚਾਰ ਕਰਦੇ, ਕੌਡੇ ਰਾਖਸ਼ਾਂ, ਸੱਜਣ ਠੱਗਾਂ, ਬਾਬਰਾਂ, ਮਲਕ ਭਾਰੀਆਂ ਤੇ ਵਲੀ ਕੰਧਾਰੀਆਂ ਵਰਗ ਪਾਪਿਆਂ ਦਾ ਹੰਕਾਰ ਦੂਰ ਕੀਤਾ। ਆਪ ਨੇ ਭਾਈ ਲਾਲ ਵਰਗੇ ਕਿਰਤੀਆਂ ਨੂੰ ਗਲ ਲਾਇਆ ਤੇ ਇਸਤਰੀਆਂ ਦਾ ਡਟ ਕੇ ਪੱਖ ਪੂਰਿਆ।

ਜਿੱਥੇ ਆਪ ਹਿੰਦੂਆਂ ਦੇ ਗੁਰੂ ਸਨ, ਉੱਥੇ ਮੁਸਲਮਾਨਾਂ ਦੇ ਪੀਰ ਸਨ। ਆਪ ਸਰਬ-ਸਾਂਝੇ ਧਰਮ (Cosmopolitan Religion) ਦੇ ਪ੍ਰਚਾਰਕ ਸਨ। ਆਪ ਦਾ ਧਰਮ ਦੈਵੀ ਗੁਣਾਂ ਨੂੰ ਅਮਲੀ ਰੂਪ ਦੇਣ 'ਤੇ ਆਧਾਰਿਤ ਹੈ। ਆਪ ਨੇ ਹਿੰਦੂਆਂ ਨੂੰ ਅਜਿਹੀ ਆਰਤੀ ਕਰਨ ਲਈ ਆਖਿਆ ਜਿਸ ਵਿਚ ਸਾਰੀ ਦੁਨੀਆਂ ਭਾਗੀ ਹੋਵੇ:


ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥ 

ਧੂਪੁ ਮਲਿਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ॥

(ਰਾਗ ਧਨਾਸਰੀ ਦੇ ਚਉਪਦੇ)


ਜੋਗੀਆਂ ਨੂੰ ਬਾਹਰਲੇ ਭੇਖ ਛੱਡ ਕੇ ਅੰਦਰ ਦੀ ਸਵੱਛਤਾ ਲਈ ਪ੍ਰੇਰਿਆ :

ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ॥

ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ॥ 

(ਜਪੁ ਜੀ।)


ਮੁਸਲਮਾਨਾਂ ਨੂੰ ਆਦਰਸ਼ਕ ਨਿਮਾਜ਼ੀ ਬਣਨ ਲਈ ਆਖਿਆ :

ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ॥ 

ਪਹਿਲਾ ਸਚੁ ਹਲਾਲੁ ਦੁਇ ਤੀਜਾ ਖੈਰ ਖੁਦਾਇ ॥ 

ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ ॥ 

ਕਰਣੀ ਕਲਮਾ ਆਖ ਕੈ ਤਾ ਮੁਸਲਮਾਣੁ ਸਦਾਇ ॥

(ਰਾਗੁ ਮਾਝਾ)


ਆਪ ਜੀ ਅਨੁਸਾਰ ਧਰਮ ਰਹਿਣੀ ਹੈ, ਸਿਰਫ਼ ਕਥਨੀ ਨਹੀਂ। ਆਪ ਦਾ ਸਗਲ-ਜਮਾਤੀ ਧਰਮ ਰੱਬ ਦੀ ਹੋਂਦ ਵਿਚ ਵਿਸ਼ਵਾਸ ਕਰਨਾ, “ਉਸ ਦਾ ਨਾਮ ਜਪਣਾ, ਕਿਰਤ ਕਰਨਾ ਤੇ ਵੰਡ ਛਕਣਾ ਸਿਖਾਉਂਦਾ ਹੈ। ਹਰ ਕੋਈ ਆਪਣੇ ਧਰਮ ਵਿਚ ਰਹਿ ਕੇ ਇਨ੍ਹਾਂ ਸੁਭ ਕਰਮਾਂ ਦੁਆਰਾ ਆਪ ਦੇ ਸਰਬ-ਸਾਂਝੇ ਧਰਮ ਦੇ ਮਾਰਗ ਤੇ ਚੱਲ ਸਕਦਾ ਹੈ।