ਆਦਰਸ਼ ਅਧਿਆਪਕ 
Adarsh Adhiyapak


ਸਾਦੀ ਰਹਿਣੀ ਤੇ ਉੱਚ ਵਿਚਾਰ : ਇੱਕ ਆਦਰਸ਼ ਅਧਿਆਪਕ ਸਾਦਾ ਰਹਿਣੀ-ਬਹਿਣੀ ਤੇ ਉੱਚ-ਵਿਚਾਰਾਂ ਦਾ ਮਾਲਕ ਹੁੰਦਾ ਹੈ। ਉਸ ਦਾ ਭੋਜਨ ਵੈਸ਼ਨੋ, ਕੱਪੜਾ ਲੱਤਾ ਸਾਦਾ ਤੇ ਚਟਕ-ਮਟਕ ਰਹਿਤ ਹੁੰਦਾ ਹੈ। ਜੈਸਾ ਅੰਨ ਵੈਸਾ ਮਨ' ਦੇ ਮਹਾਨ ਕਥਨ ਅਨੁਸਾਰ ਉਸ ਦੀ ਸੋਚਣੀ ਤੇ ਕਰਨੀ ਸੁਅੱਛ ਤੇ ਉੱਚ ਵਿਚਾਰਾਂ ਦੀ ਪ੍ਰਦਰਸ਼ਨੀ ਕਰਦੀ ਹੈ। ਉਹਦੀ ਦਿੱਖ ਪ੍ਰਭਾਵਸ਼ਾਲੀ ਹੁੰਦੀ ਹੈ , ਮਾਨੋ ਉਹਦੇ ਚਿਹਰੇ ਤੋਂ ਜਲਾਲ ਟਪਕ ਰਿਹਾ ਹੋਵੇ। ਉਸ ਦੀ ਕਥਨੀ ਕਰਨੀ ਨਾਲ ਮੇਲ ਖਾ ਕੇ ਸੰਪਰਕ ਵਿਚ ਆਏ ਹਰ ਸ਼ਿਸ਼ ’ਤੇ ਜਾਦੂ ਦਾ ਅਸਰ ਕਰਦੀ ਹੈ। ਉਸ ਨੂੰ ਮਿਲ ਕੇ, ਵਿਚਾਰ-ਵਟਾਂਦਰਾ ਕਰ ਕੇ ਜਾਂ ਉਸ ਕੋਲੋਂ ਪੜ੍ਹ ਕੇ ਅੰਤਾਂ ਦੀ ਸੰਤੁਸ਼ਟਤਾ ਨਸੀਬ ਹੁੰਦੀ ਹੈ।


ਗਿਆਨ ਨੂੰ ਵਧਾਉਣਾ : ਵਿੱਦਿਆ ਦੇ ਸਾਗਰ ਦਾ ਕਿਸੇ ਅੰਤ ਨਹੀਂ ਪਾਇਆ। ਸੁਕਰਾਤ ਵਰਗਿਆਂ ਨੂੰ ਵੀ ਕਹਿਣਾ ਪਿਆ ਕਿ ਮੈਂ ਢੇਰ ਸਾਰੀਆਂ ਪੁਸਤਕਾਂ ਪੜ੍ਹ ਕੇ ਇਉਂ ਮਹਿਸੂਸ ਕਰਦਾ ਹਾਂ ਜਿਵੇਂ ਮੈਂ ਜੋ ਕੁਝ ਪੜ੍ਹਨਾ ਹੈ, ਉਸ ਨੂੰ ਅਜੇ ਛੋਹਿਆ ਵੀ ਨਹੀਂ।ਇੱਕ ਆਦਰਸ਼ ਅਧਿਆਪਕ ਨਿਸਚਿਤ ਕੋਰਸ ਕਰ ਕੇ ਪੜਨਾ ਬੰਦ ਨਹੀਂ ਕਰਦਾ ਸਗੋਂ ਉਹ ਗਿਆਨ ਦੀ ਡੂੰਘੀ ਤੋਂ ਡੂੰਘੇਰੀ ਤਹਿ ਤੱਕ ਪੁੱਜਣ ਲਈ ਹਰ ਵੇਲੇ ਯਤਨਸ਼ੀਲ ਰਹਿੰਦਾ ਹੈ। ਅਜਿਹੇ ਗਿਆਨ ਦੇ ਸਮੇਂ ਤੋਂ ਪੜਿਆ । ਵਿਦਿਆਰਥੀ ਕਿਵੇਂ ਗਿਆਨ ਤੋਂ ਸੱਖਣਾ ਰਹਿ ਸਕਦਾ ਹੈ ?


ਪੜਾਉਣਾ ਇਕ ਕਲਾ : ਪੜਾਉਣਾ ਵੀ ਇੱਕ ਕਲਾ ਹੈ। ਇਸ ਕਲਾ ਵਿਚ ਪ੍ਰਬੀਨ ਅਧਿਆਪਕ ਹੀ ਸੁਚੱਜੇ ਢੰਗ ਨਾਲ ਪੜਾ ਸਕਦੇ ਹਨ। ਇਹ ਢੰਗ ਵਿਦਿਆਰਥੀਆਂ ਨੂੰ ਕੀਲ ਲਿਆ ਕਰਦਾ ਹੈ; ਉਹ ਬਿਮਾਰੀ ਜਾਂ ਕੋਈ ਜ਼ਰੂਰੀ ਕੰਮ ਛੱਡ ਕੇ ਵੀ ਪੀਰੀਅਡ ਵਿਚ ਪੁੱਜ ਜਾਂਦੇ ਹਨ ਅਤੇ ਘਰ ਲਈ ਦਿੱਤੇ ਕੰਮ (Home Work) ਨੂੰ ਸੌ ਕੰਮ ਛੱਡ ਕੇ ਦਿਲ ਲਾ ਕੇ ਕਰਦੇ ਹਨ। ਜੋ ਅਜਿਹੇ ਢੰਗ ਵਾਲਾ ਅਧਿਆਪਕ ਮਿਲ ਜਾਵੇ ਤਾਂ ਫਿਰ ਗਾਈਡਾਂ ਦੀ ਲੋੜ ਨਹੀਂ ਪੈਂਦੀ, ਨਕਲ ਮਾਰ ਕੇ ਪਾਸ ਹੋਣ ਬਾਰੇ ਸੋਚਿਆ ਨਹੀਂ ਜਾ ਸਕਦਾ: ਵਿੱਦਿਆ-ਪਾਪਤੀ ਇੱਕ ਬੋਝ ਨਾ ਬਣ ਕੇ ਗਿਆਨ ਦੇ ਵਾਧੇ ਦੇ ਨਾਲ-ਨਾਲ ਅਕੇਵੇਂ ਨੂੰ ਦੂਰ ਕਰਨ ਦਾ ਸਾਧਨ ਬਣ ਜਾਂਦੀ ਹੈ।


ਪਰਉਪਕਾਰੀ : ਇੱਕ ਆਦਰਸ਼ ਅਧਿਆਪਕ ਮਾਇਆਧਾਰੀ ਨਹੀਂ ਹੁੰਦਾ। ਉਹ ਮਾਇਆ ਇਕੱਠੀ ਕਰਨ ਲਈ ਪ੍ਰਾਈਵੇਟ ਟਿਊਸ਼ਨਾਂ ਪੜ੍ਹਾਉਣ ਦੇ ਚੱਕਰ ਵਿਚ ਨਹੀਂ ਪੈਂਦਾ। ਉਹ ਪਰਉਪਕਾਰ ਹਿਤ ਪੜ੍ਹਨ ਵਿਚ ਕਮਜ਼ੋਰ ਨੂੰ ਬਿਨਾਂ ਪੈਸੇ ਲਈ ਪੜਾ ਕੇ ਖ਼ੁਸ਼ੀ ਮਹਿਸੂਸ ਕਰਦਾ ਹੈ। ਉਂਝ ਸਰਕਾਰ ਨੇ ਅਧਿਆਪਕ ਵਰਗ ਦਾ ਵੇਤਨ ਕੌਮ ਦਾ ਮੁੱਖ ਉਸਰੱਈਏ ਹੋਣ ਦੇ ਨਾਤੇ ਵਧਾ ਦਿੱਤਾ ਹੈ ਤੇ ਇਹ ਇਨ੍ਹਾਂ ਪੈਸਿਆਂ ਨਾਲ ਪੂਰੇ ਸਤਿਕਾਰ ਨਾਲ ਸਮਾਜ ਵਿਚ ਆਪਣਾ ਗੁਜ਼ਰ ਕਰ ਸਕਦਾ ਹੈ।


ਸਮੇਂ ਦਾ ਪਾਬੰਦ : ਉਹ ਸਮੇਂ ਦਾ ਪਾਬੰਦ ਹੁੰਦਾ ਹੈ। ਉਹ ਨਿਸਚਿਤ ਸਮਾਂ ਖੁੱਭ ਕੇ ਪੜਾਉਂਦਾ ਹੈ, ਮਾਨੋ ਉਹ ਕੋਈ ਪਵਿੱਤਰ ਕੰਮ ਕਰ ਰਿਹਾ ਹੋਵੇ। ਇਥੋਂ ਉਸ ਦੇ ਅਮਲੀ ਰੂਪ ਵਿਚ ਰੱਬ-ਵਿਸ਼ਵਾਸੀ ਹੋਣ ਦਾ ਪਤਾ ਲਗਦਾ ਹੈ। ਉਸ ਦੀ ਅਜਿਹੀ ਜਾਗ ਉਸ ਦੇ ਵਿਦਿਆਰਥੀਆਂ ਨੂੰ ਵੀ ਲੱਗ ਜਾਂਦੀ ਹੈ।


ਸਹਾਇਕ ਗਤੀਵਿਧੀਆਂ ਵਿਚ ਦਿਲਚਸਪੀ : ਉਹ ਪੜ੍ਹਾਉਣ ਤੋਂ ਛੁੱਟ ਸੰਸਥਾ ਦੇ ਹੋਰ ਕੰਮਾਂ ਵਿਚ ਵੀ ਪੂਰੀਪੂਰੀ ਦਿਲਚਸਪੀ ਲੈਂਦਾ ਹੈ। ਉਹ ਭਾਸ਼ਣ ਜਾਂ ਕਾਵਿ ਜਾਂ ਨਾਟ ਪ੍ਰਤੀਯੋਗਤਾਵਾਂ, ਸੱਭਿਆਚਾਰਕ ਪ੍ਰੋਗਰਾਮਾਂ, ਖੇਡਾਂ, ਇਨਾਮ ਵੰਡ ਸਮਾਰੋਹਾਂ, ਵਿਦਿਆਰਥੀ ਤੇ ਉਨ੍ਹਾਂ ਦੇ ਮਾਪਿਆਂ ਦੇ ਇਕੱਠਾਂ, ਸੰਸਥਾ ਵਿਚ ਕੀਤੇ ਜਾ ਰਹੇ ਇਮਤਿਹਾਨਾਂ ਦੀ ਨਿਗਰਾਨੀ ਆਦਿ ਕੰਮਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦਾ ਹੈ। ਮਾਨੋ ਉਹ ਹਰ ਅਜਿਹੇ ਕੰਮ ਨੂੰ ਪੂਰੀ ਨੇਕ-ਨੀਅਤੀ ਨਾਲ ਕਰ ਕੇ ਸੰਸਥਾ ਦੀ ਸ਼ਾਨ ਨੂੰ ਵਧਾਉਂਦਾ ਹੈ।


ਮਿੱਠ-ਬੋਲੜਾ ਤੇ ਨਿਮਰ ਸੁਭਾਅ : ਉਸ ਦੇ ਵਿਹਾਰ ਵਿਚ ਮਿਠਾਸ ਤੇ ਨਿਮਰਤਾ ਕੁੱਟ-ਕੁੱਟ ਕੇ ਭਰੀ ਹੁੰਦੀ ਹੈ। ਨਿਮਰਤਾ ਨਾਲ ਕਹੇ ਮਿੱਠੇ ਬੋਲ ਵਿਦਿਆਰਥੀ ਦੇ ਰੋਮ-ਰੋਮ ਵਿਚ ਅਸਰ ਕਰ ਜਾਂਦੇ ਹਨ। ਇਨ੍ਹਾਂ ਮਿੱਠੇ ਬੋਲਾਂ ਸਦਕਾ ਵਿਦਿਆਰਥੀ ਦੇ ਦਿਲ ਵਿਚ ਪੜਾਈ ਤੇ ਪੜ੍ਹਾਉਣ ਵਾਲੇ ਦਾ ਸਹਿਮ ਉੱਡ-ਪੁੱਡ ਜਾਂਦਾ ਹੈ ਅਤੇ ਪੜਾਈ ਪਤੀ ਰਚੀ ਅਤੇ ਅਧਿਆਪਕ ਪ੍ਰਤੀ ਸਤਿਕਾਰ ਵਧਦਾ ਜਾਂਦਾ ਹੈ।

ਉਸ ਕੋਲ ਮੁੱਖ ਅਧਿਆਪਕ ਤੇ ਪ੍ਰਬੰਧਕ ਕਮੇਟੀ ਦੀ ਇੱਜ਼ਤ ਦਾ ਪਾਸ ਹੁੰਦਾ ਹੈ। ਉਹ ਸੰਸਥਾ ਦੀ ਚਤ (Prestige) ਦਾ ਖ਼ਿਆਲ ਰੱਖਦਾ ਹੈ। ਉਹ ਸੰਸਥਾ ਦਾ ਥੰਮ ਬਣ ਕੇ ਹਰ ਕੰਮ ਸੰਸਥਾ ਦੀ ਭਲਾਈ ਤੇ ਵਡਿਆਈ ਵਾਲਾ ਕਰਦਾ ਹੈ।


ਚੰਗੇ ਵਿਚਾਰਾਂ ਵਾਲੇ : ਉਹ ਕਿਸੇ ਦੀ ਨਿੰਦਿਆ-ਚੁਗਲੀ ਨਹੀਂ ਕਰਦਾ। ਇਸ ਤਰ੍ਹਾਂ ਉਹ ਅਮਨ-ਸ਼ਾਂਤੀ ਵਾਲੇ ਵਾਤਾਵਰਣ ਨੂੰ ਬਣਾਈ ਰੱਖਦਾ ਹੈ। . ਉਹ ਹਰ ਉਸਾਰੂ ਕੰਮ ਦਾ ਪੱਖ ਪੂਰਦਾ ਹੈ ਤੇ ਉਸ ਨੂੰ ਸਫ਼ਲ ਬਣਾਉਣ ਵਿਚ ਆਪਣਾ ਪੂਰਾ ਪੂਰਾ ਸਹਿਯੋਗ ਦਿੰਦਾ ਹੈ।

ਘਰ ਵਾਂਗ ਉਹ ਸੰਸਥਾ ਦੀ ਕਮਜ਼ੋਰੀ ’ਤੇ ਪਰਦਾ ਪਾ ਕੇ ਆਪਣੀ ਖੁਸ਼ੀ ਮਹਿਸੂਸ ਕਰਦਾ ਹੈ।


ਸਿੱਟਾ : ਮੁੱਕਦੀ ਗੱਲ ਇਹ ਹੈ ਕਿ ਇੱਕ ਆਦਰਸ਼ ਅਧਿਆਪਕ ਸੰਸਥਾ ਨੂੰ ਦਿਸਦਾ-ਪਿਸਦਾ ਸਵਰਗ ਬਣਾ ਦਿੰਦਾ ਹੈ। ਉੱਥੇ ਵਿਦਿਆਰਥੀਆਂ ਜਾਂ ਅਧਿਆਪਕਾਂ ਵੱਲੋਂ ਹੜਤਾਲਾਂ ਦਾ ਨਾਮੋ-ਨਿਸ਼ਾਨ ਨਹੀਂ ਹੁੰਦਾ। ਮਿਲਵੀਂ ਮਿਹਨਤ ਸਦਕਾ ਸ਼ਾਨਦਾਰ ਨਤੀਜੇ ਨਿਕਲਦੇ ਹਨ, ਵਧ-ਚੜ ਕੇ ਚੋਣਵੇਂ ਵਿਦਿਆਰਥੀਆਂ ਦਾ ਦਾਖ਼ਲਾ ਹੁੰਦਾ ਹੈ ਅਤੇ ਸੰਸਥਾ ਦਿਨ ਦੁੱਗਣੀ ਰਾਤ ਚੌਗੁਣੀ ਉੱਨਤੀ ਕਰਦੀ ਹੈ।