ਮਨਿ ਜੀਤੈ ਜਗੁ ਜੀਤੁ 
Man Jite Jag Jite


ਭੂਮਿਕਾ : ਗੁਰੂ ਨਾਨਕ ਦੇਵ ਜੀ ਦੀ ਇਹ ਤੁਕ 'ਮਨਿ ਜੀਤੈ ਜਗੁ ਜੀਤੁ' ਦਾ ਭਾਵ ਹੈ ਮਨ ਦੇ ਜਿੱਤਣ ਨਾਲ ਸੰਸਾਰ ਜਿੱਤਿਆ ਜਾਂਦਾ ਹੈ; ਜਿਸ ਨੇ ਦਿਲ ਕਾਬੂ ਕੀਤਾ ਹੈ, ਉਹੀ ਜੇਤੁ ਹੈ; ਜ਼ੋਰ ਨਾਲ ਲੋਕਾਂ ਨੂੰ ਜਿੱਤਣ ਵਾਲਾ ਫ਼ਤਹਿ ਨਹੀਂ ਪਾਉਂਦਾ, ਜਿਹੜਾ ਪਰਾਏ ਦਿਲਾਂ ਨੂੰ ਮੁੱਠੀ ਵਿਚ ਕਰ ਲੈਂਦਾ ਹੈ, ਉਹ ਅਸਲ ਫ਼ਤਹਿ ਪ੍ਰਾਪਤ ਕਰਦਾ ਹੈ।


ਜੱਗ ਜਿੱਤਣ ਲਈ ਸ਼ਕਤੀ ਦੀ ਵਰਤੋਂ : ਮੁੱਢ-ਕਦੀਮ ਤੋਂ ਸ਼ਕਤੀਵਰ ਮਨੁੱਖ ਸਾਰੇ ਸੰਸਾਰ ਦਾ ਰਾਜਾ ਬਣਨ ਲਈ ਮਾਰ-ਧਾੜ ਤੇ ਖੂਨ-ਖਰਾਬਾ ਕਰਦਾ ਆਇਆ ਹੈ। ਇਸ ਹਵਸ ਨੂੰ ਪੂਰਿਆਂ ਕਰਨ ਲਈ ਦੁਆਪਰ ਯੁੱਗ ਵਿਚ ਕਰਵਾਂਪਾਂਡਵਾਂ ਵਿਚ ਕੁਰਕਸ਼ੇਤਰ ਵਿਖੇ ਮਹਾਂਭਾਰਤ ਦਾ ਯੁੱਧ ਹੋਇਆ। ਕਲਯੁੱਗ ਵਿਚ ਗੋਰੀਆਂ, ਗ਼ਜ਼ਨਵੀਆਂ ਤੇ ਅਬਦਾਲੀਆਂ ਆਦਿ ਨੇ ਭਾਰਤ ਦੀ ਪਵਿੱਤਰ ਧਰਤੀ ਨੂੰ ਲਤਾੜਿਆ। ਇਸੇ ਲਾਲਚ ਪਿੱਛੇ ਵੀਹਵੀਂ ਸਦੀ ਵਿਚ 1914-18 ਈ: ਅਤੇ 1939-45 ਈ: ਦੇ ਦੋ ਮਹਾਂਯੁੱਧ ਹੋਏ, ਹੁਣ ਤੀਜੇ ਯੁੱਧ ਦੀਆਂ ਤਿਆਰੀਆਂ ਹੋ ਰਹੀਆਂ ਹਨ। ਕਿੰਨੀ ਮਾਰੂ ਤੇ ਵਿਨਾਸ਼ਕਾਰੀ ਇਹ ਲਾਲਸਾ ਹੈ!


ਗੁਰੂ ਜੀ ਦੀ ਸਿੱਖਿਆ : ਗੁਰੂ ਨਾਨਕ ਦੇਵ ਜੀ ਨੇ ਇਸ ਇੱਕ ਤੁਕ ਰਾਹੀਂ ਰਾਜਿਆਂ ਨੂੰ ਇੱਕ ਬਹੁਮੁੱਲੀ ਸਿੱਖਿਆ ਦਿੱਤੀ ਹੈ, ਜੇ ਤੁਸੀਂ ਸਹੀ ਅਰਥਾਂ ਵਿਚ ਰਾਜੇ ਬਣਨਾ ਚਾਹੁੰਦੇ ਹੋ ਤਾਂ ਆਪਣੀ ਪਰਜਾ ਦੇ ਦਿਲਾਂ ਨੂੰ ਜਿੱਤੋ, ਮਾਰਕਟਾਈ, ਲੁੱਟ-ਖਸੁੱਟ ਨਾਲ ਜਗਤ ਦੇ ਦਿਲਾਂ ਨੂੰ ਨਹੀਂ ਜਿੱਤਿਆ ਜਾ ਸਕਦਾ। ਉਨਾਂ ਦੇ ਦਿਲਾਂ ਨੂੰ ਜਿੱਤਣ ਲਈ ਤਾਂ ਉਨ੍ਹਾਂ ਦਾ ਦਰਦੀ ਬਣਨਾ ਪਵੇਗਾ, ਉਨ੍ਹਾਂ ਦੇ ਦੁੱਖਾਂ ਨੂੰ ਦਿਲੋਂ-ਮਨੋਂ ਦੂਰ ਕਰਨਾ ਪਵੇਗਾ। ਕਹਿੰਦੇ ਹਨ ਕਿ ਤੇਤੇ ਯੁਗ ਵਿਚ ਜਦ ਰਾਜੇ ਜਨਕ ਨੂੰ ਦੇਵਤੇ ਸਵਰਗ ਵਿਚ ਲਿਜਾ ਰਹੇ ਸਨ ਤਾਂ ਉਨ੍ਹਾਂ ਨਰਕਧਾਰੀਆਂ ਦੀ ਚੀਖ਼ਪੁਕਾਰ ਸੁਣੀ। ਉਨ੍ਹਾਂ ਦੀ ਜਿੱਦ ’ਤੇ ਨਰਕ ਖ਼ਾਲੀ ਕੀਤਾ ਗਿਆ ਤੇ ਸਭ ਨਰਕਧਾਰੀਆਂ ਨੂੰ ਸਵਰਗ ਪਹੁੰਚਾਇਆ ਗਿਆ ।


ਮਹਾਂਪੁਰਖਾਂ ਦੇ ਵਿਚਾਰ : ਕਲਯੁਗ ਵਿਚ ਯਿਸੂ ਮਸੀਹ, ਹਜ਼ਰਤ ਮੁਹੰਮਦ ਸਾਹਿਬ , ਮਹਾਤਮਾ ਬੁੱਧ ਤੇ ਗੁਰੂ ਨਾਨਕ ਦੇਵ ਜੀ ਆਦਿ ਅਜਿਹੇ ਮਹਾਂਵਿਅਕਤੀ ਹੋਏ ਜਿਨ੍ਹਾਂ ਜਨਤਾ ਦੇ ਦਿਲਾਂ ਨੂੰ ਜਿੱਤਿਆ ਤੋਂ ਹੁਣ ਤੱਕ ਉਨ੍ਹਾਂ ਦੇ ਮਨਾਂ 'ਤੇ ਰਾਜ ਕਰ ਰਹੇ ਹਨ। ਇਨ੍ਹਾਂ ਨੂੰ ਹੁਣ ਵੀ ਲੋਕਾਈ ਪੀਰ-ਪੈਗੰਬਰ ਜਾਣ ਕੇ ਸਿਮਰਦੀ, ਸਤਿਕਾਰਦੀ ਤੇ ਵਡਿਆਉਂਦੀ ਹੈ ਅਤੇ ਰਹਿੰਦੀ ਦੁਨੀਆਂ ਤੱਕ ਪਿਆਰਦੀ ਰਹੇਗੀ।


ਕਹਿੰਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਭੇਸ ਬਦਲ ਕੇ ਆਪਣੀ ਪਰਜਾ ਦੀ ਖ਼ਬਰ-ਸਾਰ ਲਿਆ ਕਰਦਾ ਸੀ। ਇੱਕ ਵਾਰੀ ਅੰਨ ਦੀ ਘਾਟ ਕਾਰਨ ਕਾਲ ਪੈ ਗਿਆ। ਮਹਾਰਾਜੇ ਨੇ ਆਪਣੇ ਅੰਨ ਭੰਡਾਰ ਮੁਫ਼ਤ ਵੰਡਣ ਦਾ ਆਦੇਸ਼ ਦੇ ਦਿੱਤਾ ਜਿੰਨਾ ਕੋਈ ਚੁੱਕ ਸਕੇ , ਲੈ ਜਾਵੇ। ਇੱਕ ਅਜਿਹੇ ਭੰਡਾਰੇ ਕੋਲ ਮਹਾਰਾਜਾ ਆਪ ਬਦਲੇ ਹੋਏ ਵੇਸ ਵਿਚ ਖੜਾ ਸੀ। ਇੱਕ ਬੱਚਾ ਆਪਣੇ ਬੁੱਢੇ ਬਾਬੇ ਦੀ ਡੰਗੋਰੀ ਫੜੀ ਆ ਗਿਆ। ਬਾਬੇ ਨੇ ਆਪਣੀ ਚਾਦਰ ਦਾਣਿਆਂ ਨਾਲ ਏਨੀ ਭਰੀ ਕਿ ਉਸ ਕੋਲੋਂ ਚੁੱਕੀ ਨਾ ਜਾਵੇ। ਮਹਾਰਾਜਾ ਆਪ ਦਾਣਿਆਂ ਦੀ ਪੰਡ ਚੁੱਕ ਕੇ ਉਸ ਦੇ ਘਰ ਛੱਡ ਆਇਆ। ਜਾਂਦਿਆਂ ਬਾਬੇ ਨੇ ਮਹਾਰਾਜੇ ਨੂੰ ਆਕਾਸ਼ ਨੂੰ ਹਿਲਾ ਦੇਣ ਵਾਲੀਆਂ ਅਸੀਸਾਂ ਦਿੱਤੀਆਂ। ਘਰ ਪੁੱਜ ਕੇ ਬਾਬੇ ਦੇ ਜ਼ੋਰ ਪਾਉਣ ’ਤੇ ਪਾਂਡੀ ਨੇ ਦੱਸਿਆ- ਮਹਾਰਾਜ ਹਾਂ, ਪਰ ਪਰਜਾ ਦਾ ਪਾਂਡੀ ਹਾਂ। ਬਾਬੇ ਦੀਆਂ ਭੁੱਬਾਂ ਨਿਕਲ ਗਈਆਂ, ਮੇਰੇ ਕੋਲੋਂ ਇਹ ਕਿੰਨਾਂ ਵੱਡਾ ਪਾਪ ਹੋ ਗਿਆ ਹੈ।


ਪੰਡਿਤ ਜਵਾਹਰ ਲਾਲ ਨਹਿਰੂ ਆਪਣੀ ਰੱਖਿਆ ਲਈ ਪੁਲਿਸ ਵੱਲੋਂ ਕੀਤੇ ਗਏ ਇਹਤਿਆਤੀ ਰੱਖਿਆ ਪ੍ਰਬੰਧ ਦੀ ਵਿਰੋਧਤਾ ਕਰਿਆ ਕਰਦੇ ਹੋਏ ਕਹਿੰਦੇ ਸਨ ਕਿ ਜੇ ਲੋਕਾਂ ਨੂੰ ਮੇਰੀ ਜ਼ਰੂਰਤ ਨਹੀਂ ਤਾਂ ਮੈਨੂੰ ਜਿਉਣ ਦਾ ਕੋਈ ਹੱਕ ਨਹੀਂ। ਇਹ ਲੋਕ ਹੀ ਮੇਰੇ ਅੰਗ-ਰੱਖਿਅਕ ਹਨ।


ਸਿੱਟਾ : ਸੋ, ਲੋਕ-ਰਾਜ ਵਿਚ ਵੀ ਰਾਜਸੀ ਨੇਤਾਵਾਂ ਨੂੰ ਚੋਣਾਂ ਵਿਚ ਕੋਰੇ ਵਾਅਦੇ ਕਰ ਕੇ ਜਿੱਤ ਕੇ ਜਨਤਾ ਵੱਲ ਮੰਹ ਨਹੀਂ ਫੇਰ ਲੈਣਾ ਚਾਹੀਦਾ ਸਗੋਂ ਉਨ੍ਹਾਂ ਦੀ ਭਲਾਈ ਕਰ ਕੇ ਉਨ੍ਹਾਂ ਦੇ ਦਿਲਾਂ ਨੂੰ ਜਿੱਤਣਾ ਚਾਹੀਦਾ ਹੈ। ਅਜਿਹੇ ਹਰਮਨ-ਪਿਆਰੇ ਨੇਤਾਵਾਂ ਨੂੰ ਅੰਗ-ਰੱਖਿਅਕਾਂ ਦੀ ਲੋੜ ਨਹੀਂ ਪਵੇਗੀ। ਉਹ ਜਿਧਰ ਵੀ ਜਾਣਗੇ, ਲੋਕੀ ਹੱਥੀਂ ਛਾਵਾਂ ਕਰਨਗੇ, ਆਪਣਿਆਂ ਦਿਲਾਂ ਦੇ ਰਾਜਿਆਂ ਨੂੰ ਵਡਿਆਉਂਦਿਆਂ ਉਨ੍ਹਾਂ ਦੇ ਮੂੰਹ ਨਹੀਂ ਸੁੱਕਣਗੇ।