ਜਾਦੂ ਦਾ ਖੇਲ 
Jadu Da Khel 



ਜਾਦੂ ਦਾ ਖੇਲ ਵੀ ਆਪਣੇ ਆਪ ਵਿੱਚ ਬਹੁਤ ਦਿਲਚਸਪ ਹੁੰਦਾ ਹੈ। ਜਾਦੂ ਦਾ ਭਾਵ ਹੈ ਹੋਣੀ ਨੂੰ ਅਣਹੋਣੀ ਅਤੇ ਅਣਹੋਣੀ ਨੂੰ ਹੋਣੀ ਬਣਾ ਦੇਣਾ। ਪਰ ਅੱਜ ਦੇ ਯੁੱਗ ਵਿੱਚ ਜਾਦੂ ਸ਼ਬਦ ਦਾ ਅਰਥ ਹੱਥ ਦੀ ਸਫ਼ਾਈ ਅਤੇ ਨਜ਼ਰ-ਬੰਦੀ ਤੱਕ ਹੀ ਸੀਮਿਤ ਰਹਿ ਗਿਆ ਹੈ। ਪਿਛਲੇ ਦਿਨੀਂ ਸਾਡੇ ਸਕੂਲ ਵਿੱਚ ਇੱਕ ਜਾਦੂਗਰ ਜਾਦੂ ਦਾ ਖੇਲ ਦਿਖਾਉਣ ਲਈ ਆਇਆ। ਉਸ ਦਾ ਪਹਿਰਾਵਾ ਅਜੀਬ ਜਿਹਾ ਸੀ। ਉਸ ਨੇ ਗਲ ਵਿੱਚ ਕਾਲਾ ਕੋਟ ਅਤੇ ਸਿਰ 'ਤੇ ਕਾਲਾ ਲੰਮਾ ਟੋਪ ਪਾਇਆ ਹੋਇਆ ਸੀ। ਸਾਰੇ ਬੱਚੇ ਅਤੇ ਅਧਿਆਪਕ ਇੱਕ ਵੱਡੇ ਹਾਲ ਕਮਰੇ ਵਿੱਚ ਇਕੱਠੇ ਹੋਏ ਸਨ। ਸਭ ਤੋਂ ਪਹਿਲਾਂ ਜਾਦਗਰ ਨੇ ਆਪਣਾ ਹੱਥ ਹਵਾ ਵਿੱਚ ਹਿਲਾ ਕੇ ਇੱਕ ਸੋਟੀ ਕੱਢੀ। ਸਾਰਿਆਂ ਨੇ ਖ਼ੁਸ਼ੀ ਨਾਲ ਤਾੜੀਆਂ ਵਜਾਈਆਂ। ਸਾਰੇ ਹੈਰਾਨ ਸਨ ਕਿ ਇਹ ਸੋਟੀ ਕਿਥੋਂ ਆ ਗਈ। ਜਾਦੂਗਰ ਦਾ ਹਰ ਖੇਲ ਹੈਰਾਨ ਕਰਨ ਵਾਲਾ ਸੀ। ਉਸ ਨੇ ਇੱਕ ਖ਼ਾਲੀ ਡੱਬੇ ਉੱਤੇ ਸੋਟੀ ਘੁਮਾ ਕੇ ਅਤੇ ਫੂਕਾਂ ਮਾਰ ਕੇ ਉਸ ਵਿੱਚੋਂ ਫੁੱਲਾਂ ਦਾ ਗੁਲਦਸਤਾ ਕੱਢਿਆ ਅਤੇ ਸਾਡੇ ਸਕੂਲ ਦੇ ਹੈਡਮਾਸਟਰ ਸਾਹਿਬ ਨੂੰ ਭੇਂਟ ਕੀਤਾ। ਜਾਦੂਗਰ ਨੇ ਹੈਰਾਨ ਕਰਨ ਵਾਲੇ ਖੇਲੁ ਦਿਖਾ ਕੇ ਕਾਫ਼ੀ ਵਾਹ-ਵਾਹ ਪ੍ਰਾਪਤ ਕੀਤੀ। ਉਸ ਨੇ ਕੁਝ ਖ਼ਤਰਨਾਕ ਖੇਲ਼ ਵੀ ਦਿਖਾਏ। ਉਸ ਨੇ ਗਲੇ ਨਾਲ ਲੋਹੇ ਦੀ ਸਲਾਖ ਮੋੜ ਕੇ ਦਿਖਾਈ ਅਤੇ ਅੱਖਾਂ ਬੰਨ ਕੇ ਮੋਟਰ-ਸਾਈਕਲ ਚਲਾ ਕੇ ਦਿਖਾਇਆ। ਇਹਨਾਂ ਖ਼ਤਰਨਾਕ ਖੇਲ੍ਹਾਂ ਨੂੰ ਦੇਖ ਕੇ ਸਾਰਿਆਂ ਨੇ ਖੁਸ਼ੀ ਨਾਲ ਜ਼ੋਰ ਦੀ ਤਾੜੀਆਂ ਮਾਰੀਆਂ। ਅੰਤ ਵਿੱਚ ਸਾਡੇ ਹੈਡਮਾਸਟਰ ਸਾਹਿਬ ਨੇ ਜਾਦੂਗਰ ਦਾ ਧੰਨਵਾਦ ਕੀਤਾ ਅਤੇ ਉਸ ਦੀ ਪ੍ਰਸ਼ੰਸਾ ਕੀਤੀ।ਹਰ ਕੋਈ ਜਾਦੂਗਰ ਦੇ ਖੇਲ ਦੀ ਚਰਚਾ ਕਰ ਰਿਹਾ ਸੀ ਅਤੇ ਉਸ ਦੇ ਕਮਾਲ ’ਤੇ ਹੈਰਾਨ ਸੀ।