ਵਰਖਾ ਦਾ ਇੱਕ ਦਿਨ
Barish Da Ek Din
ਅਤਿ ਦੀ ਗਰਮੀ ਦਾ ਦਿਨ : ਪਿਛਲੇ ਸਾਲ 15 ਜੂਨ ਦੀ ਗੱਲ ਹੈ। ਅਤਿ ਦੀ ਗਰਮੀ ਪੈ ਰਹੀ ਸੀ। ਸੂਰਜ ਦੀਆਂ ਗਰਮ ਕਿਰਨਾਂ ਲੁੜ੍ਹ ਰਹੀਆਂ ਸਨ। ਹਰ ਕੋਈ ਮੁਕ-ਮੁੜ੍ਹਕੀ ਹੋਇਆ ਪਿਆ ਸੀ। ਕਿਤੇ ਕੋਈ ਕੰਮ ਸੁਰ-ਸੁਆਦ ਨਾਲ ਨਹੀਂ ਸੀ ਹੋ ਰਿਹਾ। ਬਿਜਲੀ ਬੰਦ ਹੋਣ ਕਰ ਕੇ ਪੱਖੇ ਵੀ ਬੰਦ ਸਨ। ਮਨੁੱਖ ਤਾਂ ਕੀ, ਸਭ ਜੀਆ-ਜੰਤ ਗਰਮੀ ਨਾਲ ਘਬਰਾਏ ਪਏ ਸਨ। ਛੱਪੜਾਂ ਦਾ ਪਾਣੀ ਸੁੱਕਣ ਕਰਕੇ ਡੰਗਰ ਵੀ ਚਿੱਕੜ ਵਿਚ ਹੀ ਪਲਸੇਟ ਮਾਰ ਰਹੇ ਸਨ । ਬੱਚੇ ਗਲੀਆਂ ਵਿਚ ਉੱਚੀ-ਉੱਚੀ ਗਾ ਰਹੇ ਸਨ :
ਰੱਬਾ ! ਰੱਬਾ!! ਮੀਹ ਵਸਾ
ਸਾਡੀ ਕੋਠੀ ਦਾਣੇ ਪਾ।
ਮੀਂਹ ਲਈ ਦੁਆਵਾਂ ਅਤੇ ਗੀਤਾਂ : ਬਜ਼ੁਰਗ ਇੱਕ-ਮਨ ਇੱਕ ਚਿੱਤ ਹੋ ਕੇ ਮੀਂਹ ਲਈ ਇਦਰ ਦੇਵਤੇ ਦੇ ਅੱਗ ਅਰਜ਼ੋਈਆਂ ਕਰ ਰਹੇ ਸਨ।
ਇੱਕ ਹੰਢੇ-ਵਰਤੇ ਬਜ਼ੁਰਗ ਦੀ ਸਲਾਹ ਤੇ ਬੱਚਿਆਂ ਨੇ ਘਰੋ-ਘਰੀ ਕਣਕ ਤੇ ਸ਼ੱਕਰ ਇਕੱਠੀ ਕੀਤੀ : ਕਿਸੇ ਕਿਸੇ ਕੋਲੋਂ ਲੱਕੜਾਂ ਵੀ ਫੜ ਲਈਆਂ ਗੁਰਦੁਆਰਿਓਂ ਵੱਡੀ ਦੇਗ, ਵਾਜਾ, ਢੋਲਕੀ, ਛੈਣੇ, ਚਿਮਟ ਤੇ ਖੜਤਾਲਾਂ ਲਈਆਂ ਰੀਬੀ ਨੂੰ ਮਸਾਣਾਂ ਵਿੱਚ ਪੁੱਜਣ ਦਾ ਸੱਦਾ ਦਿੱਤਾ ਸਾਰਾ ਸਾਮਾਨ ਮਸਾਣਾਂ 'ਚ ਪਹੁੰਚਾਇਆ; ਮਸਾਣਾਂ ਵਿਚ ਕੀਰਤਨ ਵਿਚ ਹੁੰਮ-ਹੁਮਾ ਕੇ ਪੁੱਜਣ ਦਾ ਗਲੀ-ਗਲੀ ਹੋਕਾ ਦਿੱਤਾ।
ਮਸਾਣਾਂ ਚ ਸੜਦੀ-ਬਲਦੀ ਧੁੱਪ ਵਿਚ ਵੀ ਢੇਰ ਸਾਰੇ ਲੋਕ ਇਕੱਠੇ ਹੋ ਗਏ । ਗੰਥੀ ਹੁਰਾਂ ਸੰਗਤਾਂ ਨਾਲ ਰਲ ਕੇ ਦੋ ਘੰਟੇ ਕੀਰਤਨ ਕੀਤਾ। ਪ੍ਰਸ਼ਾਦ ਬਣਾਉਣ ਵਾਲਿਆਂ ਮੁੰਡਿਆਂ ਨੇ ਕਣਕ ਨੂੰ ਚੰਗੀ ਤਰਾਂ ਉਬਾਲ ਕੇ ਸ਼ੱਕਰ ਮਿਲਾ ਦਿੱਤੀ। ਇਕਦਮ ਆਕਾਸ਼ 'ਤੇ ਕਾਲੇ ਬੱਦਲ ਛਾ ਗਏ, ਠੰਢੀ ਹਵਾ ਚੱਲਣ ਲੱਗ ਪਈ।
ਅਚਾਨਕ ਮੀਂਹ ਦਾ ਆਉਣਾ : ਕੀਰਤਨ ਦੀ ਸਮਾਪਤੀ ਤੋਂ ਬਾਅਦ ਮੀਂਹ ਵਸਾਉਣ ਲਈ ਅਰਦਾਸ ਹੋ ਹੀ ਰਹੀ ਸੀ ਕਿ ਹਨੇਰੀ ਆ ਗਈ ਤੇ ਘੁੱਪ ਹਨੇਰਾ ਛਾ ਗਿਆ, ਬੱਦਲ ਗੱਜਣ ਲੱਗੇ ਅਤੇ ਬਿਜਲੀ ਚਮਕਣ ਲੱਗ ਪਈ ਤੇ ਮੀਂਹ ਛਮ-ਛਮ ਪੈਣਾ ਸ਼ੁਰੂ ਹੋ ਗਿਆ। ਪ੍ਰਸ਼ਾਦ ਪੈਂਦੇ ਮੀਂਹ ਵਿਚ ਹੀ ਵੰਡਿਆ ਗਿਆ। ਸਭ ਗਿੱਲੇ ਕੱਪੜਿਆਂ ਵਿਚ ਦੌੜਦੌੜ ਕੇ ਘਰ ਪੁੱਜੇ ਪਰ ਸਾਰੇ ਖੁਸ਼ ਸਨ ਕਿ ਸਾਡੀ ਅਰਦਾਸ ਸੁਣੀ ਗਈ :
ਬਿਰਥੀ ਕਦੇ ਨ ਜਾਵਈ ਜਨ ਕੀ ਅਰਦਾਸ।
ਲੋਕਾਂ ਵਿਚ ਖੁਸ਼ੀ : ਲੋਕਾਂ ਨੇ ਗਰਮੀ ਤੋਂ ਛੁਟਕਾਰਾ ਪਾਇਆ । ਬੱਚੇ ਨੰਗ-ਧੜੰਗੇ ਨਹਾਉਂਦੇ ਹੋਏ ਗਲੀਆਂ ਵਿਚ ਬੋਰ ਪਾਉਣ ਲੱਗੇ :
ਕਾਲੀਆਂ ਇੱਟਾਂ, ਕਾਲੇ ਰੋੜ,
ਮੀਹ ਵਸਾ ਦੇ ਜ਼ੋਰ-ਜ਼ਰ।
ਮੀਂਹ ਕਾਰਨ ਨੁਕਸਾਨ: ਮੀਹ ਤਿੰਨ ਘੰਟੇ ਲਗਾਤਾਰ ਵਰਦਾ ਰਿਹਾ ਤੇ ਇੰਨਾ ਜ਼ਿਆਦਾ ਵਰਿਆ ਕਿ ਤੌਬਾ ਤੌਬਾ ਕਰਵਾ ਦਿੱਤੀ। ਚਾਰ-ਚੁਫੇਰੇ ਪਾਣੀ ਹੀ ਪਾਣੀ ਹੋ ਗਿਆ ਕੱਚੇ ਕੋਠੇ ਡਿਗਣ ਲੱਗ ਪਏ; ਕੱਚੀਆਂ ਛੱਤਾਂ ਚੋਣ ਲੱਗ ਪਈਆਂ: ਲੋਕ ਵਰਦੇ ਮੀਂਹ ਵਿਚ ਹੀ ਛੱਤਾਂ ਤੇ ਮਿੱਟੀ ਪਾ ਕੇ ਕੁੱਟਣ ਲੱਗ ਪਏ।
ਮੀਂਹ ਤੋਂ ਬਾਅਦ ਦਾ ਦ੍ਰਿਸ਼ : ਫਿਰ ਇਕਦਮ ਮੰਹ ਬੰਦ ਹੋ ਗਿਆ; ਆਕਾਸ਼ ਇਵੇਂ ਸਾਫ਼ ਹੋ ਗਿਆ ਜਿਵੇਂ ਮੀਂਹ ਪਿਆ ਹੀ ਨਾ ਹੋਵੇ। ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਘੜੀ ਦੀ ਘੜੀ ਛੁਟਕਾਰਾ ਤਾਂ ਮਿਲ ਗਿਆ ਪਰ ਅੰਦਰਬਾਹਰ ਪਾਣੀ ਹੀ ਪਾਣੀ ਹੋ ਗਿਆ; ਗਲੀਆਂ ਵਿਚ ਬੱਚੇ ਕਾਗ਼ਜ਼ ਦੀਆਂ ਕਿਸ਼ਤੀਆਂ ਪਾਣੀ ਵਿਚ ਚਲਾਉਣ ਲੱਗ ਪਏ; ਬਾਜ਼ਾਰਾਂ ਵਿਚ ਚਿੱਕੜ ਹੀ ਚਿੱਕੜ ਸੀ; ਨੀਵੀਆਂ ਥਾਂਵਾਂ ਪਾਣੀ ਨਾਲ ਭਰ ਗਈਆਂ; ਪਪੀਹੇ ਤੇ ਡੱਡੂ ਬਣ ਲੱਗ ਪਏ; ਬ੍ਰਿਛਾਂ-ਬੂਟਿਆਂ ਤੋਂ ਮਿੱਟੀ-ਘੱਟਾ ਧਤਾ ਗਿਆ ਅਤੇ ਉਨ੍ਹਾਂ 'ਤੇ ਨਿਖ਼ਾਰ ਜਿਹਾ ਆ ਗਿਆ; ਪਸ਼ੂਆਂ- ਪੰਛੀਆਂ ਨੇ ਵੀ ਸੁਖ ਦਾ ਸਾਹ ਲਿਆ।
ਮੀਂਹ ਪੈਣ ਨਾਲ ਕਈ ਬਿਜਲੀ ਦੇ ਖੰਭ ਡਿਗ ਗਏ ਤੇ ਬਿਜਲੀ ਕਈ ਦਿਨਾਂ ਲਈ ਬੰਦ ਹੋ ਗਈ ਕਈ ਟੈਲੀਫ਼ੋਨ ਦੀਆਂ ਤਾਰਾਂ ਟੁੱਟ ਗਈਆਂ ਤੇ ਤਾਰ-ਵਿਭਾਗ ਦੇ ਕਰਮਚਾਰੀਆਂ ਦਾ ਕੰਮ ਵਧ ਗਿਆ; ਕਈ ਨਿਸਚਿਤ ਵਿਆਹ-ਸ਼ਾਦੀਆਂ ਤੇ ਹੋਰ ਜ਼ਰੂਰੀ ਪ੍ਰੋਗਰਾਮਾਂ ਵਿਚ ਵਿਘਨ ਪੈ ਗਿਆ। ਪਰ ਸਮੁੱਚੇ ਤੌਰ ਤੇ ਮੀਹ ਨੇ ਸਭ ਪਾਸੇ ਸੁਖ ਵਰਤਾਇਆ।
0 Comments