ਅਪਾਹਜ ਅਤੇ ਸਮਾਜ 
Apahij Ate Samaj



ਸਰੀਰਿਕ ਪੱਖੋਂ ਅਪੰਗ ਜਾਂ ਅੰਗਹੀਣ ਵਿਅਕਤੀ ਅਪਾਹਜ ਅਖਵਾਉਂਦਾ ਹੈ। ਮਨੁੱਖ ਦੀ ਇਹ ਸਥਿਤੀ ਜਮਾਂਦਰੂ ਵੀ ਹੋ ਸਕਦੀ ਹੈ ਅਤੇ ਬਾਅਦ ਵਿੱਚ ਵੀ ਕਿਸੇ ਕਾਰਨ ਕਰਕੇ ਮਨੁੱਖ ਅਪਾਹਜ ਹੋ ਸਕਦਾ ਹੈ। ਜੇਕਰ ਸਮਾਜ ਇਹਨਾਂ ਲੋਕਾਂ ਪ੍ਰਤੀ ਆਪਣੇ ਫ਼ਰਜ਼ਾਂ ਦੀ ਪਹਿਚਾਣ ਨਾ ਕਰੇ ਅਤੇ ਇਹਨਾਂ ਨੂੰ ਪਿਆਰ ਨਾ ਦਿੱਤਾ ਜਾਵੇ ਤਾਂ ਇਹ ਅਪਾਹਜ ਲੋਕ ਆਪਣੇ ਆਪ ਨੂੰ ਸਮਾਜ ਤੇ ਵਾਧੂ ਭਾਰ ਸਮਝਣ ਲੱਗ ਪੈਂਦੇ ਹਨ। ਪਰ ਯਤਨ ਕੀਤਾ ਜਾਣਾ ਚਾਹੀਦਾ ਹੈ ਕਿ ਇਹਨਾਂ ਲੋਕਾਂ ਦੇ ਦਿਲਾਂ ਵਿੱਚ ਅਜਿਹੇ ਵਿਚਾਰ ਪੈਦਾ ਨਾ ਹੋਣ। ਲੋੜ ਇਸ ਗੱਲ ਦੀ ਹੈ ਕਿ ਇਹਨਾਂ ਲੋਕਾਂ ਨੂੰ ਸਮਾਜ ਦਾ ਬਰਾਬਰ ਦਾ ਅੰਗ ਸਮਝਿਆ ਜਾਵੇ ਅਤੇ ਇਹਨਾਂ ਨੂੰ ਸਮਾਜ ’ਤੇ ਭਾਰ ਨਾ ਬਣਨ ਦਿੱਤਾ ਜਾਵੇ। ਸਰਕਾਰ ਵੱਲੋਂ ਇਸ ਪਾਸੇ ਯਤਨ ਹੋਏ ਹਨ। ਅਪਾਹਜਾਂ ਲਈ ਆਸ਼ਰਮ ਖੋਲ੍ਹੇ ਗਏ ਹਨ। ਉਹਨਾਂ ਨੂੰ ਲੱਤਾਂ, ਬਾਹਾਂ, ਵਰਗੇ ਬਨਾਉਟੀ ਅੰਗ ਵੀ ਪ੍ਰਦਾਨ ਕੀਤੇ ਗਏ ਹਨ। ਉਹਨਾਂ ਨੂੰ ਪੜ੍ਹਾਇਆ ਜਾਂਦਾ ਹੈ ਅਤੇ ਉਹਨਾਂ ਦੀ ਸਮੱਰਥਾ ਅਨੁਸਾਰ ਉਹਨਾਂ ਨੂੰ ਕਈ ਕੰਮ ਸਿਖਾਏ ਜਾਂਦੇ ਹਨ ਤਾਂ ਜੋ ਉਹ ਆਰਥਿਕ ਪੱਖੋਂ ਵੀ ਬੇਫ਼ਿਕਰ ਹੋ ਸਕਣ। ਜੋਤਹੀਣਾਂ ਨੂੰ ਅੱਖਾਂ ਦੀ ਜੋਤ ਦੇਣ ਦੇ ਉਪਰਾਲੇ ਹੋ ਰਹੇ ਹਨ।ਉਹਨਾਂ ਦੀ ਪੜਾਈ ਦੀ ਵੱਖਰੀ ਵਿਧੀ ਲੱਭੀ ਗਈ ਹੈ। ਪਰ ਅਜੇ ਵੀ ਇਸ ਖੇਤਰ ਵਿੱਚ ਬਹੁਤ ਕੁਝ ਕਰਨ ਦੀ ਲੋੜ ਹੈ। ਅਜਿਹੇ ਲੋਕ ਸਾਡੇ ਰਹਿਮ ਅਤੇ ਤਰਸ ਦੇ ਪਾਤਰ ਨਹੀਂ ਬਣਨੇ ਚਾਹੀਦੇ ਸਗੋਂ ਉਹਨਾਂ ਵਿੱਚ ਆਤਮ-ਵਿਸ਼ਵਾਸ ਅਤੇ ਆਤਮਨਿਰਭਰਤਾ ਪੈਦਾ ਕਰਨ ਦੀ ਲੋੜ ਹੈ। ਲੋੜ ਅਨੁਸਾਰ ਉਹਨਾਂ ਦੀ ਸ਼ਕਤੀ ਨੂੰ ਵੀ ਵੱਖ-ਵੱਖ ਖੇਤਰਾਂ ਵਿੱਚ ਵਰਤਿਆ ਜਾਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਆਪ ਨੂੰ ਸਮਾਜ ਦਾ ਬੇਕਾਰ ਅੰਗ ਨਾ ਸਮਝਣ ਸਗੋਂ ਇਹ ਮਹਿਸੂਸ ਕਰਨ ਕਿ ਉਹ ਵੀ ਸਮਾਜ ਦੇ ਨਿਰਮਾਣ ਵਿੱਚ ਆਪਣਾ ਹਿੱਸਾ ਪਾ ਰਹੇ ਹਨ। ਸਾਡੇ ਸਮਾਜ ਨੂੰ ਚਾਹੀਦਾ ਹੈ ਕਿ ਇਹਨਾਂ ਲੋਕਾਂ ਨੂੰ ਨਕਾਰਨ ਦੀ ਥਾਂ ਇਹਨਾਂ ਲਈ ਇੱਜ਼ਤ ਵਾਲਾ ਰਵੱਈਆ ਅਪਣਾਏ।