ਸੈਰ-ਸਪਾਟਾ
Sair-Sapata
ਸੈਰ-ਸਪਾਟਾ ਜਿੱਥੇ ਮਨੋਰੰਜਨ ਦਾ ਸਾਧਨ ਹੈ ਉੱਥੇ ਗਿਆਨ ਪ੍ਰਾਪਤੀ ਦਾ ਵਸੀਲਾ ਵੀ ਹੈ। ਘਰ ਦੀ ਚਾਰ-ਦਿਵਾਰੀ ਵਿੱਚ ਰਹਿ ਕੇ ਲਗਾਤਾਰ ਇੱਕੋ ਜਿਹੇ ਕੰਮ ਕਰਦਾ ਮਨੁੱਖ ਅੱਕ ਅਤੇ ਥੱਕ ਜਾਂਦਾ ਹੈ। ਇਹ ਥਕਾਵਟ ਸਰੀਰਿਕ ਅਤੇ ਮਾਨਸਿਕ ਹੁੰਦੀ ਹੈ। ਇਸ ਸਮੇਂ ਅਜਿਹੇ ਮਨੋਰੰਜਨ ਦੀ ਲੋੜ ਹੁੰਦੀ ਹੈ ਜਿਹੜਾ ਸਰੀਰਿਕ ਥਕਾਵਟ ਦੇ ਨਾਲ-ਨਾਲ ਸਾਡੀ ਮਾਨਸਿਕ ਥਕਾਵਟ ਨੂੰ ਵੀ ਦੂਰ ਕਰੇ। ਇਹ ਮਨੋਰੰਜਨ ਸੈਰ-ਸਪਾਟੇ ਰਾਹੀਂ ਵੀ ਹੋ ਸਕਦਾ ਹੈ। ਸੈਰ-ਸਪਾਟਾ ਇੱਕ ਬਹੁਤ ਹੀ ਵਧੀਆ ਸ਼ੌਕ ਹੈ। ਇਸ ਰਾਹੀਂ ਮਨੁੱਖ ਜੀਵਨ ਦੇ ਹੋਰ ਸਭ ਝਮੇਲਿਆਂ ਤੋਂ ਮੁਕਤ ਹੋ ਕੇ ਅਨੰਦ ਪ੍ਰਾਪਤ ਕਰਦਾ ਹੈ। ਸੈਰਸਪਾਟੇ ਨਾਲ ਅਸੀਂ ਅਨੇਕਾਂ ਉਹਨਾਂ ਥਾਂਵਾਂ ਨੂੰ ਦੇਖ ਸਕਦੇ ਹਾਂ ਜਿਨ੍ਹਾਂ ਦੀ ਮਹੱਤਾ ਅਤੇ ਸੁੰਦਰਤਾ ਬਾਰੇ ਅਸੀਂ ਅੱਗੇ ਸਿਰਫ਼ ਸੁਣਿਆ ਜਾਂ ਪੜਿਆ ਹੀ ਹੁੰਦਾ ਹੈ। ਸੈਰ-ਸਪਾਟਾ ਜਿੱਥੇ ਮਨੁੱਖ ਦੀ ਵਾਕਫ਼ੀਅਤ ਵਿੱਚ ਵਾਧਾ ਕਰਦਾ ਹੈ ਉੱਥੇ ਵੱਖ-ਵੱਖ ਤਰ੍ਹਾਂ ਦੇ ਸੱਭਿਆਚਾਰਾਂ ਤੋਂ ਵੀ ਸਾਨੂੰ ਜਾਣੂ ਕਰਵਾਉਂਦਾ ਹੈ। ਕੁਝ ਲੋਕ ਸੈਰ-ਸਪਾਟੇ ਨੂੰ ਫ਼ਜੂਲ-ਖ਼ਰਚੀ ਸਮਝਦੇ ਹਨ। ਇਹ ਠੀਕ ਨਹੀਂ। ਸੈਰ-ਸਪਾਟੇ ਦੇ ਸ਼ੁਕੀਨ ਸੈਰ-ਸਪਾਟੇ ਲਈ ਖ਼ਰਚੇ ਪੈਸੇ ਨੂੰ ਸਾਰਥਿਕ ਮੰਨਦੇ ਹਨ।ਉਹਨਾਂ ਦਾ ਵਿਚਾਰ ਹੁੰਦਾ ਹੈ ਕਿ ਸੈਰ-ਸਪਾਟੇ ’ਤੇ ਖ਼ਰਚੇ ਪੈਸੇ ਨਾਲ ਉਹ ਮੁੜ ਤੋਂ ਨਵੇਂ ਦਮ ਹੋ ਕੇ ਵਧੇਰੇ ਕੰਮ ਕਰ ਸਕਦੇ ਹਨ। ਸੈਰ-ਸਪਾਟੇ ਬਿਨਾਂ ਮਨੁੱਖ ਦਾ ਜੀਵਨ ਘਰੇਲੂ ਧੰਦਿਆਂ ਵਿੱਚ ਫਸ ਕੇ ਬੋਝਲ ਅਤੇ ਨੀਰਸ ਹੋ ਜਾਂਦਾ ਹੈ। ਨਿੱਤ ਦੇ ਜੀਵਨ ਦੀ ਕਸ਼ਮਕਸ਼ ਵਿੱਚ ਉਹ ਕੋਹਲੂ ਦਾ ਬੈਲ ਬਣ ਕੇ ਰਹਿ ਜਾਂਦਾ ਹੈ। ਕਿਸੇ ਵੀ ਗੱਲ ਜਾਂ ਥਾਂ ਬਾਰੇ ਉਹ ਇੱਕੋ ਹੀ ਅਸਮਰੱਥਾ ਜ਼ਾਹਿਰ ਕਰਦਾ ਹੈ, ਸਾਨੂੰ ਕੀ ਪਤਾ? ਅਸੀਂ ਕਿਹੜਾ ਦੇਖਿਆ ਜਾਂ ਅਸੀਂ ਕਿਹੜਾ ਉੱਥੇ ਗਏ ਹਾਂ? ਇਸ ਤਰ੍ਹਾਂ ਉਸ ਦਾ ਗਿਆਨ-ਵਿਹੂਣਾ ਬਣ ਕੇ ਰਹਿ ਜਾਣਾ ਸੰਭਵ ਹੈ। ਉਹ ਸਿਰਫ਼ ਆਪਣੇ ਚੁਗਿਰਦੇ ਬਾਰੇ ਹੀ ਕੁਝ ਜਾਣਕਾਰੀ ਰੱਖ ਸਕੇਗਾ। ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਜੀਵਨ ਦੇ ਰੁਝੇਵਿਆਂ ਵਿੱਚੋਂ ਥੋੜਾ ਸਮਾਂ ਕੱਢ ਕੇ ਇਸ ਸੈਰ-ਸਪਾਟੇ ਦੇ ਸ਼ੌਕ ਨੂੰ ਅਪਣਾਈਏ, ਨਹੀਂ ਤਾਂ ਸਾਡੀ ਹਾਲਤ ਕੋਹਲੂ ਦੇ ਬੈਲ ਵਾਲੀ ਹੋ ਜਾਵੇਗੀ।
0 Comments