ਬੇਰੁਜ਼ਗਾਰੀ
Berozgari
ਕੋਈ ਵੀ ਵਿਅਕਤੀ ਕਿਸੇ ਦੂਜੇ ਦੇ ਹੱਥਾਂ ਵੱਲ ਤੱਕਣਾ ਅਤੇ ਦੂਜਿਆਂ ਸਿਰ ਭਾਰ ਨਹੀਂ ਬਣਨਾ ਚਾਹੁੰਦਾ। ਨਿਖੱਟੂ ਅਖਵਾਉਣ ਨੂੰ ਕਿਸੇ ਦਾ ਵੀ ਦਿਲ ਨਹੀਂ ਕਰਦਾ। ਪਰ ਅੱਜ-ਕੱਲ ਹਾਲਾਤ ਅਜਿਹੇ ਹਨ ਕਿ ਅਨੇਕਾਂ ਲੋਕਾਂ ਵਿੱਚ ਕੰਮ ਕਰਨ ਦੀ ਯੋਗਤਾ, ਸਮਰੱਥਾ ਅਤੇ ਰੀਝ ਹੈ ਪਰ ਫਿਰ ਵੀ ਉਹਨਾਂ ਨੂੰ ਵਿਹਲੇ ਰਹਿ ਕੇ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈਂਦੀਆਂ ਹਨ। ਬੇਰੁਜ਼ਗਾਰੀ ਦੀ ਇਹ ਹਾਲਤ ਨਾ ਕੇਵਲ ਬੇਰੁਜ਼ਗਾਰਾਂ ਲਈ ਸਗੋਂ ਉਹਨਾਂ ਦੇ ਮਾਂ-ਬਾਪ ਲਈ ਵੀ ਦੁੱਖਦਾਈ ਹੁੰਦੀ ਹੈ ਜਿਨ੍ਹਾਂ ਨੇ ਸਖ਼ਤ ਮਿਹਨਤ ਕਰ ਕੇ ਆਪਣੇ ਬੱਚਿਆਂ ਨੂੰ ਵਿੱਦਿਆ ਦਵਾਈ ਹੁੰਦੀ ਹੈ। ਪਰ ਭਾਰਤ ਵਿੱਚ ਪੜੇ-ਲਿਖੇ ਬੇਰੁਜ਼ਗਾਰਾਂ ਦੀ ਗਿਣਤੀ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ। ਮੈਕਾਲੇ ਦੀ ਸਸਤੇ ਦਫ਼ਤਰੀ ਬਾਬੂ ਤਿਆਰ ਕਰਨ ਵਾਲੀ ਸਿੱਖਿਆ ਪ੍ਰਣਾਲੀ ਇਸ ਲਈ ਬਹੁਤ ਜ਼ਿੰਮੇਵਾਰ ਹੈ। ਵਧਦੀ ਅਬਾਦੀ ਵੀ ਇਸ ਲਈ ਜ਼ਿੰਮੇਵਾਰ ਹੈ। ਇਸ ਬੇਰੁਜ਼ਗਾਰੀ ਦਾ ਸਾਡੇ 'ਤੇ ਮਾੜਾ ਅਸਰ ਪੈ ਰਿਹਾ ਹੈ ਅਥਵਾ ਇਹ ਬੇਰੁਜ਼ਗਾਰੀ ਕਈ ਤਰ੍ਹਾਂ ਦੀਆਂ ਸਮਾਜਿਕ ਬੁਰਾਈਆਂ ਨੂੰ ਜਨਮ ਦੇ ਰਹੀ ਹੈ। ਦੇਸ ਵਿੱਚ ਨਿਰਾਸ਼ਾ ਅਤੇ ਬੇਚੈਨੀ ਫੈਲ ਰਹੀ ਹੈ। ਅਮਨ ਭੰਗ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਨੌਜਵਾਨਾਂ ਦੀ ਸ਼ਕਤੀ ਨੂੰ ਜੇਕਰ ਉਸਾਰੂ ਪਾਸੇ ਨਾ ਲਾਇਆ ਗਿਆ ਤਾਂ ਇਹ ਚਾਉ ਪਾਸੇ ਵੀ ਲੱਗ ਸਕਦੀ ਹੈ। ਲੋੜ ਇਸ ਗੱਲ ਦੀ ਹੈ ਕਿ ਨੌਜਵਾਨਾਂ ਦੀ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇ। ਉਹਨਾਂ ਨੂੰ ਕਿਤਾਬੀ ਸਿੱਖਿਆ ਦੇ ਨਾਲ-ਨਾਲ ਤਕਨੀਕੀ ਸਿੱਖਿਆ ਦੇਣ ਦੀ ਸਖ਼ਤ ਲੋੜ ਹੈ ਤਾਂ ਜੋ ਉਹ ਸਵੈ-ਰੁਜ਼ਗਾਰ ਅਪਣਾ ਸਕਣ। ਜਿੱਥੇ ਰੁਜ਼ਗਾਰ ਦੇ ਹੋਰ ਮੌਕੇ ਪੈਦਾ ਕਰਨ ਦੀ ਲੋੜ ਹੈ ਉੱਥੇ ਵਧਦੀ ਅਬਾਦੀ 'ਤੇ ਵੀ ਕੰਟਰੋਲ ਕੀਤਾ ਜਾਣਾ ਚਾਹੀਦਾ ਹੈ। ਸਾਡੇ ਨੌਜਵਾਨਾਂ ਨੂੰ ਹੱਥੀਂ ਕੰਮ ਕਰਨ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ। ਹੱਥੀਂ ਕੀਤੀ ਜਾਂਦੀ ਮਿਹਨਤ ਨੂੰ ਸਤਿਕਾਰ ਦੀ ਨਜ਼ਰ ਨਾਲ ਦੇਖਣ ਦੀ ਲੋੜ ਹੈ। ਸਰਕਾਰ ਨੂੰ ਬੇਰੁਜ਼ਗਾਰੀ ਦੀ ਮੌਜੂਦਾ ਸਮੱਸਿਆ ਨੂੰ ਹੱਲ ਕਰਨ ਲਈ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।
0 Comments