ਬੱਚਤ
Bachat
ਆਪਣੇ ਭਵਿੱਖ ਨੂੰ ਸੁਖੀ ਬਣਾਉਣ ਲਈ ਇਹ ਜ਼ਰੂਰੀ ਹੈ ਕਿ ਮਨੁੱਖ ਆਪਣੀ ਆਮਦਨ ਨਾਲੋਂ ਘੱਟ ਖ਼ਰਚ ਕਰੇ। ਜੇਕਰ ਮਨੁੱਖ ਇਸ ਨਿਯਮ ਦੀ ਪਾਲਣਾ ਕਰਦਾ ਹੈ ਤਾਂ ਉਹ ਆਪਣੇ ਭਵਿੱਖ ਨੂੰ ਸੁਖੀ ਬਣਾ ਸਕਦਾ ਹੈ। ਜੀਵਨ ਵਿੱਚ ਕਈ ਮੁਸ਼ਕਲਾਂ ਦਾ ਹੱਲ ਪੈਸੇ ਨਾਲ ਹੀ ਸੰਭਵ ਹੁੰਦਾ ਹੈ ਅਤੇ ਬਿਨਾਂ ਪੈਸੇ ਤੋਂ ਜੀਵਨ ਦੁਖੀ ਹੋ ਜਾਂਦਾ ਹੈ। ਇਸ ਲਈ ਬੱਚਤ ਬਹੁਤ ਜ਼ਰੂਰੀ ਹੈ ਅਤੇ ਲੋੜ ਮੁਤਾਬਕ ਹੀ ਪੈਸਾ ਖ਼ਰਚ ਕਰਨਾ ਚਾਹੀਦਾ ਹੈ। ਸਾਨੂੰ ਆਪਣੀਆਂ ਬੇਲੋੜੀਆਂ ਇੱਛਾਵਾਂ 'ਤੇ ਕਾਬੂ ਪਾਉਣਾ ਚਾਹੀਦਾ ਹੈ। ਕੁਝ ਲੋਕ ਬੱਚਤ ਨੂੰ ਕੰਜੂਸੀ ਦਾ ਨਾਂ ਦਿੰਦੇ ਹਨ ਪਰ ਇਹ ਠੀਕ ਨਹੀਂ ਹੈ। ਕੰਜੂਸੀ ਜਿੱਥੇ ਮਨੁੱਖ ਦਾ ਔਗੁਣ ਹੈ ਉੱਥੇ ਬੱਚਤ ਇੱਕ ਗੁਣ ਹੈ। ਜੇਕਰ ਮਨੁੱਖ ਅਤੇ ਦੇਸ ਬੱਚਤ ਨਾ ਕਰੇ ਤਾਂ ਵੱਡੇ-ਵੱਡੇ ਕਾਰਖ਼ਾਨੇ, ਇਮਾਰਤਾਂ, ਪੁਲ, ਡੈਮ, ਆਦਿ ਹੋਂਦ ਵਿੱਚ ਨਾ ਆਉਣ। ਇਹ ਜ਼ਰੂਰੀ ਨਹੀਂ ਕਿ ਬੱਚਤ ਪੈਸੇ ਦੀ ਹੀ ਕੀਤੀ ਜਾਵੇ। ਬੱਚਤ ਹਰ ਉਸ ਚੀਜ਼ ਦੀ ਹੋ ਸਕਦੀ ਹੈ ਜੋ ਸਾਡੇ ਭਵਿੱਖ ਲਈ ਜ਼ਰੂਰੀ ਹੈ। ਸਾਨੂੰ ਪਾਣੀ, ਅੰਨ, ਪੈਟੋਲ, ਗੈਸ ਅਤੇ ਹੋਰ ਸੋਮਿਆਂ ਤੋਂ ਪ੍ਰਾਪਤ ਹੋਣ ਵਾਲੀਆਂ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀ ਬੱਚਤ ਕਰਨੀ ਚਾਹੀਦੀ ਹੈ। ਜੇਕਰ ਅਸੀਂ ਬੇਸਮਝੀ ਨਾਲ ਅਥਵਾ ਅੰਨ੍ਹੇਵਾਹ ਇਹਨਾਂ ਨੂੰ ਜਲਦੀ ਖ਼ਰਚ ਕਰ ਦਿਆਂਗੇ ਤਾਂ ਸਾਡੇ ਲਈ ਭਵਿੱਖ ਵਿੱਚ ਇਹਨਾਂ ਚੀਜ਼ਾਂ ਦਾ ਕਾਲ ਪੈ ਸਕਦਾ ਹੈ। ਸਰਕਾਰ ਇਸ ਲਈ ਹੀ ਅੰਨ ਦਾ ਭੰਡਾਰ ਸੁਰੱਖਿਅਤ ਰੱਖਦੀ ਹੈ। ਇਸੇ ਉਦੇਸ਼ ਲਈ ਸਾਨੂੰ ਪੈਸੇ ਦੀ ਬੱਚਤ ਕਰਨੀ ਚਾਹੀਦੀ ਹੈ। ਇਹ ਬੱਚਤ ਬੈਂਕ ਜਾਂ ਡਾਕਘਰ ਵਿੱਚ ਕੀਤੀ ਜਾ ਸਕਦੀ ਹੈ । ਹਰ ਮਹੀਨੇ ਸਾਨੂੰ ਆਪਣੀ ਆਮਦਨ ਵਿੱਚੋਂ ਕੁਝ ਨਾ ਕੁਝ ਜਮਾਂ ਕਰਾਉਂਦੇ ਰਹਿਣਾ ਚਾਹੀਦਾ ਹੈ। ਕਹਿੰਦੇ ਹਨ ਕਿ ਬੂੰਦ-ਬੂੰਦ ਨਾਲ ਘੜਾ ਭਰ ਜਾਂਦਾ ਹੈ। ਇਸ ਤਰ੍ਹਾਂ ਹੀ ਥੋੜੀ-ਥੋੜੀ ਕੀਤੀ ਗਈ ਬੱਚਤ ਇੱਕ ਚੰਗੇ ਵੱਡੇ ਰੂਪ ਵਿੱਚ ਜਮਾਂ ਹੋ ਜਾਂਦੀ ਹੈ ਜੋ ਲੋੜ ਪੈਣ 'ਤੇ ਕੰਮ ਆ ਸਕਦੀ ਹੈ। ਬੱਚਤ ਲਈ ਜ਼ਰੂਰੀ ਹੈ ਕਿ ਅਸੀਂ ਆਪਣਾ ਹਰ ਕੰਮ ਯੋਜਨਾਬੱਧ ਤਰੀਕੇ ਨਾਲ ਕਰੀਏ, ਆਮਦਨ ਅਨੁਸਾਰ , ਬਜਟ ਬਣਾਈਏ ਅਤੇ ਆਪਣੀਆਂ ਲੋੜਾਂ ਨੂੰ ਸੀਮਿਤ ਰੱਖੀਏ। ਇਸ ਤਰ੍ਹਾਂ ਅਸੀਂ ਆਪਣੀ ਆਮਦਨ ਵਿੱਚੋਂ ਕੁਝ ਨਾ ਕੁਝ ਬੱਚਤ ਕਰ ਸਕਦੇ ਹਾਂ। ਜੋ ਬੱਚਤ ਅਸੀਂ ਅੱਜ ਕਰਾਂਗੇ ਉਹ ਸਾਡੇ ਭਵਿੱਖ ਦੇ ਸੁੱਖਾਂ ਦਾ ਸਾਧਨ ਹੋਵੇਗੀ। ਇਸ ਲਈ ਆਓ ਇਹ ਪ੍ਰਣ ਕਰੀਏ ਕਿ “ਅਸੀਂ ਕਿਸੇ ਵੀ ਚੀਜ਼ ਦੀ ਬੇਲੋੜੀ ਵਰਤੋਂ ਨਹੀਂ ਕਰਾਂਗੇ।
0 Comments