ਜਵਾਹਰ ਲਾਲ ਨਹਿਰੂ
Jawahar Lal Nehru
ਜਨਮ : ਭਾਰਤ ਦੀ ਸ਼ਾਨ ਨੂੰ ਸੰਸਾਰ ਭਰ ਵਿਚ ਉੱਚਾ ਕਰਨ ਵਾਲੇ ਜਵਾਹਰ ਲਾਲ ਨਹਿਰੂ ਦਾ ਜਨਮ ਕਸ਼ਮੀਰੀ ਪੰਡਤ ਮੋਤੀ ਲਾਲ ਦੇ ਘਰ 14 ਨਵੰਬਰ, 1889 ਈ: ਨੂੰ ਅਲਾਹਾਬਾਦ ਵਿਚ ਹੋਇਆ। ਆਪ ਦੀਆਂ ਦੋ ਭੈਣਾਂ-ਲਕਸ਼ਮੀ ਤੇ ਕ੍ਰਿਸ਼ਨਾ ਸਨ।
ਵਿੱਦਿਆ : ਆਪ ਨੇ ਮੁਢਲੀ ਵਿੱਦਿਆ ਘਰੋਂ ਇੱਕ ਅੰਗਰੇਜ਼ ਇਸਤਰੀ ਤੋਂ ਪ੍ਰਾਪਤ ਕੀਤੀ। ਉਪਰੰਤ ਆਪ ਨੇ ਵਲਾਇਤ ਵਿਚ ਹੈਰੋ ਦੇ ਪਬਲਿਕ ਸਕੂਲ ਤੋਂ ਸਕੂਲੀ ਵਿੱਦਿਆ ਅਤੇ ਕੈਂਬਰਿਜ ਦੇ ਨਟੀ ਕਾਲਜੋਂ ਬੀ. ਏ , ਪਾਸ ਕੀਤੀ। ਵਲਾਇਤੋਂ ਹੀ ਆਪ ਨੇ ਬੈਰਿਸਟਰੀ ਕੀਤੀ।
ਬੈਰਿਸਟਰੀ ਕਰਨ ਤੋਂ ਬਾਅਦ ਆਪ ਨੇ ਅਲਾਹਾਬਾਦ ਵਿਚ ਵਕਾਲਤ ਕੀਤੀ ਤੇ ਇੱਕ ਸਫ਼ਲ ਵਕੀਲ ਮੰਨੇ ਗਏ ।
ਵਿਆਹ : 1916 ਈ: ਵਿਚ ਆਪ ਦਾ ਵਿਆਹ ਦਿੱਲੀ ਦੇ ਇੱਕ ਸੇਠ ਦੀ ਲੜਕੀ ਕਮਲਾ ਦੇਵੀ ਨਾਲ ਹੋਇਆ। ਆਪ ਦੇ ਘਰ ਇਕਲੌਤੀ ਬੱਚੀ ਇੰਦਰਾ ਦਾ ਜਨਮ ਹੋਇਆ | ਕਮਲਾ ਸਿਰਫ਼ ਵੀਹ ਸਾਲ ਹੀ ਆਪ ਦਾ ਸਾਥ ਨਿਭਾਅ ਕੇ ਇੱਕ ਬਿਮਾਰੀ ਕਾਰਨ ਚਲਾਣਾ ਕਰ ਗਈ।
ਮਹਾਤਮਾ ਗਾਂਧੀ ਨਾਲ ਮੇਲ : 1916 ਈ: ਵਿਚ ਹੀ ਆਪ ਦਾ ਮੇਲ ਮਹਾਤਮਾ ਗਾਂਧੀ ਨਾਲ ਕਾਂਗਰਸ ਦੇ ਲਖਨਊ ਸੰਮੇਲਨ ਵਿਚ ਹੋਇਆ। ਆਪ ਮਹਾਤਮਾ ਜੀ ਤੋਂ ਏਨੇ ਪ੍ਰਭਾਵਿਤ ਹੋਏ ਕਿ ਆਪ ਨੇ ਅਮੀਰਾਂ ਵਾਲੀ ਰਹਿਣੀ-ਬਹਿਣੀ ਤਿਆਗ ਕੇ ਖੱਦਰ ਦਾ ਪਹਿਰਾਵਾ ਧਾਰਨ ਕਰ ਲਿਆ: ਮਾਨੋ ਘਰੋਗੀ ਸੁਖਾਂ ਨੂੰ ਤਿਲਾਂਜਲੀ ਦੇ ਕੇ ਦੇਸ਼ ਦੀ ਆਜ਼ਾਦੀ ਦੀ ਜੰਗ ਵਿਚ ਕੁੱਦ ਪਏ । ਭੁੱਖ-ਹੜਤਾਲਾਂ ਕੀਤੀਆਂ, ਸਤਿਆਗ੍ਰਹਿ ਕੀਤੇ, ਪੁਲਿਸ ਦੀਆਂ ਮਾਰਾਂ-ਕੁੱਟਾਂ ਖਾਧੀਆਂ ਤੇ ਜੇ-ਪੰਛੀ ਬਣ ਗਏ।
ਲਹਿਰਾਂ ਵਿਚ ਹਿੱਸਾ ਲੈਣਾ : 13 ਅਪ੍ਰੈਲ, 1919 ਈ: ਵਿਚ ਜਲਿਆਂਵਾਲੇ ਬਾਗ ਦੇ ਖੂਨੀ ਸਾਕੇ ਨੇ ਆਪ ਨੂੰ ਝੰਜੋੜ ਕੇ ਰੱਖ ਦਿੱਤਾ। ਆਪ ਨੇ ਰੋਲਟ ਐਕਟ ਦੀ ਡਟ ਕੇ ਵਿਰੋਧਤਾ ਕੀਤੀ; ਗਾਂਧੀ ਜੀ ਦੀ ‘ਨਾ-ਮਿਲਵਰਤਣ ਲਹਿਰ ਵਿਚ ਆਪਣੇ ਪਿਤਾ ਸਮੇਤ ਵਧ-ਚੜ੍ਹ ਕੇ ਹਿੱਸਾ ਲਿਆ। ਜਦ ਨਾਭੇ ਦੇ ਰਾਜੇ ਨੂੰ ਸਰਕਾਰ ਨੇ ਗੱਦੀਓਂ ਲਾਹ ਦਿੱਤਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੈਤ ਵਿਚ ਜਥੇ ਭੇਜਣੇ ਸ਼ੁਰੂ ਕਰ ਦਿੱਤੇ। ਸਹੀ ਹਾਲਤ ਦਾ ਪਤਾ ਲੈਣ ਲਈ ਆਪ ਨੂੰ ਨਾਭੇ ਜਾਂਦਿਆਂ ਰਾਹ ਵਿਚ ਫੜ ਲਿਆ ਗਿਆ।
1929-30 ਈ: ਵਿਚ ਆਪ ਨੇ ਆਪਣੇ ਪਿਤਾ ਦੀ ਥਾਂ ਕਾਂਗਰਸ ਦੀ ਪ੍ਰਧਾਨਤਾ ਸੰਭਾਲ ਕੇ “ਪੂਰਨ ਸਵਰਾਜ ਦਾ ਨਾਅਰਾ ਲਾਇਆ ਅਤੇ 26 ਜਨਵਰੀ, 1930 ਈ: ਨੂੰ ਸੁਤੰਤਰਤਾ ਦਿਵਸ ਮਨਾਇਆ।19 ਅਪ੍ਰੈਲ, 1930 ਈ: ਨੂੰ ਲੂਣ ਸਤਿਆਗ੍ਰਹਿ ਵਿਚ ਹਿੱਸਾ ਪਾਇਆ। 9 ਅਗਸਤ, 1942 ਈ: ਨੂੰ ਕਾਂਗਰਸ ਨੇ ‘ਭਾਰਤ ਛੱਡ ਦਿਓ ਦਾ ਮਤਾ ਪਾਸ ਕੀਤਾ।
ਭਾਰਤ ਦੇ ਪ੍ਰਧਾਨ ਮੰਤਰੀ ਵਜੋਂ : 1946 ਈ: ਨੂੰ ਜਦ ਦੇਸ਼ ਵਿਚ ਕਾਂਗਰਸ ਤੇ ਮੁਸਲਿਮ ਲੀਗ ਦੀ ਸਾਂਝੀ ਵਜ਼ਾਰਤ ਬਣਾਈ ਗਈ ਤਾਂ ਆਪ ਇਸ ਦੇ ਪ੍ਰਧਾਨ ਮੰਤਰੀ ਬਣੇ। 15 ਅਗਸਤ, 1947 ਨੂੰ ਅੰਗਰੇਜ਼ੀ ਸਾਮਰਾਜ ਨੇ ਭਾਰਤ ਨੂੰ ਦੋ ਹਿੱਸਿਆਂ ਹਿੰਦੁਸਤਾਨ ਤੇ ਪਾਕਿਸਤਾਨ ਵਿਚ ਵੰਡ ਕੇ ਇਥੋਂ ਜਾਣਾ ਸਵੀਕਾਰ ਕਰ ਲਿਆ। ਆਪ ਨੇ ਕਾਂਗਰਸ ਵੱਲੋਂ ਇਸ ਸਕੀਮ ਨੂੰ ਮੰਨਣ ਦਾ ਐਲਾਨ ਕੀਤਾ। ਆਜ਼ਾਦ ਭਾਰਤ ਦੀ ਸਰਕਾਰ ਦਾ ਪਹਿਲਾ ਪ੍ਰਧਾਨ ਮੰਤਰੀ ਬਣਨ ਦਾ ਆਪ ਨੂੰ ਮਾਣ ਪ੍ਰਾਪਤ ਹੋਇਆ। ਆਪ ਸਤਾਰਾਂ ਸਾਲ ਇਸ ਪਦਵੀ 'ਤੇ ਮਾਨ ਮਰਨ ਤੱਕ ਰਹੇ। ਭਾਰਤ ਵਿਚ ਗ਼ੈਰਫ਼ਿਰਕ ਤੇ ਨਿਰਪੱਖ ਰਾਜ ਦੀ ਸਥਾਪਨਾ ਦਾ ਸਿਹਰਾ ਆਪ ਦੇ ਸਿਰ ਹੈ।
ਨਿਰਪੱਖ ਵਿਚਾਰਧਾਰਾ : ਆਪ ਦੀ ਵਿਦੇਸ਼ੀ ਨੀਤੀ ਨਿਰਪੱਖਤਾ 'ਤੇ ਆਧਾਰਿਤ ਸੀ। ਆਪ ਨੇ ਸੰਸਾਰ ਨੂੰ 'ਪੰਚਸ਼ੀਲ ਦਾ ਸੁਨਹਿਰੀ ਸਿਧਾਂਤ ਦਿੱਤਾ। ਆਪ ਨੇ 'ਹਿੰਦ-ਚੀਨੀ ਭਾਈ-ਭਾਈ' ਦਾ ਨਾਅਰਾ ਲਾਇਆ ਪਰ ਚੀਨ ਨੇ 1962 ਈ ਵਿਚ ਭਾਰਤ 'ਤੇ ਹਮਲਾ ਕਰ ਦਿੱਤਾ।
ਅਮਨ-ਪਸੰਦ : ਆਪ ਨੂੰ ਅਮਨ ਦਾ ਦੇਵਤਾ ਕਿਹਾ ਜਾਂਦਾ ਹੈ। ਆਪ ਅੰਤਰਰਾਸ਼ਟਰੀ ਸਮੱਸਿਆਵਾਂ ਸਬੰਧੀ ਨਿਰਪੱਖ ਤੇ ਸੁਲਝੀ ਹੋਈ ਰਾਇ ਦਿੰਦੇ ਰਹੇ ਅਤੇ ਸੰਸਾਰ ਨੂੰ ਤੀਜੇ ਵਿਸ਼ਵ ਯੁੱਧ ਤੋਂ ਬਚਾਉਂਦੇ ਰਹੇ । ਆਪ ਆਪਣੇ ਦੇਸ਼ ਦੀਆਂ ਸਮੱਸਿਆਵਾਂ ਜਿਵੇਂ ਕਿ ਹੈਦਰਾਬਾਦ, ਕਸ਼ਮੀਰ, ਗੋਆ ਤੇ ਚੀਨ ਆਦਿ ਨੂੰ ਬੜੀ ਸਿਆਣਪ ਨਾਲ ਨਿਪਟਾਉਂਦੇ ਰਹੇ।
ਦੁਖੀਆਂ ਦੇ ਮਸੀਹਾ : ਆਪ ਦੁਖੀਆਂ ਦੇ ਦਰਦੀ ਸਨ। ਆਪ ਨੇ ਆਪਣੀ ਸਾਰੀ ਜਾਇਦਾਦ ਕਾਂਗਰਸ ਦੀ ਭੇਟ ਕਰ ਦਿੱਤੀ। ਸਤਾਰਾਂ ਸਾਲ ਦੇ ਥੋੜੇ ਜਿਹੇ ਸਮੇਂ ਵਿਚ ਆਪ ਨੇ ਭਾਰਤ ਨੂੰ ਸਮਾਜਵਾਦੀ ਲੀਹਾਂ ਤੇ ਤੁਰ ਕੇ ਆਰਥਿਕ ਤਰੱਕੀ ਲਈ ਪੰਜ ਸਾਲਾ ਯੋਜਨਾਵਾਂ ਤੇ ਅਮਲ ਕੀਤਾ ਤੇ ਕਰਵਾਇਆ।
ਕੌਮੀ ਸੇਵਕ : ਆਪ ਦਲੇਰ , ਵਧੀਆ ਬੁਲਾਰੇ ਤੇ ਅਣਥੱਕ ਕੌਮੀ ਸੇਵਕ ਸਨ। ਜਿਸ ਦਿਨ ਆਪ ਨੇ ਪਾਣ ਤਿਆਗੇ ਉਸ ਤੋਂ ਪਹਿਲੀ ਰਾਤ ਆਪ ਗਿਆਰਾਂ ਵਜੇ ਸਾਰੀਆਂ ਫ਼ਾਈਲਾਂ ਚੈੱਕ ਕਰ ਕੇ ਸੁੱਤੇ। ਮਾਨੋ ਆਪ ਵਿਚ ਜਵਾਨਾਂ ਵਾਲਾ ਜੋਸ਼ ਅਖੀਰ ਤੱਕ ਕਾਇਮ ਰਿਹਾ।
ਬੱਚਿਆਂ ਨਾਲ ਪਿਆਰ : ਆਪ ਦਾ ਬੱਚਿਆਂ ਨਾਲ ਪਿਆਰ ਸੰਸਾਰ ਭਰ ਵਿਚ ਪ੍ਰਸਿੱਧ ਹੈ । ਬੱਚੇ ਆਪ ਨੂੰ 'ਚਾਚਾ ਨਹਿਰੂ' ਕਹਿ ਕੇ ਯਾਦ ਕਰਦੇ ਹਨ। ਆਪ ਦਾ ਜਨਮ ਦਿਵਸ (14 ਨਵੰਬਰ) ਹੁਣ ਵੀ 'ਬਾਲ ਦਿਵਸ' ਵਜੋਂ ਮਨਾਇਆ ਜਾਂਦਾ ਹੈ। ਤਿਉਹਾਰਾਂ (ਹੋਲੀ ਆਦਿ) 'ਤੇ ਆਪ ਸਦਾ ਬੱਚਿਆਂ ਨਾਲ ਖੇਡਦੇ ਤੇ ਖ਼ੁਸ਼ ਹੁੰਦੇ ਸਨ।
ਸਾਹਿਤਕਾਰ : ਆਪ ਇੱਕ ਉੱਘੇ ਸਾਹਿਤਕਾਰ ਵੀ ਸਨ। ਆਪ ਦੀਆਂ ਅੰਗਰੇਜ਼ੀ ਵਿਚ ਲਿਖੀਆਂ ਪੁਸਤਕਾਂ-ਪਿਤਾ ਵੱਲੋਂ ਧੀ ਨੂੰ ਚਿੱਠੀਆਂ, ਆਤਮਕਥਾ ਤੇ ਭਾਰਤ ਦੀ ਖੋਜ-ਪ੍ਰਸਿੱਧ ਰਚਨਾਵਾਂ ਹਨ। ਇਹ ਸੰਸਾਰ ਦੀਆਂ ਪ੍ਰਮੁੱਖ ਬੋਲੀਆਂ ਵਿਚ ਉਲਥਾਈਆਂ ਜਾ ਚੁੱਕੀਆਂ ਹਨ।
ਵਸੀਅਤ : 27 ਮਈ, 1964 ਈ: ਦੀ ਲਿਖ ਕੇ ਰੱਖੀ ਗਈ ਵਸੀਅਤ ਅਨੁਸਾਰ ਆਪ ਦੀ ਭਸਮ ਨੂੰ ਖੇਤਾਂ ਵਿਚ ਖਿਲਾਰਿਆ ਗਿਆ। ਇੱਕ ਮੁੱਠੀ ਦਰਿਆ ਗੰਗਾ (ਤਿਵੇਣੀ-ਅਲਾਹਾਬਾਦ) ਵਿਚ ਵੀ ਸੁੱਟੀ ਗਈ। ਆਪ ਦੁਆਰਾ ਦੇਸ਼ ਦੀਆਂ ਕੀਤੀਆਂ ਗਈਆਂ ਸੇਵਾਵਾਂ ਸਦਕਾ ਸਾਰਾ ਭਾਰਤ ਆਪ ਦਾ ਰਹਿੰਦੀ ਦੁਨੀਆਂ ਤੱਕ ਰਿਣੀ ਰਹੇਗਾ।
0 Comments