ਰੁੱਖਾਂ ਦੇ ਲਾਭ
Rukha de Labh
ਰੁੱਖਾਂ ਦਾ ਸਾਡੇ ਜੀਵਨ ਵਿੱਚ ਸੱਚ-ਮੁੱਚ ਹੀ ਬਹੁਤ ਮਹੱਤਵ ਹੈ। ਰੁੱਖ ਸਾਡੇ ਜੀਵਨਦਾਤਾ ਹਨ। ਇਸੇ ਲਈ ਕਿਹਾ ਜਾਂਦਾ ਹੈ-‘ਇਕ ਰੁੱਖ ਸੌ ਸੁੱਖ’ ਜਾਂ ‘ਰੁੱਖ ਲਾਓ ਸੁੱਖ ਪਾਓ’। ਰੁੱਖ ਸੱਚ-ਮੁੱਚ ਹੀ ਸਾਨੂੰ ਅਨੇਕਾਂ ਸੁੱਖ ਪ੍ਰਦਾਨ ਕਰਦੇ ਹਨ। ਇਹ ਕਿਸੇ ਨਾ ਕਿਸੇ ਰੂਪ ਵਿੱਚ ਸਾਡੀ ਮਦਦ ਕਰਦੇ ਰਹਿੰਦੇ ਹਨ। ਜੇਕਰ ਅਸੀਂ ਆਪਣੇ ਘਰ ਅਤੇ ਆਲੇ-ਦੁਆਲੇ ਵੱਲ ਨਜ਼ਰ ਮਾਰੀਏ ਤਾਂ ਰੁੱਖਾਂ ਦੇ ਲਾਭ ਸਪਸ਼ਟ ਪ੍ਰਗਟ ਹੁੰਦੇ ਹਨ। ਸਾਡੇ ਮਕਾਨਾਂ ਦੀ ਉਸਾਰੀ ਵਿੱਚ ਜਿਹੜੀ ਲੱਕੜ ਵਰਤੀ ਗਈ ਹੁੰਦੀ ਹੈ ਉਹ ਰੁੱਖਾਂ ਤੋਂ ਹੀ ਪ੍ਰਾਪਤ ਹੁੰਦੀ ਹੈ। ਸਾਡੇ ਘਰਾਂ ਦਾ ਫ਼ਰਨੀਚਰ ਵੀ ਰੁੱਖਾਂ ਤੋਂ ਪ੍ਰਾਪਤ ਹੋਈ ਲੱਕੜੀ ਤੋਂ ਬਣਦਾ ਹੈ। ਇੱਥੋਂ ਤੱਕ ਕਿ ਬੱਸਾਂ, ਟਰੱਕਾਂ ਅਤੇ ਰੇਲ-ਗੱਡੀਆਂ ਵਿੱਚ ਵੀ ਇਸ ਲੱਕੜੀ ਦੀ ਵਰਤੋਂ ਹੁੰਦੀ ਹੈ। ਰੁੱਖਾਂ ਦੀ ਲੱਕੜੀ ਤੋਂ ਅਸੀਂ ਬਾਲਣ ਦਾ ਕੰਮ ਵੀ ਲੈਂਦੇ ਹਾਂ। ਰੁੱਖ ਸਾਨੂੰ ਠੰਢੀ ਛਾਂ ਦਿੰਦੇ ਹਨ। ਰੁੱਖ ਸਾਨੂੰ ਸ਼ੁੱਧ ਹਵਾ ਵੀ ਦਿੰਦੇ ਹਨ। ਇਹ ਵਾਤਾਵਰਨ ਦੇ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ। ਪੈਟਰੋਲ/ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਦੀ ਲਗਾਤਾਰ ਵਧ ਰਹੀ ਗਿਣਤੀ ਕਾਰਨ ਪੈਦਾ ਹੋ ਰਹੇ ਧੂਏਂ ਤੋਂ ਬਚਾਅ ਲਈ ਸਾਨੂੰ ਰੁੱਖ ਲਗਾਉਣੇ ਚਾਹੀਦੇ ਹਨ। ਵਾਤਾਵਰਨ ਨੂੰ ਸਾਫ਼ਸੁਥਰਾ ਰੱਖਣ ਵਿੱਚ ਇਹਨਾਂ ਰੁੱਖਾਂ ਦੀ ਵਿਸ਼ੇਸ਼ ਭੂਮਿਕਾ ਹੈ। ਇਹ ਰੁੱਖ ਸਾਨੂੰ ਫਲ ਵੀ ਦਿੰਦੇ ਹਨ ਜੋ ਸਾਡੇ ਸਰੀਰ ਨੂੰ ਤਾਕਤ ਪ੍ਰਦਾਨ ਕਰਦੇ ਹਨ। ਫਲਾਂ ਦੇ ਰੁੱਖ ਮਾਲਕਾਂ ਲਈ ਆਮਦਨੀ ਦਾ ਬਹੁਤ ਵੱਡਾ ਸਾਧਨ ਹਨ। ਰੁੱਖਾਂ ਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਵੀ ਤਿਆਰ ਕੀਤੀਆਂ ਜਾਂਦੀਆਂ ਹਨ ਜੋ ਸਾਨੂੰ ਕਈ ਬਿਮਾਰੀਆਂ ਤੋਂ ਛੁਟਕਾਰਾ ਦਵਾਉਂਦੀਆਂ ਹਨ। ਇਹ ਰੁੱਖ ਬਰਖਾ ਲਿਆਉਣ ਵਿੱਚ ਵੀ ਮਦਦ ਕਰਦੇ ਹਨ। ਦੂਸਰੇ ਪਾਸੇ ਰੁੱਖ ਹੜਾਂ ਨਾਲ ਵਹਿਣ ਵਾਲੀ ਮਿੱਟੀ ਨੂੰ ਵੀ ਬਚਾਉਂਦੇ ਹਨ। ਇਹ ਸਾਡੀ ਰੋਜ਼ੀ-ਰੋਟੀ ਦਾ ਇੱਕ ਬਹੁਤ ਵੱਡਾ ਸਾਧਨ ਹਨ। ਕਈ ਤਰ੍ਹਾਂ ਦੇ ਕਿੱਤੇ ਇਹਨਾਂ ਰੁੱਖਾਂ 'ਤੇ ਹੀ ਨਿਰਭਰ ਹਨ।ਇਹ ਰੁੱਖ ਕਿਰਤੀ ਦੀ ਸੁੰਦਰਤਾ ਦੇ ਵੀ ਪ੍ਰਤੀਕ ਹਨ। ਪਹਾੜਾਂ ਦੀਆਂ ਵਾਦੀਆਂ ’ਤੇ ਲਹਿਲਹਾਉਂਦੇ ਰੁੱਖ ਦੇਖ ਕੇ ਸਾਡੇ ਮਨ ਨੂੰ ਪ੍ਰਸੰਨਤਾ ਪ੍ਰਾਪਤ ਹੁੰਦੀ ਹੈ । ਪਰ ਰੁੱਖਾਂ ਨੂੰ ਕੱਟਣ ਨਾਲ ਪ੍ਰਕਿਰਤੀ ਦਾ ਸੰਤੁਲਨ ਵਿਗੜ ਜਾਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਰੁੱਖਾਂ ਦੀ ਘਾਟ ਪੂਰੀ ਕਰੀਏ। ਰੁੱਖਾਂ ਦੀ ਲੱਕੜ ਦੀ ਲਗਾਤਾਰ ਪੈਦਾ ਹੋ ਰਹੀ ਘਾਟ ਕਾਰਨ ਸਾਨੂੰ ਲੱਕੜ ਦੇ ਬਦਲ ਲੱਭਣੇ ਚਾਹੀਦੇ ਹਨ ਅਤੇ ਲੱਭੋ ਵੀ ਗਏ ਹਨ। ਇਸ ਤਰ੍ਹਾਂ ਰੁੱਖਾਂ ਦੀ ਸੰਪੱਤੀ ਨੂੰ ਸੁਰੱਖਿਅਤ ਰੱਖਣ ਦੇ ਯਤਨ ਹੋ ਰਹੇ ਹਨ। ਫਿਰ ਵੀ ਸਾਡਾ ਫ਼ਰਜ਼ ਬਣਦਾ ਹੈ ਕਿ ਹਰ ਵਿਅਕਤੀ ਹਰ ਸਾਲ ਘੱਟੋ-ਘਟ ਕਿਸੇ ਵੀ ਕਿਸਮ ਦੇ ਰੁੱਖ ਦਾ ਇੱਕ ਬੂਟਾ ਜ਼ਰੂਰ ਲਾਵੇ ਅਤੇ ਉਸ ਦੀ ਦੇਖ-ਭਾਲ ਕਰੇ। ਇਹ ਇੱਕ ਰੁੱਖ ਸਾਨੂੰ ਸੈਂਕੜੇ ਸੁੱਖ ਪ੍ਰਦਾਨ ਕਰੇਗਾ।
1 Comments
Superb
ReplyDelete