ਦੁਸਹਿਰਾ 

Dussehra 

ਜਾਣ-ਪਛਾਣ : ਦੁਸਹਿਰਾ ਭਾਰਤ ਦਾ ਇੱਕ ਪ੍ਰਮੁੱਖ ਤਿਉਹਾਰ ਹੈ। ਸ੍ਰੀ ਰਾਮ ਚੰਦਰ ਜੀ ਨੇ ਆਪਣੀ ਧਰਮ-ਪਤਨੀ ਸੀਤਾ ਨੂੰ ਆਜ਼ਾਦ ਕਰਾਉਣ ਲਈ ਦਸ-ਸੀਸਧਾਰੀ ਰਾਖਸ਼ ਰਾਵਣ ਨੂੰ ਮਾਰ ਮੁਕਾਇਆ। ਇਸ ਦਿਨ ਨੂੰ ਵਿਜੈਦਸ਼ਮੀ ਵੀ ਕਿਹਾ ਜਾਂਦਾ ਹੈ-ਇੰਦਰ ਨੇ ਦੁਰਗਾ ਦੀ ਸਹਾਇਤਾ ਨਾਲ ਨੌਂ ਦਿਨ ਹੂ-ਡੋਲਵੀਂ ਲੜਾਈ ਕਰ ਕੇ ਦਸਵੇਂ ਦਿਨ ਦੈਤ ਮਹਿਖਾਸੁਰ ਨੂੰ ਖ਼ਤਮ ਕੀਤਾ। ਇਹ ਤਿਉਹਾਰ ਨੇਕੀ ਦੀ ਬਦੀ ਉੱਪਰ ਅਤੇ ਸੱਚ ਦੀ ਝੂਠ ਉੱਪਰ ਜਿੱਤ ਦਾ ਵੀ ਪ੍ਰਤੀਕ ਹੈ।

ਰਾਮ ਲੀਲਾ : ਦੁਸਹਿਰੇ ਤੋਂ ਪਹਿਲਾਂ ਦਸ ਦਿਨ ਰਾਹੀਂ ਰਾਮ ਲੀਲਾ ਨਾਟਕ ਦੇ ਰੂਪ ਵਿਚ ਵਿਖਾਈ ਜਾਂਦੀ ਹੈ। ਕਿਵੇਂ ਅਯੁੱਧਿਆ ਦੇ ਰਾਜੇ ਦਸ਼ਰਥ ਦੀ ਰਾਣੀ ਕੌਸ਼ੱਲਿਆ ਵਿਚੋਂ ਰਾਮ, ਸੁਮਿੱਤਰਾ ਤੋਂ ਲਛਮਣ ਤੇ ਸ਼ਤਰੂਘਨ ਅਤੇ ਕੈਕਈ ਤੋਂ ਭਰਤ ਜਨਮਿਆ ? ਕਿਵੇਂ ਰਾਜਾ ਆਪਣੇ ਵੱਡੇ ਪੁੱਤਰ ਰਾਮ ਨੂੰ ਰਾਜ ਦੇਣਾ ਚਾਹੁੰਦਾ ਹੋਇਆ ਵੀ ਨਾ ਦੇ ਸਕਿਆ ਕਿਉਂਕਿ ਕੈਕਈ ਨੇ ਯੁੱਧ ਵਿਚ ਕੀਤੀ ਸਹਾਇਤਾ ਬਦਲੇ ਲਏ ਆਪਣੇ ਦੋ ਵਰ ਪੂਰੇ ਕਰਵਾਏ-ਰਾਜ ਭਰਤ ਨੂੰ ਦਿੱਤਾ ਗਿਆ ਅਤੇ ਰਾਮ ਨੂੰ ਚੌਦਾਂ ਸਾਲਾਂ ਦਾ ਬਨਵਾਸ ? ਕਿਵੇਂ ਰਾਮ, ਲਛਮਣ ਤੇ ਸੀਤਾ ਦੱਖਣੀ ਭਾਰਤ ਦੇ ਜੰਗਲਾਂ ਵਿਚ ਬਨਵਾਸ ਕੱਟਣ ਲਈ ਚਲੇ ਗਏ ? ਕਿਵੇਂ ਭਰਤ ਨੇ ਵੱਡੇ ਭਰਾ ਨੂੰ ਜੰਗਲਾਂ ਵਿਚੋਂ ਲੱਭ ਕੇ ਉਸ ਦੀਆਂ ਖੜਾਵਾਂ ਰਾਜ-ਗੱਦੀ ਉੱਤੇ ਟਿਕਾਅ ਕੇ ਰਾਜ ਪ੍ਰਬੰਧ ਕੀਤਾ? ਕਿਵੇਂ ਰਾਮ ਨੇ ਰਾਵਣ ਦੀ ਭੈਣ ਸਰੂਪਨਖਾ ਨਾਲ ਲਛਮਣ ਦੇ ਵਿਆਹ ਦੀ ਤਜਵੀਜ਼ ਠੁਕਰਾ ਦਿੱਤੀ ਤੇ ਹੰਕਾਰੀ ਰਾਵਣ ਨੇ ਸੀਤਾ ਨੂੰ ਚੁੱਕ ਕੇ ਬਾਗ਼ ਵਿਚ ਕੈਦ ਕਰ ਦਿੱਤਾ? ਕਿਵੇਂ ਰਾਮ ਨੇ ਹਨੂਮਾਨ ਰਾਹੀਂ ਸੀਤਾ ਨਾਲ ਤਾਲਮੇਲ ਪੈਦਾ ਕੀਤਾ ਅਤੇ ਲੰਕਾ ਤੇ ਧਾਵਾ ਬੋਲ ਕੇ ਲੰਕਾਪਤੀ ਰਾਵਣ ਨੂੰ ਖ਼ਤਮ ਕਰ ਕੇ ਸੀਤਾ ਨੂੰ ਛੁਡਾ ਲਿਆਂਦਾ। ਰਾਮ ਦੀ ਇਸ ਜਿੱਤ ਦੀ ਖ਼ੁਸ਼ੀ ਵਿਚ ਇਹ ਤਿਉਹਾਰ ਮਨਾਇਆ ਜਾਂਦਾ ਹੈ।

ਪੁਤਲੇ ਸਾੜਨੇ : ਹਰ ਸਾਲ ਪਿੰਡਾਂ ਜਾਂ ਸ਼ਹਿਰੋਂ ਬਾਹਰ , ਅਕਤੂਬਰ ਵਿਚ, ਖੁੱਲ੍ਹੇ ਮੈਦਾਨ ਵਿਚ ਲੰਕੇਸ਼ਵਰ ਰਾਵਣ, ਉਸ ਦੇ ਭਰਾ ਕੁੰਭਕਰਨ ਅਤੇ ਪੁੱਤਰ ਮੇਘਨਾਥ ਦੇ ਪਟਾਕਿਆਂ ਭਰੇ ਪੁਤਲੇ ਖੜ੍ਹੇ ਕੀਤੇ ਜਾਂਦੇ ਹਨ। ਦੁਸਹਿਰਾ ਵੇਖਣ ਲਈ ਦੁਪਹਿਰ ਤੋਂ ਬਾਅਦ ਭੀੜ ਹੋਣੀ ਸ਼ੁਰੂ ਹੋ ਜਾਂਦੀ ਹੈ। ਸ਼ਾਮੀਂ ਸ੍ਰੀ ਰਾਮ ਚੰਦਰ ਜੀ ਦੀ ਸਵਾਰੀ ਜਲੂਸ ਦੇ ਰੂਪ ਵਿਚ ਆਪਣੀ ਸੈਨਾ ਸਮੇਤ ਉੱਥੇ ਪੁੱਜਦੀ ਹੈ। ਝੂਠੀ-ਮੂਠੀ ਲੜਾਈ ਵਿਚ ਰਾਵਣ ਤੇ ਉਸ ਦੇ ਸਾਥੀਆਂ ਨੂੰ ਤੀਰ ਮਾਰੇ ਜਾਂਦੇ ਹਨ । ਸੂਰਜ ਡੁੱਬਣ ਵੇਲੇ ਪੁਤਲਿਆਂ ਨੂੰ ਅੱਗ ਲਾਈ ਜਾਂਦੀ ਹੈ। ਪੁਤਲਿਆਂ ਅੰਦਰ ਰੱਖੇ ਪਟਾਕੇ ਠਾਹ-ਠਾਹ ਕਰਦੇ ਚਲਦੇ ਹਨ। ਪੁਤਲੇ ਸੜ ਕੇ ਸੁਆਹ ਹੋ ਜਾਂਦੇ ਹਨ। ਲੋਕ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਵਾਪਸ ਚਲੇ ਜਾਂਦੇ ਹਨ। ਕਈ ਰਾਵਣ ਦੇ ਸੜਦੇ ਪੁਤਲੇ ਵਿਚੋਂ ਬਾਂਸ ਦੀਆਂ ਲੱਕੜੀਆਂ ਕੱਢ ਕੇ ਲੈ ਜਾਂਦੇ ਹਨ। ਉਹ ਸਮਝਦੇ ਹਨ ਕਿ ਇਹ ਲੱਕੜਾਂ ਰੱਖਣ ਨਾਲ ਘਰ ਵਿਚ ਭੂਤ-ਪ੍ਰੇਤ ਨਹੀਂ ਆਉਂਦੇ।

ਬਾਜ਼ਾਰਾਂ ਦਾ ਦ੍ਰਿਸ਼ : ਇਸ ਦਿਨ ਖੂਬ ਰੋਣਕਾਂ ਹੁੰਦੀਆਂ ਹਨ। ਹਲਵਾਈ ਮਠਿਆਈਆਂ ਵੇਚਦੇ ਨਹੀਂ ਸਕਦੇ, ਖਿਡੌਣਿਆਂ ਦੀਆਂ ਦੁਕਾਨਾਂ ਖ਼ਾਲੀ ਹੋ ਜਾਂਦੀਆਂ ਹਨ, ਝੂਲਿਆਂ ਵਾਲੇ ਰਜਵੀਂ ਕਮਾਈ ਕਰਦੇ ਹਨ, ਭੁਕਾਨਿਆਂ ਤੁਤਲਿਆਂ ਵਾਲਿਆਂ ਦੀ ਮੌਜ ਲੱਗ ਜਾਂਦੀ ਹੈ। ਲੋਕ ਨਵੇਂ ਕੱਪੜਿਆਂ ਵਿਚ ਸਜ ਧਜ ਕੇ ਆਉਂਦੇ ਹਨ ਤੇ ਵਿਤ ਬਾਹਰਾ ਪੈਸਾ ਖਰਚਣ ਤੋਂ ਪਰਹੇਜ਼ ਨਹੀਂ ਕਰਦੇ।

ਸਿੱਖਿਆ : ਇਸ ਤਿਉਹਾਰ ਤੋਂ ਸਾਨੂੰ ਦਸ਼ਰਥ ਜਿਹਾ ਰਾਜਾ, ਰਾਮ ਜਿਹਾ ਆਗਿਆਕਾਰ ਪੁੱਤਰ, ਲਛਮਣ ਜਿਹਾ ਦੁਖ-ਸੁਖ ਦਾ ਭਾਈਵਾਲ ਭਰਾ ਅਤੇ ਸੀਤਾ ਜਿਹੀ ਸਤਵੰਤੀ ਪਤਨੀ ਬਣਨ ਦੀ ਪ੍ਰੇਰਨਾ ਮਿਲਦੀ ਹੈ। ਇਹ ਵੀ ਪਤਾ ਲਗਦਾ ਹੈ ਕਿ ਨੇਕੀ ਬਦੀ ਉੱਤੇ ਅਤੇ ਸੱਤ ਝੂਠ ਉੱਤੇ ਹਾਵੀ ਹੋ ਕੇ ਰਹਿੰਦਾ ਹੈ। ਜ਼ਾਲਮ ਵਿਅਕਤੀ ਦਾ ਹਾਲ ਰਾਵਣ ਵਰਗਾ ਹੁੰਦਾ ਹੈ, ਅਜਿਹੇ ਨੂੰ ਮਾਰਨਾ ਹੀ ਪੁੰਨ ਹੁੰਦਾ ਹੈ।

ਸਾਨੂੰ ਇਹੋ ਜਿਹੇ ਤਿਉਹਾਰ ਮਿਲਜੁਲ ਕੇ ਮਨਾਉਣੇ ਚਾਹੀਦੇ ਹਨ। ਇਨ੍ਹਾਂ ਤੋਂ ਮਿਲਦੀਆਂ ਸਿੱਖਿਆਵਾਂ 'ਤੇ ਅਮਲ ਕਰਨਾ ਚਾਹੀਦਾ ਹੈ।