ਸ਼ਹੀਦ ਭਗਤ ਸਿੰਘ
Shaheed Bhagat Singh
ਜਾਣ-ਪਛਾਣ : ਸ਼ਹੀਦ ਭਗਤ ਸਿੰਘ ਦਾ ਜਨਮ ਪਿੰਡ ਬੰਗਾ ਜ਼ਿਲ੍ਹਾ ਲਾਇਲਪੁਰ (ਹੁਣ ਪਾਕਿਸਤਾਨ) ਵਿਚ 27 ਸਤੰਬਰ 1907 ਈ: ਨੂੰ ਸ: ਕਿਸ਼ਨ ਸਿੰਘ ਇੱਕ ਉੱਘੇ ਕਾਂਗਰਸੀ ਦੇ ਘਰ ਹੋਇਆ। ਆਪ ਦਾ ਜੱਦੀ ਪਿੰਡ ਖਟਕੜ ਕਲਾਂ, ਜ਼ਿਲ੍ਹਾ ਜਲੰਧਰ ਸੀ। ਆਪ ਦਾ ਪਰਿਵਾਰ ਕੌਮੀ ਪਰਵਾਨਿਆਂ ਦਾ ਸੀ। ਆਪ ਦੇ ਜਨਮ ਵੇਲੇ ਚਾਚਾ ਅਜੀਤ ਸਿੰਘ-ਪਗੜੀ ਸੰਭਾਲ ਜੱਟਾ ਲਹਿਰ ਦੇ ਆਗੂ-ਮਾਂਡਲੇ ਜੇਲ੍ਹ ਵਿਚ ਅਤੇ ਦੂਜੇ ਚਾਚਾ ਸਵਰਨ ਸਿੰਘ ਲਾਹੌਰ ਜੇਲ੍ਹ ਵਿਚ ਸਨ। ਆਪ ਦੇ ਪਿਤਾ ਜੀ ਉੱਘੇ ਦੇਸ਼-ਭਗਤ ਹੋਣ ਕਰਕੇ ਲੁੱਕ-ਛਿਪ ਕੇ ਨੇਪਾਲ ਗਏ ਹੋਏ ਸਨ (ਪਿੱਛੋਂ ਉਥੋਂ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ)। ਆਪ ਦੇ ਜਨਮ ਤੋਂ ਕੁਝ ਦਿਨ ਬਾਅਦ ਆਪ ਦੇ ਪਿਤਾ ਜੀ ਤੇ ਚਾਚਾ ਜੀ ਦੋਵੇਂ ਰਿਹਾਅ ਹੋ ਕੇ ਘਰ ਆ ਗਏ। ਸਾਰਿਆਂ ਨੇ ਆਪ ਨੂੰ ਇੱਕ ਭਾਗਾਂ ਵਾਲਾ ਕਿਹਾ। ਦਾਦੀ ਜੀ ਨੇ ਲਾਡ ਨਾਲ ਭਗਤ ਸਿੰਘ ਨਾਂਅ ਰੱਖ ਦਿੱਤਾ। ਆਪ ਦੀ ਮਾਤਾ ਵਿਦਿਆਵਤੀ ਨੂੰ ਪੰਜਾਬ ਦੀ ਮਾਤਾ ਹੋਣ ਦੀ ਉਪਾਧੀ ਦਿੱਤੀ ਗਈ।
ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਦਾ ਪ੍ਰਭਾਵ : ਆਪ ਅਜੇ ਨੌਂ ਸਾਲ ਦੇ ਸਨ ਕਿ ਸ: ਕਰਤਾਰ ਸਿੰਘ ਸਰਾਭਾ ਦੇਸ਼ ਦੀ ਖਾਤਰ ਹੱਸਦੇ-ਹੱਸਦੇ ਫਾਂਸੀ ਦੇ ਰੱਸੇ ਨੂੰ ਚੁੰਮ ਗਏ। ਆਪ ਤੇ ਇਸ ਸ਼ਹੀਦੀ ਦਾ ਬਹੁਤ ਪ੍ਰਭਾਵ ਪਿਆ। ਆਪ ਹਰ ਸਮੇਂ ਉਸ ਦੀ ਫੋਟੋ ਆਪਣੀ ਜੇਬ ਵਿਚ ਰੱਖਣ ਲੱਗ ਪਏ, ਇੱਥੋਂ ਤੱਕ ਕਿ ਇਸ ਨੂੰ ਆਪਣਾ ਸਿਆਸੀ ਗੁਰੂ ਮੰਨਣ ਲੱਗ ਪਏ।
ਵਿੱਦਿਆ ਪ੍ਰਾਪਤੀ : ਆਪ ਨੇ ਮੁਢਲੀ ਵਿੱਦਿਆ ਆਪਣੇ ਦਾਦਾ ਜੀ ਕੋਲ ਰਹਿ ਕੇ ਖਟਕੜ ਕਲਾਂ ਵਿਚ ਪ੍ਰਾਪਤ ਕੀਤੀ। ਡੀ. ਏ. ਵੀ. ਹਾਈ ਸਕੂਲ ਤੋਂ ਦਸਵੀਂ ਪਾਸ ਕੀਤੀ। ਉਪਰੰਤ ਬੀ. ਏ. ਕਰਨ ਲਈ ਡੀ.ਏ.ਵੀ. ਕਾਲਜ ਲਾਹੌਰ ਵਿਚ ਪੜਨ ਲੱਗ ਪਏ। ਕਾਲਜ ਵਿਚ ਹੀ ਪਲਿਸ ਆਪ ਦੀ ਸੀ. ਆਈ. ਡੀ. ਕਰਦੀ ਹੁੰਦੀ ਸੀ। ਮਾਪਿਆਂ ਨੇ ਆਪ ਦਾ ਵਿਆਹ ਕਰਨਾ ਚਾਹਿਆ, ਪਰ ਆਪ ਪੜਾਈ ਵਿਚੇ ਹੀ ਛੱਡ ਕੇ ਆਜ਼ਾਦੀ-ਪ੍ਰਾਪਤੀ ਲਈ ਘਰੋਂ ਨਿਕਲ ਕੇ ਕਾਨਪੁਰ ਦੇ ਪੁੱਜ ਗਏ ।
ਨੌਜਵਾਨਾਂ ਨਾਲ ਮੇਲ : ਕਾਨਪੁਰ ਵਿਖੇ ਆਪ ਸੀ ਗਣੇਸ਼ ਚੰਦਰ ਵਿਦਿਆਰਥੀ ਦੇ ਹਿੰਦੀ ਅਖ਼ਬਾਰ 'ਪ੍ਰਤਾਪ ਵਿਚ ਪੱਤਰਕਾਰ ਵਜੋਂ ਕੰਮ ਕਰਨ ਲੱਗ ਪਏ । ਇਥੇ ਹੀ ਆਪ ਨੂੰ ਬੀ ਕੇ. ਦੱਤ ਮਿਲਿਆ। ਉਨੀਂ ਦਿਨੀਂ ਗਰਮ-ਖਿਆਲੀਏ ਨੌਜਵਾਨਾਂ ਨੇ ਕਈ ਜਥੇਬੰਦੀਆਂ ਬਣਾਈਆਂ ਸਨ। ਆਪ ਇਨਾਂ ਸਾਰੀਆਂ ਦੇ ਮੋਹਰੀ ਸਨ। ਇਨ੍ਹਾਂ ਦਿਨਾਂ ਵਿਚ ਹੀ ਆਪ ਦਾ ਮੇਲ ਬਾਬੂ ਚੰਦਰ ਸ਼ੇਖਰ ਆਜ਼ਾਦ ਨਾਲ ਹੋਇਆ। ਅਕਤੂਬਰ 1927 ਈ: ਵਿਚ ਕਾਨਪੁਰ ਵਿਚ ਬੰਬ ਫਟਣ ਦੇ ਕੇਸ ਵਿਚ ਆਪ ਨੂੰ ਕੁਝ ਸਾਥੀਆਂ ਸਮੇਤ ਫੜਿਆ ਗਿਆ ਤੇ ਜ਼ੁਰਮ ਸਾਬਤ ਨਾ ਹੋਣ ਤੇ ਛੱਡ ਦਿੱਤਾ ਗਿਆ।
ਭਾਰਤ ਵਿਚ ਰਾਜ-ਪ੍ਰਬੰਧ ਵਿਚ ਸੁਧਾਰ ਲਿਆਉਣ ਲਈ 20 ਅਕਤੂਬਰ, 1928 ਈ: ਨੂੰ ਇੰਗਲੈਂਡ ਤੋਂ ਸਾਈਮਨ ਕਮਿਸ਼ਨ ਲਾਹੌਰ ਆਇਆ। ਦੇਸ਼ ਦੇ ਇਨਕਲਾਬੀ ਧੜਿਆਂ ਨੇ ਇੱਕ ਕੇਂਦਰੀ ਕੌਂਸਲ ਚੁਣੀ ਅਤੇ ਪੰਜਾਬ ਵੱਲੋਂ ਆਪ ਨੂੰ ਲਿਆ ਗਿਆ। ਇਸ ਕੌਂਸਲ ਨੇ ਕਮਿਸ਼ਨ ਦੇ ਮੈਂਬਰਾਂ ਨੂੰ ਖ਼ਤਮ ਕਰਨ ਦਾ ਫ਼ੈਸਲਾ ਲਿਆ। ਸਰਕਾਰ ਨੇ ਕਮਿਸ਼ਨ ਵਿਰੁੱਧ ਵਿਖਾਵੇ ਰੋਕਣ ਲਈ ਦਫ਼ਾ 144 ਲਗਾ ਦਿੱਤੀ। ਲਾਲਾ ਲਾਜਪਤ ਰਾਏ ਦੀ ਅਗਵਾਈ ਹੇਠ ਇੱਕ ਜਲੂਸ ਕੱਢਿਆ ਗਿਆ। ਪੁਲਿਸ ਨੇ ਲਾਠੀਚਾਰਜ ਕੀਤਾ। ਲਾਲਾ ਲਾਜਪਤ ਰਾਏ ਨੂੰ ਬੜੀਆਂ ਡਾਂਗਾਂ ਪਈਆਂ ਤੇ ਉਹ ਬੁਰੀ ਤਰ੍ਹਾਂ ਫੱਟੜ ਹੋਣ ਕਰ ਕੇ ਕੁਝ ਦਿਨਾਂ ਵਿਚ ਹੀ ਚਲਾਣਾ ਕਰ ਗਏ । ਆਪ ਨੇ ਰਾਜਗੁਰੂ ਤੇ ਸੁਖਦੇਵ ਨਾਲ ਮਿਲ ਕੇ ਸਕਾਟ ਦੀ ਥਾਂ ਸਾਂਡਰਸ ਨੂੰ ਮਾਰ ਦਿੱਤਾ ਤੇ ਆਪ ਖਿਸਕ ਕੇ ਲਾਹੌਰ ਤੋਂ ਦਿੱਲੀ ਪੁੱਜ ਗਏ।
ਅਸੈਂਬਲੀ ਵਿਚ ਬੰਬ ਸੁੱਟਣਾ : 8 ਅਪ੍ਰੈਲ 1929 ਈ: ਨੂੰ ਵਾਇਸਰਾਏ ਦੇ ਹੁਕਮ ਨਾਲ ਮਜ਼ਦੂਰਾਂ ਤੇ ਹੜਤਾਲਾਂ ਸਬੰਧੀ ਬਿੱਲ 'ਤੇ ਬਹਿਸ ਹੋਣੀ ਸੀ। ਆਪ ਨੇ ਰਾਜਗੁਰੂ ਤੇ ਸੁਖਦੇਵ ਨਾਲ ਮਿਲ ਕੇ ਅਸੈਂਬਲੀ ਹਾਲ ਵਿਚ ਦੋ ਬੰਬ ਸੁੱਟੇ ਤੇ ਜ਼ੋਰ-ਜ਼ੋਰ ਨਾਲ ‘ਇਨਕਲਾਬ ਜ਼ਿੰਦਾਬਾਦ’ ਤੇ ‘ਸਾਮਰਾਜ ਮੁਰਦਾਬਾਦ' ਦੇ ਨਾਅਰੇ ਲਾਏ। ਉਪਰੰਤ ਕੁਝ ਇਸ਼ਤਿਹਾਰ ਸੁੱਟੇ ਤੇ ਪਿਸਤੌਲ ਦੋ ਹਵਾਈ ਫਾਇਰ ਕਰ ਕੇ ਆਪਣੇ-ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।
ਫਾਂਸੀ ਦੀ ਸਜ਼ਾ : ਆਪ ਨੂੰ ਅਸੈਂਬਲੀ ਹਾਲ ਵਿਚ ਬੰਬ ਸੁੱਟਣ ਕਰ ਕੇ ਉਮਰ ਕੈਦ ਅਤੇ ਸਾਂਡਰਸ ਨੂੰ ਕਤਲ ਕਰਨ ਕਰਕੇ ਫਾਂਸੀ ਦੀ ਸਜ਼ਾ ਹੋਈ। ਕਚਹਿਰੀ ਵਿਚ ਜਾਣ ਲੱਗਿਆਂ ਆਪ ਜ਼ੋਰਦਾਰ ਆਵਾਜ਼ ਵਿਚ ਇਹ ਪੰਕਤੀ ਪੜਿਆ ਕਰਦੇ ਸਨ:
ਸਰਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ।
ਦੇਖਨਾ ਹੈ ਜ਼ੋਰ ਕਿਤਨਾ ਬਾਜ਼ਏ ਕਾਤਲ ਮੇਂ ਹੈ।
ਅੰਤਿਮ ਯਾਦਗਾਰ : 23-24 ਮਾਰਚ, 1931 ਈ: ਨੂੰ ਆਪ ਨੂੰ ਸਣੇ ਰਾਜਗੁਰੂ ਤੇ ਸੁਖਦੇਵ, ਫ਼ਾਂਸੀ ਉੱਤੇ ਲਟਕਾ ਦਿੱਤਾ ਗਿਆ। ਹਕੂਮਤ ਨੇ ਗੋਰੀ ਫ਼ੌਜ ਰਾਹੀਂ ਤਿੰਨਾਂ ਦਾ ਫਿਰੋਜ਼ਪੁਰ ਦੇ ਨੇੜੇ ਸਤਲੁਜ ਦੇ ਕੰਢੇ ਸਾਂਝੀ ਚਿਖਾ ਤਿਆਰ ਕਰ ਕੇ ਮਿੱਟੀ ਦਾ ਤੇਲ ਪਾ ਕੇ ਅੰਤਿਮ-ਸੰਸਕਾਰ ਕਰ ਦਿੱਤਾ। ਉਪਰੰਤ ਅੱਗ ਦੀ ਸਾਰੀ ਸਮੱਗਰੀ ਦਰਿਆ ਵਿਚ ਰੋਹੜ ਦਿੱਤੀ। ਭਾਰਤੀਆਂ ਨੇ ਇਨ੍ਹਾਂ ਬਹਾਦਰ ਯੋਧਿਆਂ ਦੇ ਅੰਤਿਮ-ਸੰਸਕਾਰ ਦੀ ਥਾਂ ਲੱਭ ਲਈ ਤੇ ਹੁਣ ਫ਼ਿਰੋਜ਼ਪੁਰ ਦੇ ਨੇੜੇ ਦਰਿਆ ਸਤਲੁਜ ਦੇ ਕੰਢੇ ਹੁਸੈਨੀਵਾਲਾ ਵਿਖੇ ਇਨ੍ਹਾਂ ਸ਼ਹੀਦਾਂ ਦੀ ਇੱਕ ਸੁੰਦਰ ਯਾਦਗਾਰ ਬਣਾਈ ਗਈ ਹੈ। ਇੱਥੇ ਹਰ ਸਾਲ 23 ਮਾਰਚ ਨੂੰ ਮੇਲਾ ਲਗਦਾ ਹੈ ਤੇ ਇਨ੍ਹਾਂ ਕੌਮੀ ਪਰਵਾਨਿਆਂ ਨੂੰ ਸ਼ਰਧਾ ਦੇ ਫੁੱਲ ਚੜ੍ਹਾਏ ਜਾਂਦੇ ਹਨ :
ਸ਼ਹੀਦੋਂ ਕੀ ਚਿਤਾਓ ਪਰ ਲਗੇਂਗੇ ਹਰ ਬਰਸ ਮੇਲੇ,
ਵਤਨ ਪਰ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ।
ਅੱਜ ਸਮੁੱਚੇ ਭਾਰਤ ਨੇ ਆਪ ਨੂੰ ਆਜ਼ਾਦੀ ਦੇ ਸੰਗਰਾਮ ਦਾ ਨਾਇਕ ਮੰਨਿਆ ਹੈ।
2 Comments
Publish
ReplyDeleteThick thak tha
ReplyDelete