ਭਾਰਤੀ ਸਮਾਜ ਵਿਚ ਔਰਤ 
Bharatiya Samach Vich Aurat


ਜਾਣ-ਪਛਾਣ : ਨਿਰਸੰਦੇਹ ਕਿਸੇ ਦੇਸ਼ ਦੀ ਮਹਾਨਤਾ ਉਸ ਦੀ ਇਸਤਰੀ ਦੀ ਸਥਿਤੀ ਦੇ ਸਥਾਨ ਉੱਤੇ ਆਧਾਰਿਤ ਹੁੰਦੀ ਹੈ। ਸ੍ਰੀ ਰਵਿੰਦਰ ਨਾਥ ਟੈਗੋਰ ਨੇ ਤਾਂ ਇਸਤਰੀ ਨੂੰ ਦੇਸ਼ ਦੇ ਨਸੀਬ ਘੜਨਹਾਰੀ ਤੱਕ ਕਹਿ ਦਿੱਤਾ।

ਵੈਦਿਕ ਕਾਲ ਵਿਚ ਔਰਤ : ਵੈਦਿਕ ਕਾਲ ਵਿਚ ਔਰਤ ਸੱਚਮੁੱਚ ਹੀ ਅਰਧੰਗਨੀ (ਮਰਦ ਦੇ ਬਰਾਬਰ ਦਾ ਅੱਧਾ ਅੰਗ) ਸੀ। ਇਸ ਦੀ ਮਰਜ਼ੀ ਤੋਂ ਬਗ਼ੈਰ ਨਾ ਸਿਰਫ਼ ਇਸ ਨੂੰ ਵਿਆਹਿਆ ਹੀ ਜਾਂਦਾ ਸਗੋਂ ਕੋਈ ਜ਼ਰੂਰੀ ਰਸਮ-ਹਵਨ ਜਾਂ ਯੱਗ ਆਦਿ-ਸੰਪੂਰਨ ਨਹੀਂ ਸੀ ਸਮਝਿਆ ਜਾਂਦਾ। ਇਹ ਮੁੰਡਿਆਂ ਨਾਲ ਰਲ ਕੇ ਗੁਰੂ ਕੋਲ ਪੜਦੀ ਤੇ ਹਰ ਖੇਤਰ ਵਿਚ ਸੁਤੰਤਰ ਸੀ।

ਮੰਨੂੰ ਰਾਜ ਵਿਚ ਇਸਤਰੀ : ਮੈਨੂੰ ਮਹਾਰਾਜ ਦੀਆਂ ਸਿਮਰਤੀਆਂ ਨੇ ਇਸ ਨੂੰ ਘਰ ਦੀ ਚਾਰਦੀਵਾਰੀ ਵਿਚ ਬੰਦ ਕਰ ਦਿੱਤਾ। ਇਸ ਨੂੰ 'ਕਾਮਨੀਂ' ਤੇ 'ਪਣੀ' ਕਹਿ ਕੇ ਨਿਦਿਆ ਗਿਆ।

ਮੁਸਲਮਾਨੀ ਰਾਜ ਵਿਚ ਇਸਤਰੀ : ਮੁਸਲਮਾਨੀ ਰਾਜ ਨੇ ਰਹਿੰਦੀ ਕਸਰ ਵੀ ਪੂਰੀ ਕਰ ਦਿੱਤੀ-ਜੰਮਦੀ ਬੱਚੀ ਦਾ ਗਲ ਘੁੱਟਿਆ ਜਾਣ ਲੱਗ ਪਿਆ, ਪਰਦੇ ਦਾ ਰਿਵਾਜ਼ ਪੈ ਗਿਆ; ਇਹ ਇੱਕ ਨੌਕਰਾਣੀ, ਮਰਦ ਦੇ ਇਸ਼ਾਰੇ 'ਤੇ ਨੱਚਣ ਵਾਲੀ ਤਿਤਲੀ, ਉਸ ਦੀ ਕਾਮ-ਪੂਰਤੀ ਦਾ ਸਾਧਨ ਤੇ ਬੱਚੇ ਜੰਮਣ ਵਾਲੀ ਬੇਆਵਾਜ਼ ਮਸ਼ੀਨ ਬਣ ਕੇ ਰਹਿ ਗਈ। ਵਿਧਵਾ ਨੂੰ ਤਾਂ ਮਰੇ ਹੋਏ ਪਤੀ-ਪ੍ਰਮੇਸ਼ਰ ਨਾਲ ਸੜਨਾ ਪਿਆ ਜਾਂ ਸਾਰੀ ਉਮਰ ਚੰਪਾ ਕੱਟਣਾ ਪਿਆ।

ਗੁਰੂ ਨਾਨਕ ਦੇਵ ਜੀ ਦੇ ਇਸਤਰੀ ਪ੍ਰਤੀ ਵਿਚਾਰ : ਗੁਰੂ ਨਾਨਕ ਦੇਵ ਜੀ ਨੇ ਔਰਤ ਦਾ ਪੱਖ ਪੂਰਦਿਆਂ ਠੋਕਵੀਂ ਆਵਾਜ਼ ਵਿਚ ਕਿਹਾ:


ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ 


ਅੰਗਰੇਜ਼ਾਂ ਦੇ ਰਾਜ ਸਮੇਂ ਪੱਛਮੀ ਸੱਭਿਅਤਾ ਦੇ ਪ੍ਰਭਾਵ ਤਹਿਤ ਗੁਰੂ ਜੀ ਦੀ ਆਵਾਜ਼ ਜ਼ੋਰ ਫੜ ਗਈ ਇਸਤਰੀ ਦੀ ਕਦਰ ਪੈਣ ਲੱਗ ਪਈ; ਇਹ ਅਗਿਆਨਤਾ ਦੇ ਹਨੇਰੇ ਵਿਚੋਂ ਬਾਹਰ ਆਉਣ ਲੱਗ ਪਈ; ਮਰਦਾਂ ਦੀਆਂ ਕਾਲੀਆਂ ਕਰਤੂਤਾਂ ਦਾ ਭਾਂਡਾ ਭੱਜਣ ਲੱਗਾ; ਇਸਤਰੀਆਂ ਪ੍ਰਤੀ ਹਮਦਰਦੀ ਵਧਣ ਲੱਗ ਪਈ।

ਆਜ਼ਾਦੀ ਤੋਂ ਬਾਅਦ ਇਸਤਰੀ ਦੀ ਦਸ਼ਾ : 1947 ਈ: ਵਿਚ ਸੁਤੰਤਰਤਾ ਪਤੀ ਨਾਲ ਇਸਤਰੀਆਂ ਨੇ ਵੀ ਹਰ ਖੇਤਰ ਵਿਚ ਆਪਣੇ ਹੱਕ ਪਛਾਣਨੇ ਤੋਂ ਪ੍ਰਾਪਤ ਕਰ ਕੇ ਨਿਭਾਉਣੇ ਸ਼ੁਰੂ ਕਰ ਦਿੱਤੇ-ਸੀਮਤੀ ਵਿਜੈ ਲਕਮੀ ਪੰਡਿਤ ਨੇ ਸਫ਼ੀਰੀ, ਸ੍ਰੀਮਤੀ ਸਰੋਜਨੀ ਨਾਇਡੇ ਨੇ ਗਵਰਨਰੀ ਤੇ ਸ੍ਰੀਮਤੀ ਇੰਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਦੇ ਕਰਤੱਵਾਂ ਨੂੰ ਅਤਿ ਸਫ਼ਲਤਾ ਨਾਲ ਨਿਭਾਅ ਕੇ ਹੋਰਨਾਂ ਲਈ ਰਾਹ ਸੌਖਾ ਕਰ ਦਿੱਤਾ।

ਹੱਕਾਂ ਪ੍ਰਤੀ ਕਾਨੂੰਨ : ਹੁਣ ਇਸ ਦੇ ਹੱਕਾਂ ਪ੍ਰਤੀ ਹਰ ਤਰਾਂ ਦੇ ਕਾਨੂੰਨ ਬਣ ਚੁੱਕੇ ਹਨ। ਹਿੰਦੂ ਵਿਆਹ ਐਕਟ ਅਨੁਸਾਰ ਕੋਈ ਮਰਦ ਦੂਜਾ ਵਿਆਹ ਨਹੀਂ ਕਰ ਸਕਦਾ (ਭਾਵੇਂ ਪਹਿਲੀ ਤੋਂ ਤਲਾਕ ਲੈ ਕੇ ਸੰਭਵ ਹੈ) । ਇਹ ਪਿਤਾ ਦੀ ਜਾਇਦਾਦ ਦਾ ਬਰਾਬਰ ਦਾ ਹਿੱਸੇਦਾਰ ਬਣ ਗਈ ਹੈ। ਇਸ ਨੂੰ ਛੇੜਨ ਜਾਂ ਇਸ ਦਾ ਬਦੋਬਦੀ ਸਤ ਭੰਗ ਕਰਨ ਵਾਲਿਆਂ ਲਈ ਸਖ਼ਤ ਸਜ਼ਾਵਾਂ ਨਿਸ਼ਚਿਤ ਕੀਤੀਆਂ ਗਈਆਂ ਹਨ। ਦਾਜ ਮੰਗਣ ਵਾਲਿਆਂ ਵਿਰੁੱਧ ਵੀ ਕਾਨੂੰਨੀ ਕਾਰਵਾਈ ਦਾ ਪ੍ਰਬੰਧ ਹੈ। ਕਈ ਨੌਕਰੀਆਂ ਵਿਚ ਤਾਂ ਇਸ ਲਈ ਰਾਖਵੀਆਂ ਥਾਵਾਂ ਰੱਖੀਆਂ ਜਾ ਰਹੀਆਂ ਹਨ। ਹੁਣ ਲੋਕ ਸਭਾ ਵਿਚ 33% ਸੀਟਾਂ ਰਾਖਵੀਆਂ ਰੱਖਣ ਦਾ ਬਿੱਲ ਵਿਚਾਰ-ਅਧੀਨ ਹੈ।

ਹਰ ਖੇਤਰ ਵਿਚ ਇਸਤਰੀ ਦਾ ਯੋਗਦਾਨ : ਹੁਣ ਵਿੱਦਿਆ ਤੇ ਕੰਮ-ਧੰਦੇ ਦੇ ਹਰ ਖੇਤਰ ਵਿਚ ਲੜਕੀਆਂ ਪ੍ਰਬੀਨਤਾ ਪ੍ਰਾਪਤ ਕਰ ਰਹੀਆਂ ਹਨ। ਇਹ ਅਧਿਆਪਕ, ਡਾਕਟਰ, ਰਾਜਸੀ, ਨੇਤਾ, ਸਾਹਿਤਕਾਰ, ਪੁਲਿਸ ਤੇ ਨੇਵੀ ਅਫ਼ਸਰ ਹਨ। ਇਹ ਆਪਣੇ ਪੈਰਾਂ ਤੇ ਖੜੀਆਂ ਹੋ ਕੇ ਪਤੀ ਦੀ ਆਰਥਿਕ ਸਥਿਤੀ ਨੂੰ ਬਿਹਤਰ ਬਣਾ ਰਹੀਆਂ ਹਨ। ਜਾਗ੍ਰਿਤੀ ਕਾਰਨ ਘੱਟ ਤੋਂ ਘੱਟ ਬੱਚੇ ਪੈਦਾ ਕਰ ਕੇ ਸਮਾਜ ਨੂੰ ਉਤਾਂਹ ਉਠਾ ਰਹੀਆਂ ਹਨ ਪਰ ਔਰਤਾਂ ਦੀ ਬਹੁਸੰਖਿਆ ਅਜੇ ਵੀ ਉਹ ਸਥਾਨ ਨਹੀਂ ਪ੍ਰਾਪਤ ਕਰ ਸਕੀ ਜਿਸ ਦੀ ਉਹ ਹੱਕਦਾਰ ਹੈ। ਸਿਰਫ਼ ਕੁਝ ਉਂਗਲੀਆਂ 'ਤੇ ਗਿਣਨਯੋਗ ਹੀ ਉੱਚ-ਪਦਵੀਆਂ 'ਤੇ ਹਨ; ਅਮੀਰ ਤੇ ਉਤਲੀ ਮੱਧ ਸ਼ੇਣੀ ਦੀਆਂ ਲੜਕੀਆਂ ਹੀ ਉਚੇਰੀ ਵਿੱਦਿਆ ਲੈ ਰਹੀਆਂ ਹਨ ਤੇ ਉੱਚੀਆਂ ਪਦਵੀਆਂ 'ਤੇ ਕੰਮ ਕਰ ਰਹੀਆਂ ਹਨ। ਜਦ ਤੱਕ ਸਭ ਔਰਤਾਂ-ਕੀ ਅਮੀਰ ਤੇ ਕੀ ਗ਼ਰੀਬ-ਇੱਕੋ ਜਿਹਾ ਸਥਾਨ ਨਹੀਂ ਪ੍ਰਾਪਤ ਕਰ ਲੈਂਦੀਆਂ, ਸਮਾਜ ਅਧਰੰਗਿਆ ਹੀ ਰਹੇਗਾ ਅਤੇ ਉੱਨਤੀ ਦੀਆਂ ਮੰਜ਼ਿਲਾਂ ਨਹੀਂ ਮਾਰ ਸਕੇਗਾ।

ਮਰਿਆਦਾਵਾਂ ਦਾ ਪਾਲਣ ਜ਼ਰੂਰੀ : ਇਸ ਵਿਚ ਦੋ ਰਾਵਾਂ ਨਹੀਂ ਕਿ ਇਸਤਰੀ ਤੇ ਮਰਦ ਹਿਸਤੀ ਜੀਵਨ ਦੇ ਦੋ ਪਹੀਏ ਹਨ। ਪਰ ਦੋਵਾਂ ਦੀ ਥਾਂ ਆਪੋ-ਆਪਣੀ ਹੈ। ਜਿੱਥੇ ਇਸਤਰੀ ਨੂੰ ਆਰਥਿਕ ਤੌਰ 'ਤੇ ਆਜ਼ਾਦ ਹੋਣ ਦੀ ਜ਼ਰੂਰਤ ਹੈ, ਉੱਥੇ ਇਸ ਨੂੰ ਘਰ ਦੀ ਰਾਣੀ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਹੋਰ ਵੀ ਜ਼ਰੂਰੀ ਹਨ। ਇਹ ਕੁਝ ਨਾ ਹੋਣ ਤੇ ਇਥੇ ਵੀ ਪੱਛਮੀ ਦੇਸ਼ਾਂ ਵਾਂਗ ਵਿਆਹ ਇੱਕ ਸੌਦਾਬਾਜ਼ੀ ਅਤੇ ਘਰ ਹੋਟਲ ਬਣ ਕੇ ਰਹਿ ਜਾਣਗੇ। ਸੋ, ਔਰਤ ਜਿੱਥੇ ਆਪਣੇ ਹੱਕ ਪ੍ਰਾਪਤ ਕਰੋ, ਉੱਥੇ ਉਹ ਆਪਣੀ ਘਰੋਗੀ ਦੇਖ-ਭਾਲ ਦੀ ਜ਼ਿੰਮੇਵਾਰੀ ਤੋਂ ਕੰਨ ਨਾ ਕਤਰਾਏ।