ਅੱਖੀਂ ਡਿੱਠਾ ਵਿਸਾਖੀ ਦਾ ਮੇਲਾ
Ankhi Thida Visakhi Da Mela
ਜਾਣ-ਪਛਾਣ : ਪੰਜਾਬ ਵਿਚ ਵਿਸਾਖੀ ਦਾ ਮੇਲਾ ਬਹੁਤ ਹੀ ਪ੍ਰਸਿੱਧ ਹੈ। ਇਹ ਪਹਿਲੀ ਵਿਸਾਖ (ਸੰਗਰਾਂਦ ਨੂੰ ਲਗਦਾ ਹੈ। ਪੰਜਾਬੀ ਜੱਟ ਆਪਣੀ ਪੱਕੀ ਹੋਈ ਕਣਕ ਨੂੰ ਵੇਖ ਕੇ ਮਸਤੀ ਵਿਚ ਭੰਗੜੇ ਪਾਉਂਦੇ ਹਨ। ਪੰਜਾਬੀਅਤ ਦਾ ਸ਼ੈਦਾਈ ਲਾਲਾ ਧਨੀ ਰਾਮ ਚਾਤ੍ਰਿਕ ਲਿਖਦਾ ਹੈ :
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ।
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
ਵਿਸਾਖੀ ਦੀ ਮਹੱਤਤਾ : ਇਸ ਦਿਨ ਦੀ ਮਹੱਤਤਾ ਦੇ ਕਈ ਕਾਰਨ ਹਨ :
I. ਬਿਕਰਮੀ ਸੰਮਤ ਦਾ ਆਰੰਭ : ਰਾਜੇ ਬਿਕਰਮਾਜੀਤ ਨੇ ਇਸ ਦਿਨ ਬਿਕਰਮੀ ਸੰਮਤ ਸ਼ੁਰੂ ਕੀਤਾ। ਨਵੇਂ ਸੰਮਤ ਪ੍ਰਤੀ ਧਾਰਮਿਕ ਸ਼ਰਧਾ ਨੂੰ ਪ੍ਰਗਟਾਉਂਦਿਆਂ ਲੋਕ ਤੀਰਥਾਂ ਦੇ ਸਰੋਵਰਾਂ 'ਤੇ ਇਸ਼ਨਾਨ ਕਰਦੇ ਹਨ। ਪੰਜਾਬ ਵਿਚ ਅੰਮ੍ਰਿਤਸਰ, ਅਨੰਦਪੁਰ ਸਾਹਿਬ ਤੋਂ ਦਮਦਮਾ ਸਾਹਿਬ ਆਦਿ ਪਵਿੱਤਰ ਥਾਂਵਾਂ ਤੇ ਬਹੁਤ ਵੱਡੇ ਮੇਲੇ ਲਗਦੇ ਹਨ।
II. ਖ਼ਾਲਸਾ ਪੰਥ ਦੀ ਸਥਾਪਨਾ : ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਕੇਸਗੜ੍ਹ ਸਾਹਿਬ (ਅਨੰਦਪੁਰ ਸਾਹਿਬ) ਵਿਖੇ ਖ਼ਾਲਸਾ ਸਾਜਿਆ, ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਅਤੇ ਜਾਤ-ਪਾਤ, ਊਚ-ਨੀਚ ਤੇ ਲਿੰਗ ਆਧਾਰਿਤ ਭੇਦਭਾਵ ਦੂਰ ਕੀਤੇ।
III. ਜਲਿਆਂ ਵਾਲੇ ਬਾਗ਼ ਦਾ ਸਾਕਾ : ਇਸੇ ਦਿਨ 1919 ਈ: ਵਿਚ ਜਨਰਲ ਡਾਇਰ ਨੇ ਜਲਿਆਂਵਾਲੇ ਬਾਗ਼ ਵਿਚ ਮੇਲੇ ਲਈ ਆਈ ਭੀੜ ਨੂੰ ਗੋਲੀਆਂ ਨਾਲ ਉਡਾ ਦਿੱਤਾ, ਮਾਨੋ ਆਜ਼ਾਦੀ ਲਈ ਸੰਗਰਾਮ ਨੂੰ ਤੇਜ਼ ਕਰ ਦਿੱਤਾ। ਇਸ ਖੂਨੀ ਸਾਕੇ ਸਦਕਾ ਹੀ ਅੱਜ ਅਸੀਂ ਆਜ਼ਾਦੀ ਦਾ ਅਨੰਦ ਮਾਣ ਰਹੇ ਹਾਂ। ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਂਦੇ ਹਨ।
IV. ਫੁਟਕਲ ਕਾਰਨ : ਇਸ ਮਹਾਨ ਦਿਨ ’ਤੇ ਅੰਮ੍ਰਿਤਸਰ ਵਿਚ ਵੱਡੀ ਪੱਧਰ 'ਤੇ ਪਸ਼ੂਆਂ ਦੀ ਮੰਡੀ ਲਗਦੀ ਹੈ; ਜੱਟ ਇਥੇ ਪਸ਼ੂ ਵੇਚਦੇ-ਖਰੀਦਦੇ ਹਨ। ਇਸ ਦਿਨ ਨੂੰ ਮੌਸਮੀ ਤਿਉਹਾਰ ਕਰਕੇ ਵੀ ਮਨਾਇਆ ਜਾਂਦਾ ਹੈ।
ਮੇਲੇ ਦੀਆਂ ਖੁਸ਼ੀਆਂ : ਇਸ ਮੇਲੇ ਵਿਚ ਕੁਸ਼ਤੀਆਂ ਵੀ ਹੁੰਦੀਆਂ ਹਨ ਅਤੇ ਭੰਗੜੇ ਵੀ ਪੈਂਦੇ ਹਨ। ਜੇਤੂ ਪਹਿਲਵਾਨਾਂ ਤੇ ਸਭ ਤੋਂ ਵਧੀਆ ਭੰਗੜਾ ਟੀਮ ਨੂੰ ਇਨਾਮ ਦਿੱਤੇ ਜਾਂਦੇ ਹਨ।
ਅੰਮ੍ਰਿਤਸਰ ਦੀ ਵਿਸਾਖੀ : ਇਹ ਮੇਲਾ ਉਂਝ ਤਾਂ ਹਰ ਸ਼ਹਿਰ ਵਿਚ ਲਗਦਾ ਹੈ ਪਰ ਅੰਮ੍ਰਿਤਸਰ ਦੀ ਵਿਸਾਖੀ ਤਾਂ ਵੇਖਣਯੋਗ ਹੁੰਦੀ ਹੈ। ਜੱਟ ਸਜ-ਧਜ ਕੇ ਉਚੇਚੇ ਇਸ ਮੇਲੇ ਦਾ ਅਨੰਦ ਮਾਣਨ ਲਈ ਹੁੰਮ-ਹੁਮਾ ਕੇ ਪੁੱਜਦੇ ਹਨ । ਇਸ ਸਾਲ ਮੈਂ ਵੀ ਆਪਣੇ ਪਿਤਾ ਜੀ ਨਾਲ ਇਸ ਮੇਲੇ ਨੂੰ ਵੇਖਣ ਲਈ ਅੰਮ੍ਰਿਤਸਰ ਗਿਆ | ਯਾਤਰੂਆਂ ਲਈ ਬਣੀਆਂ ਸਰਾਵਾਂ ਵਿਚ ਕੋਈ ਖ਼ਾਲੀ ਥਾਂ ਨਹੀਂ ਸੀ। ਅਸੀਂ ਜੋੜੇ ਘਰ ਵਿਚ ਜੋੜੇ (ਬੂਟ-ਜੁੱਤੀਆਂ) ਜਮਾਂ ਕਰਵਾ ਕੇ 'ਧੰਨ ਗੁਰੂ ਰਾਮ ਦਾਸ ਦਾ ਜਾਪ ਕਰਦੇ ਦੁੱਖ-ਭੰਜਨੀ ਬੇਰੀ ਕੋਲ ਅੰਮ੍ਰਿਤ ਸਰੋਵਰ ਵਿਚ ਇਸ਼ਨਾਨ ਕੀਤਾ। ਅਸੀਂ ਖੱਬੇ ਪਾਸਿਓ ਸੀ ਹਰਿਮੰਦਰ ਸਾਹਿਬ ਦੀ ਪਰਕਰਮਾ ਕਰਦੇ ਹੋਏ ਬਾਬਾ ਦੀਪ ਸਿੰਘ ਜੀ ਦੇ ਸੀਸ ਡਿੱਗਣ ਵਾਲੀ ਥਾਂ 'ਤੇ ਪੁੱਜ ਕੇ ਰੁਕ ਗਏ । ਅਸੀਂ “ਧੰਨ ਬਾਬਾ ਦੀਪ ਸਿੰਘ' ਕਰਦੇ ਉਸ ਅਦੁੱਤੀ ਸ਼ਹੀਦ ਅੱਗੇ ਆਪਣਾ ਸਿਰ ਨਿਵਾਇਆ। ਇੱਕ ਯਾਤਰੂ ਨੇ ਸਾਨੂੰ ਇਸ ਮਹਾਨ ਸ਼ਹੀਦ ਦੀ ਵਾਰਤਾ ਸੁਣਾਉਣੀ ਸ਼ੁਰੂ ਕਰ ਦਿੱਤੀ। ਅਜੇ ਇਹ ਵਾਰਤਾ ਚੱਲ ਹੀ ਰਹੀ ਸੀ ਕਿ ਅਸੀਂ ਨੁੱਕਰ ਵਿਚ ਚੰਬਲੀ-ਗੁਲਾਬ ਆਦਿ ਫੁੱਲ ਵੇਚਣ ਵਾਲੇ ਕੋਲ ਰੁਕ ਕੇ ਦੋ ਹਾਰ ਲਏ । ਬਾਬਾ ਜੀ ਦੀ ਸ਼ਹੀਦੀ ਦੀ ਕਥਾ ਮਸਾਂ ਮੁੱਕੀ ਹੀ ਸੀ ਕਿ ਕੜਾਹ-ਪ੍ਰਸ਼ਾਦ ਵਾਲੀ ਥਾਂ ਆ ਗਈ। ਅਸੀਂ ਕੜਾਹ-ਪ੍ਰਸ਼ਾਦ ਲੈ ਕੇ ਗੁਰਦੁਆਰਾ ਲਾਚੀ ਬੇਰ ਨੂੰ ਮੱਥਾ ਟੇਕਿਆ। ਗੁਰਦੁਆਰਾ ਦੁੱਖ-ਭੰਜਨੀ ਸਾਹਿਬ ਵਾਂਗ ਇਥੇ ਵੀ ਅਖੰਡ ਪਾਠ ਹੋ ਰਿਹਾ ਸੀ। ਉਪਰੰਤ ਦਰਸ਼ਨੀ ਡਿਓਢੀ ਦੇ ਦਰਵਾਜ਼ੇ ਨੂੰ ਨਮਸਕਾਰ ਕਰ ਕੇ ਅਸੀਂ ਹਰਿਮੰਦਰ ਸਾਹਿਬ ਜਾਣ ਲਈ ਪੁਲ ਪਾਰ ਕੀਤਾ। ਇਥੇ ਸ਼ਬਦ ਕੀਰਤਨ ਹੋ ਰਿਹਾ ਸੀ। ਅਸੀਂ ਫੁੱਲਾਂ ਦੇ ਹਾਰ ਤੇ ਕੜਾਹ-ਪ੍ਰਸ਼ਾਦ ਚੜ੍ਹਾਇਆ। ਅਸੀਂ ਸਭ ਤੋਂ ਉੱਪਰਲੀ ਮੰਜ਼ਿਲ ਵਿਚ ਸ਼ੀਸ਼ ਮਹਿਲ ਵੇਖਿਆ ਜਿੱਥੇ ਗੁਰੂ ਅਰਜਨ ਦੇਵ ਜੀ ਭਗਤੀ ਕਰਿਆ ਕਰਦੇ ਸਨ। ਅਸੀਂ ਇੱਕ ਨੁੱਕਰੇ ਬੈਠ ਕੇ ਇੱਕ ਘੰਟਾ ਕੀਰਤਨ ਦਾ ਅਨੰਦ ਮਾਣਿਆ।
ਹਰਿਮੰਦਰ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਅਸੀਂ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਸਭ ਤੋਂ ਵੱਡੀ ਕਚਹਿਰੀ ਅੱਗੇ ਸੀਸ ਨਿਵਾਇਆ। ਪਰਿਕਰਮਾ ਦਾ ਚੱਕਰ ਪੂਰਾ ਕਰਦਿਆਂ ਅਸੀਂ ਅਜਾਇਬ ਘਰ ਤੋਂ ਹੁੰਦੇ ਹੋਏ ਜੋੜਿਆਂ ਵਾਲੀ ਥਾਂ 'ਤੇ ਪੁੱਜ ਗਏ। ਜੋੜੇ ਪਾ ਕੇ ਅਸੀਂ ਜਲਿਆਂਵਾਲੇ ਬਾਗ਼ ਗਏ । ਭੀੜ ਇੰਨੀ ਜ਼ਿਆਦਾ ਸੀ ਕਿ ਮੋਢੇ ਨਾਲ ਮੋਢਾ ਵਜਦਾ ਸੀ। ਅਸੀਂ ਲੋੜ ਅਨੁਸਾਰ ਕੁਝ ਸ਼ਬਦਾਂ ਦੇ ਕੈਸੇਟ, ਕੁਝ ਖਿਡੌਣੇ ਤੇ ਮਠਿਆਈ ਦਾ ਡੱਬਾ ਖ਼ਰੀਦਿਆ। ਅਸੀਂ ਇੱਕ ਢਾਬੇ ਵਿਚੋਂ ਪੁੜੀਆਂ-ਛੋਲੇ ਖਾਧੇ, ਜਲੇਬੀਆਂ ਖਾਧੀਆਂ ਤੇ ਵਾਪਸੀ ਲਈ ਰਿਕਸ਼ੇ ਵਿਚ ਬੈਠ ਕੇ ਬੱਸ ਸਟੈਂਡ 'ਤੇ ਪੁੱਜ ਗਏ । ਅਸੀਂ ਸਭ ਕੁਝ ਦੇਖ-ਸੁਣ ਕੇ ਤਿੰਨ ਵਜੇ ਘਰ ਵਾਪਸ ਆ ਗਏ ।
0 Comments