ਗੁਰੂ ਗੋਬਿੰਦ ਸਿੰਘ ਜੀ
Guru Gobind Singh Ji
ਜਨਮ ਅਤੇ ਬਚਪਨ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ( ਸਿੱਖ ਧਰਮ ਦੇ ਦਸਵੇਂ ਗੁਰੂ) ਦਾ ਜਨਮ ਪਟਨਾ (ਬਿਹਾਰ) ਵਿਚ 26 ਦਸੰਬਰ, 1666 ਈ: ਨੂੰ ਹੋਇਆ। ਉਸ ਵੇਲੇ ਆਪ ਦੇ ਪਿਤਾ ਗੁਰੂ ਤੇਗ਼ ਬਹਾਦਰ ਜੀ ਆਸਾਮ ਯਾਤਰਾ ਤੇ ਗਏ ਹੋਏ ਸਨ। ਆਪ ਉਨ੍ਹਾਂ ਦੇ ਇਕਲੌਤੇ ਸਪੁੱਤਰ ਸਨ। ਆਪ ਬਚਪਨ ਵਿਚ ਆਪਣੇ ਸੰਗੀਆਂ-ਸਾਥੀਆਂ ਨੂੰ ਦੋ ਟੋਲੀਆਂ ਵਿਚ ਵੰਡ ਕੇ ਨਕਲੀ ਲੜਾਈਆਂ ਕਰਵਾਉਂਦੇ ਸਨ। ਮਾਨੋ ਯੁੱਧ ਦਾ ਅਭਿਆਸ ਕਰਦੇ ਸਨ। ਆਪ ਦਰਿਆ ਜਮਨਾ ਵਿਚ ਇਸ਼ਨਾਨ ਕਰਦੇ ਪੰਡਤਾਂ ਦੇ ਪਾਣੀ ਨਾਲ ਭਰੇ ਕਰਮੰਡਲ ਡੋਲ੍ਹ ਦਿੰਦੇ ਸਨ। ਆਪ ਗੁਲੇਲ ਜਾਂ ਤੀਰ-ਕਮਾਨ ਨਾਲ ਪਾਣੀ ਦੇ ਘੜੇ ਭੰਨ ਦਿੰਦੇ ਸਨ।
ਵਿੱਦਿਆ-ਪਾਪਤੀ : ਪਿਤਾ ਜੀ ਦੇ ਆਸਾਮੋਂ ਮੁੜਨ ਤੋਂ ਬਾਅਦ ਆਪ 1673 ਈ: ਵਿਚ ਅਨੰਦਪੁਰ ਸਾਹਿਬ (ਪਹਿਲੇ ਨਾਂਅ ਮਾਖੋਵਾਲ) ਆ ਗਏ। ਇਥੇ ਆਪ ਨੇ ਬਿਜ, ਸੰਸਕ੍ਰਿਤ, ਫ਼ਾਰਸੀ, ਅਰਬੀ ਤੇ ਗੁਰਮੁਖੀ ਆਦਿ ਬੋਲੀਆਂ ਸਿੱਖੀਆਂ। ਇਨ੍ਹਾਂ ਵਿਚ ਰਚੇ ਸਾਹਿੱਤ ਨੂੰ ਪੜਿਆ। ਇੱਥੇ ਹੀ ਆਪ ਨੇ ਸ਼ਸਤਰ-ਵਿੱਦਿਆ ਤੇ ਘੋੜ-ਸਵਾਰੀ ਵਿਚ ਨਿਪੁੰਨਤਾ ਪ੍ਰਾਪਤ ਕੀਤੀ।
ਪਿਤਾ ਦੀ ਸ਼ਹੀਦੀ : ਆਪ ਅਜੇ ਮਸਾਂ ਨੌਂ ਸਾਲ ਦੇ ਹੋਏ ਸਨ ਕਿ ਕਸ਼ਮੀਰ ਦੇ ਬਾਹਮਣ ਔਰੰਗਜ਼ੇਬ ਦੇ ਅੱਤਿਆਚਾਰਾਂ ਤੋਂ ਤੰਗ ਆ ਕੇ ਆਪ ਜੀ ਦੇ ਪਿਤਾ ਕੋਲ ਆਏ। ਉਨ੍ਹਾਂ ਹਿੰਦੂ ਧਰਮ ਦੀ ਰੱਖਿਆ ਲਈ ਪੁਕਾਰ ਕੀਤੀ। ਆਪ ਨੂੰ ਸੋਚਾਂ ਵਿਚ ਪਏ ਹੋਏ ਪਿਤਾ ਜੀ ਨੂੰ ਹਿੰਦੂ ਧਰਮ ਦੀ ਰੱਖਿਆ ਲਈ ਆਪਾ ਵਾਰਨ ਦੀ ਸਲਾਹ ਦੇ ਦਿੱਤੀ। ਸੋ, ਗੁਰੂ ਤੇਗ ਬਹਾਦਰ ਸਾਹਿਬ ਨੇ ਪੰਡਤਾਂ ਨੂੰ ਆਖਿਆ-ਜਾਓ ! ਔਰੰਗਜ਼ੇਬ ਨੂੰ ਕਹੋ-ਪਹਿਲਾਂ ਤੇਗ਼ ਬਹਾਦਰ ਨੂੰ ਮੁਸਲਮਾਨ ਬਣਾ, ਉਪਰੰਤ ਅਸੀਂ ਆਪਣੇ-ਆਪ ਹੀ ਬਣ ਜਾਵਾਂਗੇ ਤੇ ਆਪ ਆਪਣੇ ਕਾਤਲ ਔਰੰਗਜ਼ੇਬ ਕੋਲ ਪੁੱਜ ਕੇ ਚਾਂਦਨੀ ਚੌਕ ਦਿੱਲੀ ਵਿਚ ਸ਼ਹੀਦ ਹੋ ਗਏ । ਭਾਈ ਜੈਤੇ ਨੇ ਗੁਰੂ ਜੀ ਦਾ ਸੀਸ ਅਨੰਦਪੁਰ ਸਾਹਿਬ ਪਹੁੰਚਾਇਆ ਅਤੇ ਭਾਈ ਰੰਗਰੇਟੇ ਨੇ ਉਨ੍ਹਾਂ ਦਾ ਸਰੀਰ ਆਪਣੀ ਕੁੱਲੀ ਵਿਚ ਪਹੁੰਚਾ ਕੇ ਸਣੇ ਕੁੱਲੀ ਵਿਚਲੇ ਸਾਮਾਨ ਨਾਲ ਸਸਕਾਰਿਆ।
ਗੁਰਗੱਦੀ 'ਤੇ ਬੈਠਣਾ : ਗੁਰੂ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਬਾਬਾ ਰਾਮ ਕੰਵਰ ਜੀ ਨੇ ਮਰਯਾਦਾ ਅਨੁਸਾਰ ਆਪ ਨੂੰ ਗੁਰਗੱਦੀ 'ਤੇ ਬਿਠਾ ਦਿੱਤਾ। ਆਪ ਨੇ ਇਸ ਮਹਾਨ ਪਦਵੀ ਨੂੰ ਸੰਭਾਲਦਿਆਂ ਹੀ ਗੁਰੂ ਨਾਨਕ ਦੇ ਨਾਮ ਲਵਿਆਂ ਨੂੰ ਕਸ ਰੱਖਣ ਦਾ ਆਦੇਸ਼ ਦੇ ਦਿੱਤਾ।
ਸਮੱਸਿਆਵਾਂ ਦਾ ਸਾਹਮਣਾ ਕਰਨਾ : ਆਪ ਨੂੰ ਹਰ ਪਾਸਿਓਂ ਸਮੱਸਿਆਵਾਂ ਹੀ ਸਮੱਸਿਆਵਾਂ ਦਿਸੀਆਂ। ਆਪ ਕੋਲ ਨਾ ਧਨ ਸੀ ਤੇ ਨਾ ਹੀ ਫ਼ੌਜ। ਆਪ ਦੇ ਸਾਕ-ਸੰਬੰਧੀ ਗੱਦੀ ਦੇ ਝਗੜਿਆਂ ਕਾਰਨ ਮੁੰਹ ਵੱਟੀ ਬੈਠੇ ਸਨ। ਮਸੰਦਾਂ ਨੇ ਵੀ ਲੋਕਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਗੁਰੂ ਨਾਨਕ ਮਾਰਗ ਨੂੰ ਛੱਡ ਦਿੱਤਾ ਗਿਆ ਹੈ। ਪਹਾੜੀ ਰਾਜੇ ਆਪ ਦੀ ਵਧਦੀ ਤਾਕਤ ਦੇਖ ਕੇ ਈਰਖਾਵਾਦੀ ਹੋ ਗਏ ਸਨ। ਸਰਹਿੰਦ ਦਾ ਨਵਾਬ ਆਪ ਦਾ ਜਾਨੀ ਵੈਰੀ ਬਣ ਚੁੱਕਿਆ ਸੀ ਪਰ ਆਪ ਨੂੰ ਗੁਰੂ ਨਾਨਕ ਦੇ ਬਹੁ-ਮੁੱਲੇ ਵਿਰਸੇ ਤੇ ਮਾਣ ਸੀ। ਔਰੰਗਜ਼ੇਬ ਦੇ ਕੱਟੜਪੁਣੇ ਤੋਂ ਸਤੀ ਹਿੰਦੂ ਜਨਤਾ ਅਤੇ ਗੁਰੂ-ਘਰ ਦੇ ਸ਼ਰਧਾਲੂ ਪਹਾੜੀ ਰਾਜਾ ਨਾਹਨ ਤੇ ਸਰਮੋਰ ਦੇ ਰਾਜੇ ਮੇਦਨੀ ਪ੍ਰਕਾਸ਼ ਆਪ ਦੇ ਨਾਲ ਸਨ । ਨਾਲ ਉਸ ਵੇਲੇ ਔਰੰਗਜ਼ੇਬ ਪੰਝੀ ਸਾਲ ਦੱਖਣ ਦੇ ਝਗੜਿਆਂ ਵਿਚ ਰੁੱਝਿਆ ਰਿਹਾ, ਜਿਸ ਨਾਲ ਆਪ ਨੂੰ ਤਿਆਰੀ ਕਰਨ ਦਾ ਮੌਕਾ ਮਿਲ ਗਿਆ।
ਯੁੱਧ : ਆਪ ਦੀ ਉਮਰ ਅਜੇ ਵੀਹ ਸਾਲ ਦੀ ਹੀ ਹੋਈ ਸੀ ਕਿ ਆਪ ਨੂੰ ਰਣਭੂਮੀ ਵਿਚ ਕੁੱਦਣਾ ਪਿਆ । ਆਪ ਨੇ ਭੰਗਾਣੀ ਦਾ ਯੁੱਧ (1686 ਈ: ), ਨਦੌਨ ਦਾ ਯੁੱਧ (1687 ਈ:) ਤੇ ਹੁਸੈਨੀ ਦਾ ਯੁੱਧ (1595 ਈ:) ਕੀਤਾ।
ਖ਼ਾਲਸਾ ਪੰਥ ਦੀ ਸਾਜਨਾ : ਆਪ ਨੇ 13 ਅਪ੍ਰੈਲ 1699 ਈ: ਨੂੰ ਵਿਸਾਖੀ ਵਾਲੇ ਦਿਨ ਕੇਸਗੜ੍ਹ (ਅਨੰਦਪੁਰ) ਸਾਹਿਬ ਵਿਚ ਭਰੇ ਦੀਵਾਨ ਵਿਚ ਹੱਥ ਵਿਚ ਨੰਗੀ ਤਲਵਾਰ ਲੈ ਕੇ ਲਲਕਾਰਿਆ-'ਹੈ ਕੋਈ ਧਰਮ ਲਈ ਜਾਨ ਵਾਰਨ ਲਈ ਤਿਆਰ। ਬੁਜ਼ਦਿਲ ਤਾਂ ਖਿਸਕਣੇ ਸ਼ੁਰੂ ਹੋ ਗਏ ਪਰ ਦਇਆ ਰਾਮ (ਲਾਹੌਰ ਦਾ ਖੱਤਰੀ), ਧਰਮ ਦਾਸ ( ਦਿੱਲੀ ਦਾ ਜੱਟ), ਭਾਈ ਹਿੰਮਤਾ (ਜਗਨ ਨਾਥ ਦਾ ਰਸੋਈਆ), ਮੁਹਕਮ ਚੰਦ (ਦਵਾਰਕਾ ਦਾ ਛੀਬਾ) ਤੇ ਸਾਹਿਬ ਚੰਦ ( ਬਿਦਰ ਦਾ ਨਾਈ) ਵਾਰੋ-ਵਾਰੀ ਆਏ । ਆਪ ਨੇ ਉਨ੍ਹਾਂ ਦੇ ਸਿਰਾਂ ਨੂੰ ਨਾਲ ਦੇ ਤੰਬੂ ਵਿਚ ਲਿਜਾ ਕੇ ਵੱਢਿਆ (ਕਈ ਕਹਿੰਦੇ ਹਨ ਕਿ ਬੱਕਰਿਆਂ ਨੂੰ ਵੱਢਿਆ) । ਉਪਰੰਤ ਆਪ ਨੇ ਪੰਜਾਂ ਨੂੰ ਸੰਗਤ ਵਿਚ ਸਹੀ-ਸਲਾਮਤ ਲਿਆਂਦਾ ਤੇ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਅਤੇ ਪੰਜ ਪਿਆਰੇ' ਆਖਿਆ। ਬਾਅਦ ਵਿਚ ਉਨ੍ਹਾਂ ਤੋਂ ਆਪ ਅੰਮ੍ਰਿਤ ਛਕਿਆ। ਆਪ ਨੇ ਦੱਸਿਆ ਕਿ ਹੁਣ ਸੰਤ-ਸਿਪਾਹੀਆਂ ਦੀ ਲੋੜ ਹੈ, ਅਰਥਾਤ ਭਗਤੀ ਦੇ ਨਾਲ-ਨਾਲ ਸ਼ਕਤੀ ਦੀ ਵੀ ਜ਼ਰੂਰਤ ਹੈ। ਆਪ ਨੇ ਸਿੰਘਾਂ ਨੂੰ ਕੱਛਾ, ਕੜਾ, ਕਿਰਪਾਨ, ਕੰਘਾ ਤੇ ਕੇਸ ਰੱਖਣ ਦਾ ਹੁਕਮ ਦਿੱਤਾ। ਆਪ ਨੇ ਸਿੱਖਾਂ ਨੂੰ ਕੇਸਾਂ ਦੀ ਬੇਅਦਬੀ ਕਰਨ, ਕੁੱਠਾ ਖਾਣ, ਪਰ-ਨਾਰੀ ਭੋਗਣ, ਤੰਬਾਕੂ ਪੀਣ ਅਤੇ ਛੂਟ ਵਾਹਿਗੁਰੂ ਦੇ ਕਿਸੇ ਹੋਰ ਨੂੰ ਚਿਤਵਣ ਰੋਕਿਆ। ਆਪ ਨੇ ਖ਼ਾਲਸੇ ਨੂੰ ਆਪਣਾ ਰੂਪ ਕਿਹਾ :
ਖ਼ਾਲਸਾ ਮੇਰੋ ਰੂਪ ਹੈ ਖ਼ਾਸ ॥
ਖਾਲਸੇ ਮਹਿ ਹਉਂ ਕਰੋ ਨਿਵਾਸ॥
ਇਸ ਤਰ੍ਹਾਂ ਆਪ ਨੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ। ਆਪ ਦੇ ਇਸ ਨਿਰਾਲੇ ਪੰਥ ਵਿਚ ਪੁਰਖ ਤੇ ਇਸਤਰੀ ਦੋਵਾਂ ਨੂੰ ਅੰਮ੍ਰਿਤ ਛਕਣ ਦਾ ਹੁਕਮ ਸੀ। ਆਪ ਨੇ ਉਚ-ਨੀਚ, ਜਾਤ-ਪਾਤ ਤੇ ਖੇਤਰੀ ਪੱਖਪਾਤ ਤੋਂ ਉੱਪਰ ਹੋ ਕੇ ਵਿਚਰਨ ਦਾ ਆਦੇਸ਼ ਦਿੱਤਾ।
ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ : ਖ਼ਾਲਸਾ ਸਾਜਣ ਤੋਂ ਬਾਅਦ ਆਪ ਨੇ ਅਨੰਦਪੁਰ ਸਾਹਿਬ ਦੀਆਂ ਚਾਰ ਲੜਾਈਆਂ, ਨਿਰਮੋਹੀ, ਬਸਾਲੀ, ਸਰਸਾ, ਚਮਕੌਰ ਤੇ ਮੁਕਤਸਰ ਵਿਚ ਕਈ ਲੜਾਈਆਂ ਲੜੀਆਂ। ਚਮਕੌਰ ਦੇ ਯੁੱਧ ਵਿਚ ਦੋ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਸ਼ਹੀਦ ਹੋਏ।
ਪਰਿਵਾਰ ਵਿਛੋੜਾ : ਸਰਸਾ ਦੀ ਲੜਾਈ ਵਿਚ ਪਰਿਵਾਰ ਵਿਛੋੜਾ ਹੋਇਆ। ਦੋ ਛੋਟੇ ਸਾਹਿਬਜ਼ਾਦਿਆਂ-ਜ਼ੋਰਾਵਰ ਸਿੰਘ ਤੇ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਨੂੰ ਗੰਗੂ ਬਾਹਮਣ ਨਾਲ ਭੇਜਿਆ ਗਿਆ। ਗੰਗੂ ਦੀ ਕ੍ਰਿਤਘਣਤਾ ਕਾਰਨ ਦੋਵਾਂ ਨੂੰ ਸਰਹੰਦ ਦੇ ਨਵਾਬ ਵਜ਼ੀਰ ਖ਼ਾਨ ਨੇ ਨੀਹਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ। ਮਾਤਾ ਜੀ ਠੰਢੇ ਬੁਰਜ ਵਿਚ ਬੰਦ ਕੀਤੇ ਗਏ ।ਉਹ ਸਾਹਿਬਜ਼ਾਦਿਆਂ ਦੀ ਮੰਦਭਾਗੀ ਖ਼ਬਰ ਸੁਣ ਕੇ ਚਲਾਣਾ ਕਰ ਗਏ। ਨਿਰਸੰਦੇਹ ਲੜਾਈਆਂ ਵਿਚ ਅਨੇਕ ਸਿੰਘ ਸ਼ਹੀਦ ਹੋਏ ਪਰ ਆਪ ਨੇ ਸਿੱਖ ਕੌਮ ਨੂੰ ਗਿੱਦੜੋ ਸ਼ੇਰ ਬਣਾ ਦਿੱਤਾ।
ਦਮਦਮਾ ਸਾਹਿਬ ਵਾਲੀ ਬੀੜ : ਮੁਕਤਸਰ ਦੀ ਲੜਾਈ ਤੋਂ ਬਾਅਦ ਆਪ ਨੇ ਸਾਬ ਦੀ ਤਲਵੰਡੀ ( ਦਮਦਮਾ ਸਾਹਿਬ) ਵਿਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵਿਚ ਆਪਣੇ ਪਿਤਾ ਜੀ ਦੀ ਬਾਣੀ ਨੂੰ ਭਾਈ ਮਨੀ ਸਿੰਘ ਕੋਲੋਂ ਸ਼ਾਮਿਲ ਕਰਵਾਇਆ।
ਬੰਦਾ ਬਹਾਦਰ ਨਾਲ ਮੇਲ : ਗੁਰੂ ਜੀ ਕੁਝ ਦਿਨਾਂ ਲਈ ਨੰਦੇੜ (ਹਜ਼ਰ ਸਾਹਿਬ) ਗਏ। ਇੱਥੇ ਆਪ ਨੇ ਵਿਰਾਗੀ ਸਾਧੂ ਮਾਧੋ ਦਾਸ ਨੂੰ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਬਹਾਦਰ ਬਣਾਇਆ ਅਤੇ ਅਸ਼ੀਰਵਾਦ ਦੇ ਕੇ ਪੰਜਾਬ ਭੇਜਿਆ।
ਜੋਤੀ-ਜੋਤ ਸਮਾਉਣਾ : ਸਰਹਿੰਦ ਦੇ ਨਵਾਬ ਵਜ਼ੀਰ ਖ਼ਾਨ ਨੂੰ ਡਰ ਸੀ ਕਿ ਜੇ ਬਹਾਦਰ ਸ਼ਾਹ ਤੇ ਗੁਰੂ ਸਾਹਿਬ ਦੀ ਗੱਲਬਾਤ ਸਿਰੇ ਚੜ ਗਈ ਤਾਂ ਮੇਰਾ (ਗਰ ਜੀ ਦੇ ਦੋ ਬੱਚਿਆਂ ਨੂੰ ਨੀਹਾਂ ਵਿਚ ਚਿਣ ਕੇ ਮਾਰਨ ਕਾਰਨ) ਖ਼ਾਤਮਾ ਹੋ ਜਾਵੇਗਾ। ਉਸ ਨੇ ਆਪ ਨੂੰ ਮਾਰ-ਮੁਕਾਉਣ ਲਈ ਦੇ ਪਠਾਣ ਭੇਜੇ ਜਿਨ੍ਹਾਂ ਨੇ ਨੰਦੇੜ ਵਿਚ ਇੱਕ ਰਾਤੀਂ ਆਪ ਤੇ ਖੂਨੀ ਹਮਲਾ ਕਰ ਦਿੱਤਾ। ਆਪ ਨੇ ਇੱਕ ਤਾਂ ਉੱਥੇ ਹੀ ਮਾਰ ਦਿੱਤਾ ਤੇ ਦੂਜਾ ਸਦਾ ਹੋਇਆ ਮਾਰਿਆ ਗਿਆ ਪਰ ਆਪ ਨੂੰ ਵੀ ਕਟਾਰ ਦੇ ਲੱਗਣ ਨਾਲ ਡੂੰਘਾ ਜ਼ਖ਼ਮ ਹੋਇਆ। ਟਾਂਕੇ ਲਾ ਕੇ ਮਰਮ-ਪੱਟੀ ਕੀਤੀ ਗਈ ਤੇ ਆਪ ਠੀਕਠਾਕ ਹੋ ਗਏ। ਕੁਝ ਚਿਰ ਬਾਅਦ ਜਦ ਆਪ ਇੱਕ ਦਿਨ ਕਮਾਨ ਤੇ ਚਿਲਾ ਚਾੜਨ ਲੱਗੇ, ਟਾਂਕੇ ਅਜਿਹੇ ਟੁੱਟੇ ਕਿ ਮੁੜ ਤੇ ਨਾ ਜਾ ਸਕੇ । ਆਪਣਾ ਅੰਤ ਨੇੜੇ ਵੇਖ ਕੇ, ਆਪ ਨੇ ਗੁਰਸਿੱਖਾਂ ਨੂੰ ਸੱਦ ਕੇ ਆਖਿਆ ਕਿ ਅੱਗੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹੋਣਗੇ ਅਤੇ ਇਨ੍ਹਾਂ ਦੇ ਤਾਬੇ ਪੰਥ , ਗੁਰੂ-ਪੰਥ ਹੋਵੇਗਾ। ਆਪ 7 ਅਕਤੂਬਰ, 1708 ਈ ਨੂੰ ਜੋਤੀ ਜੋਤਿ ਸਮਾ ਗਏ । ਕਹਿੰਦੇ ਹਨ ਕਿ ਆਪ ਨੇ ਕਿਹਾ ਕਿ ਜਿਹੜਾ ਇੱਥੇ ਮੇਰੀ ਯਾਦਗਾਰ ਬਣਾਵੇਗਾ, ਉਸ ਦੇ ਪਰਿਵਾਰ ਵਿਚੋਂ ਕੋਈ ਨਹੀਂ ਰਹੇਗਾ। ਮਹਾਰਾਜਾ ਰਣਜੀਤ ਸਿੰਘ ਨੇ ਆਪ ਦੀ ਯਾਦਗਾਰ ਵਜੋਂ ਗੁਰਦੁਆਰਾ ਬਣਾਇਆ। ਅੱਜ ਇਹ ਸਿੱਖਾਂ ਦਾ ਪੰਜਵਾਂ ਤਖ਼ਤ ਹੈ।
ਆਪ ਦਾ ਧਾਰਮਿਕ ਫ਼ਲਸਫ਼ਾ ਉਹੋ ਕੁਝ ਸੀ, ਜੋ ਪਹਿਲੇ ਨੌਵਾਂ ਗੁਰੂਆਂ ਦਾ ਸੀ।
ਆਪ ਲਿਖਦੇ ਹਨ :
ਬਿਨ ਕਰਤਾਰ ਨਾ ਕਿਰਤਮ ਮਾਨੋ॥
ਪ੍ਰਮੁੱਖ ਬਾਣੀਆਂ : ਆਪ ਦੀਆਂ ਪ੍ਰਮੁੱਖ ਬਾਣੀਆਂ-ਜਾਪੁ ਸਾਹਿਬ, ਅਕਾਲ ਉਸਤਤ ਤੇ ਬਚਿੱਤਰ ਨਾਟਕ ਆਦਿ ਹਨ। ਆਪ ਦੀ ਸਾਰੀ ਬਾਣੀ ਦਸਮ ਗ੍ਰੰਥ ਵਿਚ ਹੈ।
ਲਿਖਾਰੀ ਵਜੋਂ : ਪਾਉਂਟਾ ਸਾਹਿਬ ਵਿਚ ਆਪ ਨੇ ਆਪਣੇ ਕੋਲ ਚੋਣਵੇਂ ਵਿਦਵਾਨਾਂ ਨੂੰ ਇਕੱਠਾ ਕੀਤਾ ਅਤੇ ਅਨਮੋਲ ਸਾਹਿੱਤ ਦਾ ਪੰਜਾਬੀ ਵਿਚ ਉਲੱਥਾ ਕਰਵਾਇਆ।ਆਪ 52 ਕਵੀਆਂ ਦਾ ਦਰਬਾਰ ਅਕਸਰ ਲਾਇਆ ਕਰਦੇ ਸਨ।
ਆਪ ਨੇ ਸਿੱਖਾਂ ਦੀ ਢਹਿੰਦੀ ਕਲਾ ਨੂੰ ਉੱਚਾ ਕਰਨ ਲਈ ਖ਼ਾਲਸਾ ਸਾਜਿਆ ਅਤੇ ਜ਼ਾਲਮ ਹਾਕਮਾਂ ਦਾ ਨਾਸ਼ ਕਰਨ ਲਈ ਸੰਤ-ਸਿਪਾਹੀਆਂ ਦੀ ਫ਼ੌਜ ਤਿਆਰ ਕੀਤੀ। ਆਪ ਸਦਾ ਸਾਰਿਆਂ ਨੂੰ ਇਹ ਤੁਕਾਂ ਦੁਹਰਾਉਣ ਲਈ ਆਖਿਆ ਕਰਦੇ ਸਨ :
ਦੇਹ ਸ਼ਿਵਾ ਬਰ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ॥
ਨਾ ਡਰੋਂ ਅਰ ਸੋ ਜਬ ਜਾਇ ਲਰੋਂ ਨਿਸ਼ਚੈ ਕਰ ਅਪਨੀ ਜੀਤ ਕਰੋਂ॥
0 Comments