ਦੀਵਾਲੀ
Diwali
ਅਰਥ : ਦੀਵਾਲੀ ਸ਼ਬਦ ਦੀਪਾਵਲੀ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਦੀਵਿਆਂ ਦੀਆਂ ਪਾਲਾਂ ਅਥਵਾ ਕਤਾਰਾਂ। ਦੀਵਾਲੀ ਵਾਲੀ ਰਾਤ ਲੋਕ ਆਪਣੇ ਘਰਾਂ ਦੀਆਂ ਕੰਧਾਂ, ਬਨੇਰਿਆਂ ਤੇ ਗੇਟਾਂ ਉੱਤੇ ਦੀਵੇ, ਮੋਮਬੱਤੀਆਂ ਤੇ ਬਿਜਲੀ ਦੇ ਬੱਲਬ ਆਦਿ ਜਗਾਉਂਦੇ ਹਨ । ਇਸ ਲਈ ਇਸ ਨੂੰ ਦੀਵਿਆਂ ਦੀ ਰਾਤ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ।
ਮਹੱਤਤਾ ਦੇ ਕਾਰਨ : ਇਹ ਤਿਉਹਾਰ ਦੁਸਹਿਰੇ ਤੋਂ ਵੀਹ ਦਿਨ ਬਾਅਦ ਕੱਤਕ ਦੀ ਮੱਸਿਆ ਵਾਲੇ ਦਿਨ ਆਮ ਤੌਰ ਤੇ ਨਵੰਬਰ ਵਿਚ ਆਉਂਦਾ ਹੈ। ਇਹ ਕਈ ਕਾਰਨਾਂ ਕਰਕੇ ਸਭ ਭਾਰਤੀਆਂ ਦੁਆਰਾ ਮਨਾਇਆ ਜਾਂਦਾ ਹੈ।
I. ਇੱਕ ਤਾਂ ਇਸ ਦਿਨ ਸ੍ਰੀ ਰਾਮ ਚੰਦਰ ਜੀ ਚੌਦਾਂ ਸਾਲ ਬਨਵਾਸ ਕੱਟ ਕੇ ਲੰਕੇਸ਼ਵਰ ਰਾਵਣ ਤੇ ਉਸ ਦੀ ਸੈਨਾ ਨੂੰ ਮਾਰ ਕੇ ਸੀਤਾ ਨੂੰ ਆਜ਼ਾਦ ਕਰਾ ਕੇ ਅਯੁੱਧਿਆ ਆਏ। ਉਨ੍ਹਾਂ ਦੀ ਆਮਦ ਦੀ ਖੁਸ਼ੀ ਵਿਚ ਘਰਾਂ ਦੀਆਂ ਛੱਤਾਂ ਉੱਤੇ ਦੀਵੇ ਜਗਾਏ ਗਏI
II. ਇਸੇ ਦਿਨ ਜਹਾਂਗੀਰ ਦੇ ਬੰਦੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ 52 ਕੈਦੀ ਰਾਜਿਆਂ ਸਮੇਤ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋ ਕੇ ਅੰਮ੍ਰਿਤਸਰ ਪੁੱਜੇ। ਇਸੇ ਖੁਸ਼ੀ ਵਿਚ ਅੰਮ੍ਰਿਤਸਰੀਆਂ ਨੇ ਦੀਪਮਾਲਾ ਕੀਤੀ ਤੇ ਪਟਾਕੇ ਚਲਾਏI
III. ਆਰੀਆ ਸਮਾਜ ਦੇ ਨੇਤਾ ਸਵਾਮੀ ਦਇਆਨੰਦ ਅਤੇ ਜੈਨੀਆਂ ਦੇ ਨੇਤਾ ਮਹਾਂਵੀਰ ਜੀ ਨੂੰ ਏਸੇ ਦਿਨ ਨਿਰਵਾਣ ਪ੍ਰਾਪਤ ਹੋਇਆ IV. ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਵੀ ਏਸੇ ਦਿਨ ਹੋਈ। ਵਪਾਰੀ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਆਪਣੇ ਵਪਾਰ ਦਾ ਹਿਸਾਬ-ਕਿਤਾਬ ਕਰ ਕੇ ਲਾਭ-ਹਾਨ ਦੇ ਅੰਕੜੇ ਕੱਢ ਕੇ ਅਗਲੇ ਸਾਲ ਦੀਆਂ ਨਵੀਆਂ ਕਿਤਾਬਾਂ ਚਾਲੂ ਕਰਦੇ ਹਨ। ਉਹ ਉਚੇਚੇ ਤੌਰ 'ਤੇ ਲਛਮੀ ਦੀ ਪੂਜਾ ਕਰਦੇ ਹੋਏ ਹਵਨ ਤੇ ਪਾਠ ਕਰਵਾਉਂਦੇ ਹਨ।
IV. ਲੋਕ ਇਸ ਦਿਨ ਨੂੰ ਲੱਛਮੀ ਦਾ ਵਿਸ਼ੇਸ਼ ਦਿਨ ਮੰਨਦੇ ਹਨ, ਉਹ ਘਰਾਂ-ਦੁਕਾਨਾਂ ਦੀ ਨੁੱਕਰ-ਨੁੱਕਰ ਸਾਫ਼ ਕਰਵਾ ਕੇ ਸਫੈਦੀ ਕਰਵਾਉਂਦੇ ਹਨ। ਉਹ ਦੀਵੇ ਜਗਾਉਂਦੇ, ਕਮਰਿਆਂ ਨੂੰ ਰੌਸ਼ਨ ਕਰਦੇ ਤੇ ਸਾਰੀ ਰਾਤ ਦਰਵਾਜ਼ੇ ਖੁੱਲੇ ਰੱਖਦੇ ਹਨ। ਇਹ ਵੀ ਵਿਸ਼ਵਾਸ ਪ੍ਰਚਲਿਤ ਹੈ ਕਿ ਇਸ ਦਿਨ ਲਛਮੀ ਹਰ ਘਰ ਵਿਚ ਫੇਰਾ ਪਾਉਂਦੀ ਹੈ।
ਖੁਸ਼ੀ ਦਾ ਪ੍ਰਗਟਾਵਾ : ਇਸ ਸਰਬ-ਸਾਂਝੇ ਤਿਉਹਾਰ ਨੂੰ ਮਨਾਉਣ ਲਈ ਘਰਾਂ, ਗੁਰਦੁਆਰਿਆਂ, ਮੰਦਰਾਂ, ਗਲੀਆਂ ਦੇ ਮੋੜਾਂ ਤੇ ਚੁਰਸਤਿਆਂ ਆਦਿ ਤੇ ਦੀਵੇ, ਮੋਮਬੱਤੀਆਂ ਤੇ ਬਿਜਲੀ ਦੇ ਬੱਲਬ ਜਗਾਏ ਜਾਂਦੇ ਹਨ। ਬੱਚੇ, ਜਵਾਨ ਤੇ ਬੁੱਢੇ ਪਟਾਕੇ , ਬੰਬ, ਫੁਲਝੜੀਆਂ ਤੇ ਅਨਾਰ ਆਦਿ ਚਲਾਉਂਦੇ ਹਨ। ਬੱਚੇ ਤਾਂ ਕਈ ਦਿਨ ਪਟਾਕੇ ਚਲਾਉਂਦੇ ਹੀ ਰਹਿੰਦੇ ਹਨ। ਇਸ ਦਿਨ ਨਿਰੀ ਲੱਛਮੀ ਨੂੰ ਹੀ ਨਹੀਂ, ਧੀਆਂ-ਧਿਆਣੀਆਂ ਨੂੰ ਵੀ ਪੂਜਿਆ ਜਾਂਦਾ ਹੈ। ਵਧੀਆ ਖਾਣੇ ਬਣਾ ਕੇ ਖਾਧੇ ਜਾਂਦੇ ਹਨ। ਮਠਿਆਈਆਂ ਤੇ ਫ਼ਲ ਫਰਟ ਨਾ ਸਿਰਫ਼ ਆਪ ਖਾਧੇ ਜਾਂਦੇ ਹਨ ਸਗੋਂ ਧੀਆਂ ਧਿਆਣੀਆਂ, ਦੋਸਤਾਂ ਮਿੱਤਰਾਂ, ਰਿਸ਼ਤੇਦਾਰਾਂ ਤੇ ਅਫ਼ਸਰਾਂ ਨੂੰ ਵੀ ਮਠਿਆਈਆਂ ਦੇ ਡੱਬਿਆਂ ਦੇ ਡੱਬੇ ਸਣੇ ਵਧਾਈ-ਕਾਰਡ ਦੇ ਭੇਜੇ ਜਾਂਦੇ ਹਨ । ਕੋਈ ਨਾ ਕੋਈ ਨਵਾਂ ਭਾਂਡਾ ਖ਼ਰੀਦਣਾ ਸ਼ੁਭ ਸ਼ਗਨ ਸਮਝਿਆ ਜਾਂਦਾ ਹੈ।
ਬਾਜ਼ਾਰਾਂ ਵਿਚ ਰੌਣਕਾਂ : ਬਾਜ਼ਾਰਾਂ ਦੀ ਸਜਾਵਟ ਤੇ ਰੌਣਕ ਵੇਖਣ ਵਾਲੀ ਹੁੰਦੀ ਹੈ। ਹਲਵਾਈਆਂ ਨੇ ਕਈ ਤਰ੍ਹਾਂ ਦੀਆਂ ਮਠਿਆਈਆਂ ਦੇ ਮਨਾਰੇ ਬਣਾਏ ਹੁੰਦੇ ਹਨ। ਪਟਾਕਿਆਂ ਦੀਆਂ ਦੁਕਾਨਾਂ ਤੋਂ ਪਟਾਕੇ ਲੈਣ ਲਈ ਡੀਪੂ ਤੋਂ ਆਟਾ ਖੰਡ ਲੈਣ ਵਾਂਗ ਕਤਾਰ ਵਿਚ ਖੜਾ ਹੋਣਾ ਪੈਂਦਾ ਹੈ। ਭਕਾਨਿਆਂ ਤੋਂ ਖਿਡੌਣਿਆਂ ਵਾਲਿਆਂ ਦਾ ਮਾਲ ਹੋਧੇ ਹੋਧੀ ਵਿਕਦਾ ਨਜ਼ਰ ਆਉਂਦਾ ਹੈ।
ਅੰਮ੍ਰਿਤਸਰ ਦੀ ਦੀਵਾਲੀ : ਭਾਵੇਂ ਦੀਵਾਲੀ ਹਰ ਥਾਂ `ਤੇ ਜੋਸ਼ੋ-ਖਰੋਸ਼ ਨਾਲ ਮਨਾਈ ਜਾਂਦੀ ਹੈ ਪਰ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਦੀਵਾਲੀ ਦੀ ਸ਼ਾਨ ਵੇਖਣਯੋਗ ਹੁੰਦੀ ਹੈ। ਬੱਲਰਾਂ ਦੀਆਂ ਲੜੀਆਂ ਨੇ ਅਨੋਖਾ ਰੰਗ ਬੰਨਿਆਂ ਹੁੰਦਾ ਹੈ; ਦਰਸ਼ਨੀ ਡਿਓਢੀ ਵਾਲੇ ਬੰਗੇ ਤੋਂ ਆਤਿਸ਼ਬਾਜ਼ੀ ਸੋਨੇ 'ਤੇ ਸੁਹਾਗੇ ਦਾ ਕੰਮ ਕਰਦੀ ਹੈ। ਪਰਿਕਰਮਾ ਵਿਚ ਸੰਗਤਾਂ ਦਾ ਹੜ੍ਹ ਆਇਆ ਹੁੰਦਾ ਹੈ, ਮੋਢੇ ਨਾਲ ਮੋਢਾ ਵਜਦਾ ਹੈ। ਏਥੇ ਇਹ ਤਿਉਹਾਰ ਪੂਰਾ ਹਫ਼ਤਾ ਮਨਾਇਆ ਜਾਂਦਾ ਹੈ।
ਸੁਝਾਓ : ਜਿਹੜੇ ਲੋਕ ਇਸ ਤਿਉਹਾਰ ਤੋਂ ਜੂਆ ਖੇਡਦੇ, ਮਾਸ ਖਾਂਦੇ, ਸ਼ਰਾਬ ਪੀਂਦੇ, ਬੇਧਿਆਨੇ ਪਟਾਕੇ ਚਲਾ ਕੇ ਆਪਣਾ-ਆਪ ਜਾਂ ਘਰ-ਬਾਹਰ ਸਾੜ ਲੈਂਦੇ ਹਨ, ਉਹ ਇਸ ਦੀ ਪਵਿੱਤਰਤਾ ਨੂੰ ਅਪਵਿੱਤਰਤਾ ਵਿਚ ਬਦਲ ਦਿੰਦੇ ਹਨ। ਸਾਨੂੰ ਇਸ ਨੂੰ ਸੁਚੱਜੇ ਢੰਗ ਨਾਲ ਮਨਾ ਕੇ ਆਪਣੀ ਖੁਸ਼ੀ ਵਿਚ ਵਾਧਾ ਕਰਨਾ ਚਾਹੀਦਾ ਹੈ।
0 Comments