ਇਲੈਕਟ੍ਰਾਨਿਕ ਮੀਡੀਆ
Electronic Media 


 

ਟੈਲੀਵਿਜ਼ਨ ਵਿਗਿਆਨ ਦੀਆਂ ਮਹੱਤਵਪੂਰਨ ਕਾਢਾਂ ਵਿੱਚੋਂ ਇੱਕ ਹੈ। ਇਹ ਕੇਵਲ ਮਨੋਰੰਜਨ ਦਾ ਹੀ ਸਾਧਨ ਨਹੀਂ ਸਗੋਂ ਸਾਡੇ ਗਿਆਨ ਵਿੱਚ ਵੀ ਵਾਧਾ ਕਰਦਾ ਹੈ। ਇਹ ਸੂਚਨਾਵਾਂ ਪ੍ਰਦਾਨ ਕਰਨ ਦਾ ਇੱਕ ਮਹੱਤਵਪੂਰਨ ਅਤੇ ਵੱਡਾ ਸੋਮਾ ਹੈ। ਟੈਲੀਵਿਜ਼ਨ-ਸਕਰੀਨ ਦੇ ਬਿਲਕੁਲ ਹੇਠਾਂ ਲਿਖਤੀ ਰੂਪ ਵਿੱਚ ਸ਼ਬਦਾਂ ਦੀ ਪੱਟੀ ਸੱਜੇ ਤੋਂ ਖੱਬੇ ਪਾਸੇ ਚੱਲਦੀ ਹੈ ਜਿਸ ਨੂੰ ਖ਼ਬਰ-ਪੱਟੀ ਦਾ ਨਾਂ ਦਿੱਤਾ ਜਾਂਦਾ ਹੈ। ਖ਼ਬਰ-ਪੱਟੀ ’ਤੇ ਮਹੱਤਵਪੂਰਨ ਅਤੇ ਪ੍ਰਮੁੱਖ ਖ਼ਬਰਾਂ ਹੀ ਦਿੱਤੀਆਂ ਜਾਂਦੀਆਂ ਹਨ। ਇਸ ਤਰ੍ਹਾਂ ਦਰਸ਼ਕ ਖ਼ਬਰ-ਪੱਟੀ ਨੂੰ ਦੇਖ ਕੇ ਕੁਝ ਮਿੰਟਾਂ ਵਿੱਚ ਹੀ ਪ੍ਰਮੁੱਖ ਖ਼ਬਰਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਖ਼ਬਰ-ਪੱਟੀ ’ਤੇ ਦਿੱਤੀਆਂ ਜਾਣ ਵਾਲੀਆਂ ਖ਼ਬਰਾਂ ਸਰਲ, ਸੰਖੇਪ ਅਤੇ ਸਪਸ਼ਟ ਹੋਣੀਆਂ ਚਾਹੀਦੀਆਂ ਹਨ।ਇਹਨਾਂ ਖ਼ਬਰਾਂ ਵਿੱਚ ਭਾਸ਼ਾ ਦੀ ਸ਼ੁੱਧਤਾ ਦਾ ਹੋਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਅਜਿਹਾ ਹੋਣਾ ਇਸ ਲਈ ਜ਼ਰੂਰੀ ਹੈ ਤਾਂ ਜੋ ਖ਼ਬਰ ਨੂੰ ਅਸਾਨੀ ਨਾਲ ਜਾਣਿਆਂ ਜਾ ਸਕੇ। ਕਈ ਚੈਨਲ ਖ਼ਬਰ-ਪੱਟੀ ’ਤੇ ਅੰਤਰ-ਰਾਸ਼ਟਰੀ, ਰਾਸ਼ਟਰੀ ਅਤੇ ਰਾਜਾਂ ਦੇ ਸਿਰਲੇਖ ਦੇ ਕੇ ਵੀ ਖ਼ਬਰਾਂ ਦਿੰਦੇ ਹਨ। ਵਪਾਰ ਸੰਬੰਧੀ ਖ਼ਬਰਾਂ ਦਾ ਅਲੱਗ ਸਿਰਲੇਖ ਵੀ ਹੋ ਸਕਦਾ ਹੈ। ਜਿਹੜੇ ਦਰਸ਼ਕ ਵਿਸਥਾਰ ਵਿੱਚ ਸਾਰੀਆਂ ਖ਼ਬਰਾਂ ਨਹੀਂ ਸੁਣ ਸਕਦੇ ਉਹ ਖ਼ਬਰ-ਪੱਟੀ ਰਾਹੀਂ ਦਿਨ ਭਰ ਦੀਆਂ ਮਹੱਤਵਪੂਰਨ ਖ਼ਬਰਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਟੈਲੀਵਿਜ਼ਨ-ਸਕਰੀਨ 'ਤੇ ਖ਼ਬਰ-ਪੱਟੀ ਦੇ ਚੱਲਣ ਦੀ ਰਫ਼ਤਾਰ ਏਨੀ ਕੁ ਹੋਣੀ ਚਾਹੀਦੀ ਹੈ ਤਾਂ ਜੋ ਦਰਸ਼ਕ ਇਸ ਨੂੰ ਅਸਾਨੀ ਨਾਲ ਪੜ ਸਕੇ ।ਕਈ ਚੈਨਲ ਵਿਗਿਆਪਨ ਸਮੇਂ ਖ਼ਬਰ-ਪੱਟੀ ਨੂੰ ਬੰਦ ਕਰ ਦਿੰਦੇ ਹਨ। ਕਈ ਵਾਰ ਖ਼ਬਰ-ਪੱਟੀ 'ਤੇ ਕੋਈ ਖ਼ਾਸ ਇਸ਼ਤਿਹਾਰ ਵੀ ਦੇਖਣ ਨੂੰ ਮਿਲਦਾ ਹੈ। ਖ਼ਬਰ-ਪੱਟੀ ਨੂੰ ਆਕਰਸ਼ਿਤ ਬਣਾਉਣ ਲਈ ਅੱਖਰਾਂ ਨੂੰ ਵੱਖ-ਵੱਖ ਰੰਗਾਂ ਵਿੱਚ ਵੀ ਦਿੱਤਾ ਜਾਂਦਾ ਹੈ। ਖ਼ਬਰ-ਪੱਟੀ ਤੇ ਖ਼ਾਸ ਮਹੱਤਵਪੂਰਨ ਖ਼ਬਰਾਂ ਹੀ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।