ਮੇਰੇ ਮਾਤਾ ਜੀ 

Mere Mata Ji

 


ਮੇਰੇ ਮਾਤਾ ਜੀ ਦਾ ਨਾਂ ਸ੍ਰੀਮਤੀ ਮਨਜੀਤ ਕੌਰ ਹੈ। ਉਹ ਇੱਕ ਸਕੂਲ-ਅਧਿਆਪਿਕਾ ਹਨ। ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, .................. ਵਿਖੇ ਪੜ੍ਹਾਉਂਦੇ ਹਨ।ਉਹਨਾਂ ਦੀ ਵਿੱਦਿਅਕ ਯੋਗਤਾ ਐੱਮ.ਏ., ਬੀ. ਐੱਡ. ਹੈ ਅਤੇ ਉਮਰ 45 ਸਾਲ ਹੈ। ਭਾਵੇਂ ਉਹਨਾਂ ਨੂੰ ਘਰ ਦਾ ਕੰਮ ਵੀ ਕਰਨਾ ਪੈਂਦਾ ਹੈ ਪਰ ਫਿਰ ਵੀ ਉਹ ਸਮੇਂ ਸਿਰ ਸਕੂਲ ਪਹੁੰਚਦੇ ਹਨ। ਉਹ ਵਿਦਿਆਰਥੀਆਂ ਨੂੰ ਮਿਹਨਤ ਨਾਲ ਪੜ੍ਹਾਉਂਦੇ ਹਨ ਅਤੇ ਉਹਨਾਂ ਨੂੰ ਬਹੁਤ ਪਿਆਰ ਕਰਦੇ ਹਨ। ਇਸੇ ਲਈ ਉਹ ਆਪਣੇ ਵਿਦਿਆਰਥੀਆਂ ਵਿੱਚ ਬਹੁਤ ਹਰਮਨ-ਪਿਆਰੇ ਹਨ।ਉਹਨਾਂ ਦੇ ਵਿਦਿਆਰਥੀ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਹਨ। ਉਹ ਆਪਣੇ ਵਿਦਿਆਰਥੀਆਂ ਨੂੰ ਹਮੇਸ਼ਾਂ ਮਿਹਨਤ ਅਤੇ ਇਮਾਨਦਾਰੀ ਦੀ ਸਿੱਖਿਆ ਦਿੰਦੇ ਹਨ। ਉਹ ਆਪ ਵੀ ਇਹਨਾਂ ਹੀ ਵਿਚਾਰਾਂ 'ਤੇ ਚੱਲਦੇ ਹਨ ਅਤੇ ਕਿਸੇ ਦਾ ਦਿਲ ਨਹੀਂ ਦੁਖਾਉਂਦੇ। ਮੇਰੇ ਮਾਤਾ ਜੀ ਧਾਰਮਿਕ ਰੁਚੀਆਂ ਵਾਲੇ ਹਨ ਅਤੇ ਸਵੇਰੇ ਸ਼ਾਮ ਪ੍ਰਭੂ ਦਾ ਸਿਮਰਨ ਕਰਦੇ ਹਨ। ਵਿਹਲੇ ਸਮੇਂ ਵਿੱਚ ਉਹ ਨਿੰਦਿਆ-ਚੁਗਲੀ ਕਰਨ ਅਤੇ ਗੱਪਾਂ ਮਾਰਨ ਦੀ ਥਾਂ ਕੋਈ ਪੁਸਤਕ ਜਾਂ ਰਸਾਲਾ ਪੜਦੇ ਹਨ ਤੇ ਜਾਂ ਫਿਰ ਟੈਲੀਵਿਜ਼ਨ 'ਤੇ ਕੋਈ ਚੰਗਾ ਪ੍ਰੋਗਰਾਮ ਆ ਰਿਹਾ ਹੋਵੇ ਤਾਂ ਉਹ ਦੇਖਦੇ ਹਨ। ਉਹ ਆਪਣਾ ਹਰ ਕੰਮ ਸਮੇਂ ਸਿਰ ਕਰਦੇ ਹਨ ਪਰ ਉਹਨਾਂ ਦਾ ਦਿਖਾਵੇ ਵਿੱਚ ਬਿਲਕੁਲ ਵਿਸ਼ਵਾਸ ਨਹੀਂ।ਉਹ ਸਾਦਾ ਰਹਿੰਦੇ ਹਨ ਅਤੇ ਨਿਮਰਤਾ ਵਿੱਚ ਵਿਸ਼ਵਾਸ ਰੱਖਦੇ ਹਨ। ਉਹ ਆਪਣੇ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨਾਲ ਬਹੁਤ ਚੰਗਾ ਵਿਹਾਰ ਕਰਦੇ ਹਨ। ਘਰ ਵਿੱਚ ਉਹ ਸਾਨੂੰ ਸਭ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਸਾਡੀਆਂ ਲੋੜਾਂ ਦਾ ਪੂਰਾ ਖ਼ਿਆਲ ਰੱਖਦੇ ਹਨ। ਉਹ ਪਿਤਾ ਜੀ ਦਾ ਵੀ ਪੂਰਾ ਖ਼ਿਆਲ ਰੱਖਦੇ ਹਨ ਅਤੇ ਉਹਨਾਂ ਦਾ ਪੂਰਾ ਸਤਿਕਾਰ ਕਰਦੇ ਹਨ। ਮੈਨੂੰ ਆਪਣੇ ਮਾਤਾ ਜੀ ਤੇ ਮਾਣ ਹੈ। ਪਰਮਾਤਮਾ ਉਹਨਾਂ ਦੀ ਉਮਰ ਲੰਮੀ ਕਰੇ।