ਬੇਰੁਜ਼ਗਾਰੀ ਦੀ ਸਮੱਸਿਆ 
Unemployment Problem


ਜਾਣ-ਪਛਾਣ : ਕਿਸੇ ਦੇਸ਼ ਦੀ ਆਰਥਿਕ ਸਥਿਤੀ ਦਾ ਅਨੁਮਾਨ ਉਸ ਵਿਚ ਰੁਜ਼ਗਾਰ-ਸਾਧਨਾਂ ਦੀ ਮੌਜੂਦਗੀ ਤੋਂ ਲਾਇਆ ਜਾਂਦਾ ਹੈ। ਰੁਜ਼ਗਾਰ-ਸਾਧਨਾਂ ਵਿਚ ਅਮੀਰ ਦੇਸ਼ ਨੂੰ ਖੁਸ਼ਹਾਲ ਅਤੇ ਗ਼ਰੀਬ ਨੂੰ ਆਰਥਿਕ ਤੌਰ ਤੇ ਮੰਦਹਾਲ ਗਰਦਾਨਿਆ ਜਾਂਦਾ ਹੈ। ਵਿਹਲਾ ਮਨ ਸ਼ੈਤਾਨ ਦਾ ਚਰਖਾ ਹੋਣ ਕਰਕੇ ਵਿਗਾੜਹਾਰਾ ਹੁੰਦਾ ਹੈ। ਹਰ ਆਦਰਸ਼ਕ ਰਾਜ ਰੁਜ਼ਗਾਰ ਦੇ ਵੱਧ ਤੋਂ ਵੱਧ ਸਾਧਨ ਹਰ ਹੀਲੇ-ਵਸੀਲੇ ਪੈਦਾ ਕਰਦਾ ਹੈ।

ਬੇਰੁਜ਼ਗਾਰੀ ਇਕ ਗੰਭੀਰ ਸਮੱਸਿਆ : ਬੇਰੁਜ਼ਗਾਰੀ ਦੀ ਸਮੱਸਿਆ ਅੱਜ ਸੰਸਾਰ ਦੇ ਬਹੁਤੇ ਦੋਸ਼ਾਂ ਦੀ ਸਿਰਦਰਦੀ ਦਾ ਕਾਰਨ ਬਣੀ ਹੋਈ ਹੈ। ਪਰ ਸਾਡੇ ਦੇਸ਼ ਵਿਚ ਇਸ ਨੇ ਭਿਆਨਕ ਰੂਪ ਧਾਰ ਲਿਆ ਹੈ। ਇਥੇ ਨਾ ਸਿਰਫ਼ ਅਨਪੜ੍ਹ ਸਗੋਂ ਪੜੇ ਹੋਏ ਵੀ ਬੇਰੁਜ਼ਗਾਰ ਹਨ, ਜਿਨ੍ਹਾਂ ਦੇ ਪੁੱਠੇ ਚਾਲਿਆਂ ਨੇ ਦੇਸ਼ ਦੀ ਨੀਂਦ ਹਰਾਮ ਕੀਤੀ ਹੋਈ ਹੈ। 

ਬੇਰੁਜ਼ਗਾਰੀ ਦੇ ਕੁਝ ਕਾਰਨ ਹੇਠਾਂ ਦਿੱਤੇ ਜਾਂਦੇ ਹਨ :

ਆਬਾਦੀ ਦਾ ਵਾਧਾ : ਸਾਡੇ ਦੇਸ਼ ਵਿਚ ਆਬਾਦੀ ਦੇ ਵਾਧੇ ਅਨੁਸਾਰ ਰੁਜ਼ਗਾਰ ਦੇ ਵਸੀਲਿਆਂ ਦਾ ਨਾ ਵਧਣਾ ਬੇਰੁਜ਼ਗਾਰੀ ਦਾ ਮੁੱਖ ਕਾਰਨ ਹੈ। ਸਰਕਾਰ ਵੱਲੋਂ ਸੰਤਾਨ ਸੰਜਮ ਦੇ ਪ੍ਰਚਾਰ ਨੇ ਸਿਰਫ਼ ਪੜ੍ਹਿਆਂ-ਲਿਖਿਆਂ ਨੂੰ ਹੀ ਪ੍ਰਭਾਵਿਤ ਕੀਤਾ ਹੈ ਪਰ ਸਾਡੀ ਬਹੁਤੀ ਅਨਪੜ੍ਹ ਜਨਤਾ ਇਸ ਤੋਂ ਪ੍ਰਭਾਵਿਤ ਹੈ ਤੇ ਆਬਾਦੀ ਧੜਾਧੜ ਵਧ ਰਹੀ ਹੈ।

ਉਦਯੋਗਿਕ ਕ੍ਰਾਂਤੀ : ਆਮ ਵਿਚਾਰ ਹੈ ਕਿ ਸਨਅਤੀ ਕਾਂਤੀ ( Industrial Revolution) ਨੇ ਬੇਰੁਜ਼ਗਾਰੀ ਨੂੰ ਜਨਮ ਦਿੱਤਾ ਹੈ-ਮਸ਼ੀਨਾਂ ਨੇ ਬੇਅੰਤ ਹੱਥਾਂ ਨੂੰ ਵਿਹਲਿਆਂ ਕਰ ਦਿੱਤਾ ਹੈ। ਗਾਂਧੀ ਜੀ ਨੇ ਵੀ ਇਸੇ ਲਈ ਚਰਖੇ ਨੂੰ ਵਿਸ਼ੇਸ਼ ਮਹਾਨਤਾ ਦਿੱਤੀ ਸੀ। ਅਸਲ ਵਿਚ ਕੋਈ ਦੋਸ਼ ਮਸ਼ੀਨਾਂ ਦੀ ਵਰਤੋਂ ਤੋਂ ਬਗ਼ੈਰ ਉੱਨਤੀ ਨਹੀਂ ਕਰ ਸਕਦਾ। ਨਾਲ ਇਸ ਵਿਚਾਰ ਦੇ ਵਕੀਲ ਭੁੱਲ ਜਾਂਦੇ ਹਨ ਕਿ ਮਸ਼ੀਨਾਂ ਦਾ ਬਣਾਉਣਾ ਅਤੇ ਉਨ੍ਹਾਂ ਦੀ ਮੁਰੰਮਤ ਕਰਨਾ ਵੀ ਰੁਜ਼ਗਾਰ ਦੇ ਸਾਧਨ ਪੈਦਾ ਕਰਦਾ ਹੈ।

ਨੁਕਸਦਾਰ ਵਿੱਦਿਅਕ ਪ੍ਰਣਾਲੀ : ਭਾਵੇਂ ਸਰਕਾਰ ਵਿੱਦਿਆ ਪ੍ਰਣਾਲੀ ਵਿਚ ਸੋਧ ਕਰ ਕੇ ਹੱਥੀਂ ਕੰਮ ਸਿਖਾਉਣ ਦੀਆਂ ਸੰਸਥਾਵਾਂ ਚਾਲੂ ਕਰ ਰਹੀ ਹੈ, ਪਰ ਅਜੇ ਵੀ ਜਨਤਕ ਰੁਚੀ ਦਫ਼ਤਰੀ ਕੰਮ ਨੂੰ ਪਹਿਲ ਦੇਣ ਤੋਂ ਨਹੀਂ ਹਟੀ। ਇਹ ਆਮ ਵੇਖਣ ਵਿਚ ਮਿਲਦਾ ਹੈ ਕਿ ਬੇਰੁਜ਼ਗਾਰ ਸਰਕਾਰੀ ਕਰਜ਼ੇ ਨਾਲ ਉਦਯੋਗ ਸ਼ੁਰੂ ਤਾਂ ਕਰ ਦਿੰਦੇ ਹਨ ਪਰ ਆਪ ਹੱਥੀਂ ਕੰਮ ਨਹੀਂ ਕਰਦੇ ਤੇ ਕੁਰਸੀ 'ਤੇ ਬੈਠਵੀਂ ਚੌਧਰ ਹੀ ਕਰਦੇ ਹਨ।

ਕਿੱਤਾ-ਚੋਣ : ਕੰਮ ਕਰਨ ਵਾਲੇ ਦੀ ਰੁਚੀ ਅਨੁਸਾਰ ਨਹੀਂ ਕੀਤੀ ਜਾਂਦੀ, ਮਾਪੇ ਆਪਣੀ ਮਰਜ਼ੀ ਠੋਸ ਦਿੰਦੇ ਹਨ। ਸਿੱਟੇ ਵਜੋਂ ਕਈ ਪੜ੍ਹ-ਲਿਖ ਕੇ ਵੀ ਉਸ ਕੰਮ ਵਿਚ ਰੁਚੀ ਨਾ ਹੋਣ ਕਰਕੇ ਬੇਰੁਜ਼ਗਾਰ ਰਹਿੰਦੇ ਹਨ।

ਪੰਜੀਪਤੀਆਂ ਦੀ ਸਰਦਾਰੀ : ਸਾਡੇ ਲੋਕ-ਰਾਜੀ ਆਰਥਿਕ ਢਾਂਚੇ ਵਿਚ ਜ਼ਮੀਨਾਂ ਉੱਤੇ ਜ਼ਿਮੀਂਦਾਰ (ਜ਼ਮੀਨ ਦੇ ਮਾਲਕ) ਅਤੇ ਉਤਪਾਦਨ ਦੇ ਹੋਰ ਸਾਧਨਾਂ ਉੱਤੇ ਪੂੰਜੀਪਤੀਆਂ ਦੀ ਸਰਦਾਰੀ ਹੈ। ਇਹ ਆਪਣੇ ਨਿੱਜੀ ਲਾਭ ਹਿਤ ਵੱਧ ਤੋਂ ਵੱਧ ਮਸ਼ੀਨਾਂ ਦੀ ਤੇ ਘੱਟ ਤੋਂ ਘੱਟ ਮਜ਼ਦੂਰਾਂ ਤੇ ਕਾਰੀਗਰਾਂ ਦੀ ਵਰਤੋਂ ਕਰਦੇ ਹਨ। ਕਈ ਵਾਰੀ ਨਵੀਂ ਭਰਤੀ ਕਰਨ ਨਾਲੋਂ ਪਹਿਲਾਂ ਲੱਗਿਆਂ ਨੂੰ ਹੀ ਭੱਤਾ ਦੇ ਕੇ ਕੰਮ ਸਾਰ ਲੈਂਦੇ ਹਨ। ਸਮਾਜਵਾਦੀ ਪ੍ਰਬੰਧ ਵਿਚ ਇਹ ਕੁਝ ਨਹੀਂ ਕੀਤਾ ਜਾਂਦਾ।

ਅੰਤਰਰਾਸ਼ਟਰੀ ਆਵਾਜਾਈ ਦੀਆਂ ਰੁਕਾਵਟਾਂ : ਅੰਤਰਰਾਸ਼ਟਰੀ ਆਵਾਜਾਈ ਦੀਆਂ ਰੁਕਾਵਟਾਂ ਕਰਕੇ ਬੇਰੁਜ਼ਗਾਰ ਰੁਜ਼ਗਾਰ ਦੇ ਸਾਧਨਾਂ ਵਿਚ ਅਮੀਰ ਦੇਸ਼ ਵਿਚ ਨਹੀਂ ਜਾ ਸਕਦੇ। ਇਹ ਖੁੱਲ੍ਹ ਸਿਰਫ਼ ਸੰਸਾਰ ਸਟੇਟ (World State) ਵਿਚ ਹੀ ਸੰਭਵ ਹੋ ਸਕਦੀ ਹੈ।

ਅਗਿਆਨਤਾ : ਕਈ ਵਾਰੀ ਅਗਿਆਨਤਾ ਬੇਰੁਜ਼ਗਾਰੀ ਨੂੰ ਘਟਣ ਨਹੀਂ ਦਿੰਦੀ। ਭਾਵੇਂ ਸਰਕਾਰ ਨੇ ਰੁਜ਼ਗਾਰ ਲਈ ਖ਼ਾਲੀ ਥਾਵਾਂ ਦੱਸਣ ਲਈ ਰੁਜ਼ਗਾਰ ਕੇਂਦਰ ਖੋਲ੍ਹੇ ਹੋਏ ਹਨ ਅਤੇ ਅਖ਼ਬਾਰਾਂ, ਰੇਡੀਓ ਤੇ ਟੀ. ਵੀ. 'ਤੇ ਵੀ ਦੱਸਿਆ ਜਾਂਦਾ ਹੈ, ਫਿਰ ਵੀ ਕਈ ਵਿਹਲੜ ਖ਼ਬਰ ਰਹਿ ਕੇ ਗ਼ਲਤ ਸੋਚਾਂ ਵਿਚ ਰੁੱਝੇ ਰਹਿੰਦੇ ਹਨ। 

ਕੇਵਲ ਫ਼ਸਲੀ ਚੱਕਰ 'ਤੇ ਨਿਰਭਰ ਕਿਸਾਨੀ : ਸਾਡੇ ਕਿਸਾਨ ਫ਼ਸਲ ਦੀ ਬਿਜਾਈ ਤੇ ਕਟਾਈ ਦੇ ਸਮੇਂ ਤੋਂ ਛੁੱਟ ਬਹੁਤਾ ਸਮਾਂ ਵਿਹਲੇ ਰਹਿੰਦੇ ਹਨ। ਇਨ੍ਹਾਂ ਨੂੰ ਕਰਜ਼ੇ ਦੇ ਕੇ ਮੁਰਗੀਆਂ, ਸੁਰ ਤੇ ਮੱਛੀਆਂ ਆਦਿ ਪਾਲਣ ਦੇ ਧੰਦਿਆਂ ਵਿਚ ਜਾਂ ਘਰੇਲੂ ਲਘੂ ਉਦਯੋਗਾਂ ਵਿਚ ਰੁਝਾਇਆ ਜਾ ਸਕਦਾ ਹੈ। ਸਰਕਾਰ ਇਸ ਪਾਸੇ ਕਾਫ਼ੀ ਕੰਮ ਕਰ ਰਹੀ ਹੈ ਪਰ ਸਮੱਸਿਆ ਉੱਥੇ ਦੀ ਉੱਥੇ ਹੀ ਹੈ।

ਬੁਰਾਈਆਂ ਦਾ ਵਾਧਾ : ‘ਮਰਦਾ ਕੀ ਨਾ ਕਰਦਾ ਅਖਾਣ ਅਨੁਸਾਰ ਬੇਰੁਜ਼ਗਾਰ ਓੜਕ ਚੋਰ, ਠੱਗ, ਕਾਤਲ, ਗੁੰਡੇ , ਅੱਤਵਾਦੀ, ਪੁਲਿਸ ਜਾਂ ਵਿਦੇਸ਼ਾਂ ਦੇ ਜਾਸੂਸ, ਨਸ਼ੀਲੀਆਂ ਵਸਤਾਂ ਦੇ ਵਪਾਰੀ ਤੇ ਸਮੱਗਲਰ ਬਣ ਕੇ ਦੇਸ਼ ਨੂੰ ਕਲੰਕਿਤ ਕਰ ਰਹੇ ਹਨ। ਇਨ੍ਹਾਂ ਨੂੰ ਇਸ ਔਕੜ ਵਿਚੋਂ ਕੱਢਣ ਲਈ ਕਈ ਪ੍ਰਾਂਤਾਂ ਦੀਆਂ ਸਰਕਾਰਾਂ ਨੇ ਨਾ-ਮਾਤਰ ਬੇਰੁਜ਼ਗਾਰੀ ਭੱਤਾ ਦੇਣਾ ਸ਼ੁਰੂ ਕਰ ਦਿੱਤਾ ਹੈ। ਅਸਲ ਵਿਚ ਇਸ ਸਮੱਸਿਆ ਦਾ ਇਹ ਹੱਲ ਨਹੀਂ। ਇਸ ਦਾ ਇੱਕ-ਇੱਕ ਹੱਲ ਜਿਵੇਂਕਿਵੇਂ ਰੁਜ਼ਗਾਰ ਦੇ ਸਾਧਨ ਪੈਦਾ ਕਰ ਕੇ ਹਰ ਇੱਕ ਨੂੰ ਕੰਮ ਵਿਚ ਰੁਝਾਈ ਰੱਖਣਾ ਹੈ।