ਜੇ ਮੈਂ ਪ੍ਰਧਾਨ ਮੰਤਰੀ ਹੋਵਾਂ 
Je mein Pradhan Mantri Hova


ਭੂਮਿਕਾ : ਜੇ ਮੈਂ ਪ੍ਰਧਾਨਮੰਤਰੀ ਹੋਵਾਂ ਤਾਂ ਮੈਂ ਸਭ ਤੋਂ ਪਹਿਲਾਂ ਪਰਮਾਤਮਾ ਦਾ ਕੋਟਿਨ-ਕੋਟ ਧੰਨਵਾਦ ਕਰਾਂਗਾ ਜਿਸ ਨੇ ਮੇਰੇ ਜਿਹੇ ਨਿਮਾਣੇ ਤੇ ਨਿਤਾਣੇ ਨੂੰ ਏਡੀ ਵੱਡੀ ਪਦਵੀ 'ਤੇ ਬਿਠਾ ਦਿੱਤਾ। ਮੈਂ ਸਰਬੱਤ ਦੇ ਭਲੇ ਲਈ ਹੋਠਾਂ ਦਿੱਤੇ ਕੰਮ ਕਰ ਕੇ ਮਾਲਕ ਦਾ ਅਹਿਸਾਨ ਚੁਕਾਉਣ ਦਾ ਉਪਰਾਲਾ ਕਰਾਂਗਾ : 


(1) ਮੈਂ ਆਪਣੇ ਆਪ ਨੂੰ ਇੱਕ ਆਦਰਸ਼ਕ ਪ੍ਰਧਾਨ ਮੰਤਰੀ ਬਣਾਉਣ ਦੀ ਕੋਸ਼ਿਸ਼ ਕਰਾਂਗਾ ਤਾਂ ਜੋ ਕੋਈ ਮੇਰੇ 'ਤੇ ਉਂਗਲ ਨਾ ਕਰ ਸਕੇ।


(2) ਵਧ ਰਹੀ ਆਬਾਦੀ 'ਤੇ ਕੰਟਰੋਲ : ਮੈਂ ਧੜਾਧੜ ਵਧ ਰਹੀ ਆਬਾਦੀ ਨੂੰ ਠੱਲ ਪਾਉਣ ਲਈ ਪਰਿਵਾਰ ਨਿਯੋਜਨ ਦੇ ਕੰਮ ਨੂੰ ਚੰਗੀ ਤਰਾਂ ਤੇ ਪੂਰੇ ਜ਼ੋਰ-ਸ਼ੋਰ ਨਾਲ ਲਾਗੂ ਕਰਾਂਗਾ। ਜੇ ਲੋੜ ਪਈ ਤਾਂ ਮੈਂ ਦੋ ਤੋਂ ਵੱਧ ਬੱਚੇ ਪੈਦਾ ਕਰਨ ਵਾਲਿਆਂ 'ਤੇ ਟੈਕਸ ਲਾਉਣੋ ਸੰਕੋਚ ਨਹੀਂ ਕਰਾਂਗਾ। 


(3) ਅਨਾਜ ਦੀ ਉਪਜ ਵਿਚ ਵਾਧਾ : ਅਨਾਜ ਦੀ ਉਪਜ ਵਧਾਉਣ ਲਈ ਖੇਤੀ ਦੇ ਨਵੇਂ ਸੰਦਾਂ-ਮਸ਼ੀਨਾਂ, ਵਧੀਆ ਬੀਜਾਂ ਤੇ ਖਾਦਾਂ ਦੀ ਵਰਤੋਂ ਲਈ ਪ੍ਰੇਰਨਾ ਦਿਆਂਗਾ। ਹੜਾਂ ਨੂੰ ਰੋਕਣ ਲਈ ਪਾਣੀ ਦੇ ਨਿਕਾਸ ਦਾ ਹਰ ਹੀਲੇ-ਵਸੀਲੇ ਪ੍ਰਬੰਧ ਕਰਾਂਗਾ। ਔੜ ਤੋਂ ਬਚਣ ਲਈ ਟਿਉਬਵੈੱਲਾਂ/ਨਹਿਰਾਂ ਦਾ ਜਾਲ ਵਿਛਾਅ ਦਿਆਂਗਾ। 


(4) ਕਾਰਖ਼ਾਨਿਆਂ ਦੀ ਮਦਦ : ਛੋਟੇ ਕਾਰਖ਼ਾਨਿਆਂ ਦੇ ਨਾਲ-ਨਾਲ ਵੱਡੇ ਕਾਰਖ਼ਾਨਿਆਂ ਨੂੰ ਵੀ ਪੂਰੀ ਸਹਾਇਤਾ ਦਿੱਤੀ ਜਾਵੇਗੀ। (5) ਮਾਲ ਬਾਹਰ ਭੇਜਣ ਲਈ ਮਦਦ : ਮਾਲ ਬਾਹਰ ਭੇਜਣ ਲਈ ਹਰ ਤਰਾਂ ਦੀ ਸਹਾਇਤਾ ਦਿੱਤੀ ਜਾਵੇਗੀ ਤਾਂ ਜੂ ਵੱਧ ਤੋਂ ਵੱਧ ਮਾਲ ਬਾਹਰ ਭੇਜਿਆ ਜਾ ਸਕੇ। 


(6) ਗਰੀਬਾਂ 'ਤੇ ਸ਼ੋਸ਼ਣ ਦਾ ਖ਼ਾਤਮਾ : ਪੂੰਜੀਪਤੀਆਂ ਨੂੰ ਮਜ਼ਦੂਰਾਂ-ਕਾਰੀਗਰਾਂ ਦਾ ਸ਼ੋਸ਼ਣ ਕਰਨ ਦੀ ਆਗਿਆ' ਨਹੀਂ ਦਿੱਤੀ ਜਾਵੇਗੀ। 


(7) ਆਰਥਿਕ ਕਾਣੀ-ਵੰਡ ਦੂਰ : ਹਰ ਸੰਭਵ ਯਤਨ ਨਾਲ ਆਰਥਿਕ ਨਾਬਰਾਬਰੀ ਅਰਥਾਤ ਅਮੀਰ-ਗ਼ਰੀਬ ਦੇ ਫ਼ਰਕ ਨੂੰ ਘਟਾਇਆ ਜਾਵੇਗਾ। ਆਰਥਿਕ ਬਰਾਬਰੀ ਲਿਆਉਣ ਲਈ ਰੂਸ/ਚੀਨ ਦੇ ਸਫ਼ਲ ਤੌਰ-ਤਰੀਕਿਆਂ ਨੂੰ ਵਰਤਣੋਂ ਸੰਕੋਚ ਨਹੀਂ ਕੀਤਾ ਜਾਵੇਗਾ। 


(8) ਲਾਇਸੈਂਸ ਲਾਜ਼ਮੀ : ਲਾਇਸੈਂਸਾਂ ਦੁਆਰਾ ਪ੍ਰਚੱਲਿਤ ਇੰਸਪੈਕਟਰੀ ਰਾਜ ਦਾ ਭੋਗ ਪਾਇਆ ਜਾਵੇਗਾ। ਹਰ ਇੱਕ ਨੂੰ ਆਪਣੀ ਮਨ-ਮਰਜ਼ੀ ਦਾ ਕੰਮ ਨੇਕ-ਨੀਅਤੀ ਨਾਲ ਕਰਨ ਦੀ ਇਜਾਜ਼ਤ ਹੋਵੇਗੀ। ਰਿਸ਼ਵਤ ਦੇਣ ਵਾਲਾ ਤੇ ਲੈਣ ਵਾਲਾ ਦੋਵੇਂ ਕਸੂਰਵਾਰ ਸਖ਼ਤ ਤੋਂ ਸਖ਼ਤ ਸਜ਼ਾ ਦੇ ਭਾਗੀ ਹੋਣਗੇ। 


(9) ਮੰਗਣ 'ਤੇ ਪਾਬੰਦੀ : ਮੰਗਣਾ ਕਾਨੂੰਨ ਦੁਆਰਾ ਬੰਦ ਕੀਤਾ ਜਾਵੇਗਾ; ਕੋਹੜੀਆਂ ਤੇ  ਕੋਈ ਕੰਮ ਨਾ ਕਰ ਸਕਣ ਵਾਲਿਆਂ ਲਈ ਅੰਨ-ਪਾਣੀ ਦਾ ਪ੍ਰਬੰਧ ਕੀਤਾ ਜਾਵੇਗਾ।

 

(10) ਸਮਾਜਿਕ ਬੁਰਾਈਆਂ ਦਾ ਖ਼ਾਤਮਾ : ਚੱਲਿਤ ਧਾਰਮਿਕ ਵਹਿਮਾਂ, ਵਿਅਰਥ ਰਿਵਾਜਾਂ, ਪੁਰਾਣੀਆਂ  ਰਵਾਇਤਾਂ ਅਤੇ ਉਨ੍ਹਾਂ ਦੇ ਪਿੱਛੇ ਕੰਮ ਕਰ ਰਹੇ ਧਰਮ ਤੇ ਸਮਾਜ ਦੇ ਠੇਕੇਦਾਰਾਂ ਨੂੰ ਖ਼ਤਮ ਕੀਤਾ ਜਾਵੇਗਾ। 


(11) ਵਿੱਦਿਆ-ਪ੍ਰਣਾਲੀ ਵਿਚ ਸੁਧਾਰ : ਵਿੱਦਿਆ-ਪ੍ਰਣਾਲੀ ਵਿਚਲੀਆਂ ਉਣਤਾਈਆਂ ਨੂੰ ਦੂਰ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਵਿੱਦਿਆ ਪ੍ਰਾਪਤ ਕਰ ਕੇ ਸਿਖਿਆਰਥੀ ਹੱਥ ਤੇ ਹੱਥ ਧਰ ਕੇ ਨਹੀਂ ਬੈਠੇਗਾ ਸਗੋਂ ਰੋਜ਼ੀ-ਰੋਟੀ ਕਮਾਉਣ ਦੇ ਆਹਰ ਵਿਚ ਲੱਗ ਜਾਵੇਗਾ। ਉਹ ਪ੍ਰਣਾਲੀ ਚਾਲ ਕੀਤੀ ਜਾਵੇਗੀ ਜਿਹੜੀ ਵਿਦਿਆਰਥੀ ਦੇ ਵਿਅਕਤਿੱਤਵ ਦਾ ਪੂਰਨ ਵਿਕਾਸ ਕਰੇਗੀ ਤੇ ਉਸ ਨੂੰ ਕਮਾਉਣਯੋਗ ਬਣਾਵੇਗੀ। ਆਦਰਸ਼ਕ ਅਧਿਆਪਕਾਂ ਨੂੰ ਚੰਗੀਆਂ ਤਨਖ਼ਾਹਾਂ ਦਿੱਤੀਆਂ ਜਾਣਗੀਆਂ। 


(12) ਭ੍ਰਿਸ਼ਟਾਚਾਰ ਦਾ ਖ਼ਾਤਮਾ : ਹੇਰਾਫੇਰੀ, ਸਮਗਲਿੰਗ, ਜਮਾਖੋਰੀ ਤੇ ਚੋਰ-ਬਾਜ਼ਾਰੀ ਕਰਨ ਵਾਲੇ ਵਪਾਰੀਆਂ ਨੂੰ ਜੇਲ੍ਹ ਵਿਚ ਬੰਦ ਕੀਤਾ ਜਾਵੇਗਾ। ਸੱਚੇ-ਸੁੱਚੇ ਵਪਾਰੀਆਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। 


(13) ਸਰਕਾਰੀ ਕੰਮ-ਕਾਜ ਵਿਚ ਦਰੁੱਸਤਾ : ਕਲਰਕਾਂ, ਅਫ਼ਸਰਾਂ, ਮੰਤਰੀਆਂ  ਤੇ ਮੁੱਖ ਮੰਤਰੀਆਂ ਦੁਆਰਾ ਕੀਤੀਆਂ ਜਾ ਰਹੀਆਂ ਹਨੇਰਗਰਦੀਆਂ ਨੂੰ ਤੁਰੰਤ ਬੰਦ ਕੀਤਾ ਜਾਵੇਗਾ। 


(14) ਨਿਰਪੱਖ ਵਿਦੇਸ਼ ਨੀਤੀ : ਵਿਦੇਸ਼ੀ ਨੀਤੀ ਜਿੱਥੇ ਗੁਆਂਢੀ ਦੇਸ਼ਾਂ ਦਾ ਖ਼ਾਸ ਖ਼ਿਆਲ ਰੱਖੇਗੀ, ਉੱਥੇ  ਇਹ ਸਹੀ ਸ਼ਬਦਾਂ ਵਿਚ ਨਿਰਪੱਖ, ਸ਼ਾਂਤੀ-ਪੁੰਜ, ਸੱਚ ਤੇ ਨਿਆਂ ਦੀ ਧਾਰਨੀ ਹੋਵੇਗੀ। ਘਰੇਲੂ ਨੀਤੀ ਵਿਚ ਜਾਤ-ਪਾਤ, ਕੁਨਬਾਪਰਵਰੀ, ਧਰਮ ਤੇ ਪ੍ਰਾਂਤ ਦੇ ਪੱਖ ਨੂੰ ਨਹੀਂ ਪੂਰਿਆ ਜਾਵੇਗਾ। ਜਨੂੰਨੀਆਂ ਤੇ ਕੱਟੜਵਾਦੀਆਂ ਨੂੰ ਨੁੱਕਰੇ ਲਾਇਆ ਜਾਵੇਗਾ।


(15) ਕਲਾ ਤੇ ਗਿਆਨ ਦੀ ਉੱਨਤੀ : ਕਲਾ ਤੇ ਵਿਗਿਆਨ ਦੀ ਉੱਨਤੀ ਲਈ ਕਲਾਕਾਰਾਂ ਤੇ ਵਿਗਿਆਨੀਆਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਉਨਾਂ ਨੂੰ ਸ਼ਾਬਾਸ਼ ਵਜੋਂ ਇਨਾਮ ਦਿੱਤੇ ਜਾਣਗੇ। 


(16) ਦੇਸ਼-ਧਰੋਹੀਆਂ ਨੂੰ ਸਜ਼ਾ : ਚਗਲਪੇਰਾਂ, ਨਿੰਦਕਾਂ, ਚੋਰਾਂ, ਵੱਢੀਖ਼ਰਾਂ, ਹਰਾਮਖੋਰਾਂ, ਦੇਸ਼-ਧਰਹੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ। 

(17) ਲੋਕ ਰਾਇ ਨੂੰ ਪਹਿਲ : ਹਰ ਸਮੱਸਿਆ ਨੂੰ ਸੁਲਝਾਉਣ ਲਈ ਮੰਤਰੀਆਂ ਅਤੇ ਜਨਤਾ ਦੀ ਰਾਇ ਲੈ ਕੇ ਪੂਰੀ ਕਾਰਵਾਈ ਕੀਤੀ ਜਾਵੇਗੀ। 


ਮੈਨੂੰ ਪੂਰਨ ਆਸ ਹੈ ਕਿ ਜੇ ਮੈਨੂੰ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲਿਆ ਤੇ ਮੈਂ ਦੇਸ਼ ਨੂੰ ਸੋਨੇ ਦੀ ਚਿੜੀ ਬਣਾ ਕੇ ਰੱਖ ਦਿਆਂਗਾ, ਲੋਕੀਂ ਮੂੰਹ ਵਿਚ ਉਂਗਲੀਆਂ ਪਾ-ਪਾ ਵੇਖਦੇ ਰਹਿ ਜਾਣਗੇ। ਹੇ ਪ੍ਰਧਾਨ ਮੰਤਰੀ ਬਣਾਉਣ ਵਾਲੇ ਮਾਲਕਾ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖੀ!