ਮੇਰਾ ਜੀਵਨ-ਉਦੇਸ਼
Mera Jeevan Uddeshya
ਹਰ ਮਨੁੱਖ ਆਪਣੀਆਂ ਰੁਚੀਆਂ ਮੁਤਾਬਕ ਆਪਣੇ ਜੀਵਨ ਦਾ ਉਦੇਸ਼ ਨਿਸ਼ਚਿਤ ਕਰਦਾ ਹੈ। ਕੋਈ ਵਪਾਰੀ ਬਣਨਾ ਚਾਹੁੰਦਾ ਹੈ, ਕੋਈ ਇੰਜਨੀਅਰ ਅਤੇ ਕੋਈ ਡਾਕਟਰ ਬਣ ਕੇ ਘਰ ਭਰਨ ਬਾਰੇ ਸੋਚਦਾ ਹੈ। ਮੇਰਾ ਜੀਵਨ-ਉਦੇਸ਼ ਸਮਾਜਸੇਵਕ ਬਣਨ ਦਾ ਹੈ। ਮੈਂ ਦੇਖਿਆ ਹੈ ਕਿ ਇਹ ਅਜਿਹਾ ਉਦੇਸ਼ ਹੈ ਜਿਸ ਵਿੱਚ ਮਨੁੱਖ ਆਪਣੇ ਲਈ ਨਹੀਂ ਸਗੋਂ ਦੂਜਿਆਂ ਲਈ ਜਿਉਂਦਾ ਹੈ। ਜੇਕਰ ਸਮਾਜ ਖ਼ੁਸ਼ਹਾਲ ਹੋਵੇਗਾ ਤਾਂ ਹੀ ਅਸੀਂ ਸਾਰੇ ਸੁਖੀ ਹੋਵਾਂਗੇ। ਪਰ ਜੇਕਰ ਸਮਾਜ ਬੁਰਾਈਆਂ ਦਾ ਸ਼ਿਕਾਰ ਹੋਵੇਗਾ ਤਾਂ ਅਸੀਂ ਖ਼ੁਸ਼ਹਾਲ ਨਹੀਂ ਹੋ ਸਕਦੇ। ਇਸ ਲਈ ਮੈਂ ਚਾਹੁੰਦਾ ਹਾਂ ਕਿ ਮੈਂ ਸਮਾਜ ਦੀ ਅਜੋਕੀ ਹਾਲਤ ਨੂੰ ਬਦਲਣ ਦੀ ਕੋਸ਼ਸ ਕਰਾਂ ਅਤੇ ਸਮਾਜ ਵਿੱਚ ਜਾਗ੍ਰਿਤੀ ਪੈਦਾ ਕਰ ਕੇ ਇੱਕ ਅਜਿਹਾ ਵਰਗ ਪੈਦਾ ਕਰਾਂ ਜੋ ਦੂਜਿਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਤਤਪਰ ਹੋਵੇ। ਮਨੁੱਖ ਪੈਸੇ ਪਿੱਛੇ ਪਾਗਲ ਹੋਇਆ ਫਿਰਦਾ ਹੈ। ਪਰ ਸੁਆਰਥ ਲਈ ਕੀਤਾ ਕੰਮ ਸਿਰਫ਼ ਇੱਕੋ ਮਨੁੱਖ ਨੂੰ ਹੀ ਲਾਭ ਪਹੁੰਚਾਉਂਦਾ ਹੈ। ਸੁਆਰਥੀ ਇਸ ਸਮਾਜ ਵਿੱਚ ਚੰਗਾ ਨਾਮਨਾ ਨਹੀਂ ਖੱਟਦਾ। ਨਿਰਸੁਆਰਥ ਸੇਵਾ ਨਾਲ ਹੀ ਅਸੀਂ ਸਮਾਜ ਨੂੰ ਲਾਭ ਪਹੁੰਚਾ ਕੇ ਉਸ ਲਈ ਆਪਣੇ ਫ਼ਰਜ਼ ਨਿਭਾ ਸਕਦੇ ਹਾਂ। ਅਜਿਹਾ ਨਹੀਂ ਕਿ ਸਾਡੇ ਦੇਸ਼ ਵਿੱਚ ਅੱਗੇ ਸਮਾਜ ਸੇਵਕ ਨਹੀਂ ਹਨ। ਮੈਂ ਕਈ ਸਮਾਜ-ਸੇਵਕਾਂ ਦੇ ਆਦਰਸ਼ ਜੀਵਨ ਨੂੰ ਦੇਖਿਆ ਹੈ ਅਤੇ ਉਹਨਾਂ ਦੇ ਹੀ ਉੱਚੇ ਤੇ ਸੱਚੇ ਇਰਾਦਿਆਂ ਤੋਂ ਪ੍ਰੇਰਿਤ ਹੋਇਆ । ਇਸੇ ਲਈ ਮੈਂ ਚਾਹੁੰਦਾ ਹਾਂ ਕਿ ਮੈਂ ਸਮਾਜ ਦੀ ਸੇਵਾ ਕਰਾਂ ਅਥਵਾ ਮਨੁੱਖੀ ਜੀਵਨ ਨੂੰ ਸੁਖੀ ਬਣਾਉਣ ਵਿੱਚ ਆਪਣਾ ਯੋਗਦਾਨ ਪਾਵਾਂ।
0 Comments