ਇੱਕ ਪੱਤਰ ਰਾਹੀਂ ਚਾਚਾ ਜੀ ਦਾ ਧੰਨਵਾਦ ਕਰੋ ਜਿਨ੍ਹਾਂ ਨੇ ਤੁਹਾਡੇ ਜਨਮ-ਦਿਨ 'ਤੇ ਇੱਕ ਘੜੀ ਭੇਜੀ।


200 ਜਹਾਰ ਬਾਗ,

ਜਲੰਧਰ ਸ਼ਹਿਰ ।

ਮਿਤੀ ………


ਮਾਨਯੋਗ ਚਾਚਾ ਜੀਓ ,

ਸਤਿਕਾਰ। 

ਮੇਰੇ ਜਨਮ-ਦਿਨ ਤੇ ਆਪ ਜੀ ਦੀ ਭੇਜੀ ਘੜੀ ਮਿਲੀ। ਪਾਰਸਲ ਖੋਲ੍ਹਦਿਆਂ-ਖੋਲ੍ਹਦਿਆਂ ਮੇਰੀਆਂ ਵਾਛਾਂ ਖਿੜ ਗਈਆਂ । ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕਿਵੇਂ ਆਪ ਦਾ ਧੰਨਵਾਦ ਕਰਾਂ । ਇਸ ਵਾਰ ਤਾਂ ਮੈਂ ਤੁਹਾਨੂੰ ਇਸ ਦਿਨ ਬਾਰੇ ਲਿਖਿਆ ਵੀ ਨਹੀਂ ਸੀ ਪਰ ਤੁਸੀਂ ਇਸ ਦਿਨ ਨੂੰ ਨਹੀਂ ਭੁੱਲੋ। ਇਉਂ ਜਾਪਦਾ ਹੈ ਕਿ ਤੁਸੀਂ ਆਪਣੀ ਡਾਇਰੀ ਵਿਚ ਭੈਣ ਅਬਨਾਸ਼ ਤੇ ਵੀਰ ਉੱਤਮ ਦੀਆਂ ਜਨਮ-ਤਰੀਕਾਂ ਦੇ ਨਾਲ ਮੇਰੀ ਤੇ ਭੈਣ ਕਮਲ ਦੀ ਜਨਮ-ਭਰੀਰ ਨੂੰ ਨੋਟ ਕਰ ਲਿਆ ਹੋਇਆ ਹੈ।

ਮੰਮੀ-ਡੈਡੀ ਤੇ ਜਨਮ-ਦਿਨ ਪਾਰਟੀ 'ਤੇ ਜੁੜੇ ਦੋਸਤਾਂ-ਮਿੱਤਰਾਂ ਅਤੇ ਸਾਕ-ਸੰਬੰਧੀਆਂ ਨੇ ਇਸ ਸੁਗਾਤ ਦੀ ਭਰਵੀਂ ਪ੍ਰਸੰਸਾ ਕੀਤੀ। ਡੈਡੀ ਨੇ ਭਰੇ ਸੰਮੇਲਨ ਵਿਚ ਆਖਿਆ-ਜਗਤਾਰ ! ਮੇਰਾ ਲਛਮਣ ਭਰਾ ਹੈ। ਉਹ ਅਬਨਾਬ ਤੇ ਉੱਤਮ ਵਾਂਗ ਸੁਰਜੀਤ ਤੇ ਕਮਲ ਨੂੰ ਸਮਝਦਾ ਹੈ। ਉਹ ਵਿਤਕਰਾ ਕਰਨ ਦੀ ਤਾਂ ਸੋਚ ਹੀ ਨਹੀਂ ਸਕਦਾ। ਪ੍ਰਮਾਤਮਾ ਅਜਿਹੇ ਵੀਰ ਸਭ ਨੂੰ ਦੇਵੇ।

ਚਾਚਾ ਜੀ ! ਤੁਹਾਡੀ ਘੜੀ ਮੇਰੇ ਨਿੱਤ ਦੇ ਕੰਮ ਨੂੰ ਸਮਾਂਬੱਧ ਕਰਿਆ ਕਰੇਗੀ। ਮੈਂ ਵੇਲੇ ਸਿਰ ਜਾਗਿਆ, ਨਹਾਇਆ, ਆਪਣੇ ਇਸ਼ਟ ਨੂੰ ਧਿਆਇਆ, ਖਾਇਆ, ਖਡਿਆ ਤੇ ਸੌਇਆਂ ਕਰਾਂਗਾ। ਇਹ ਘੜੀ ਮੈਨੂੰ ਆਪਣੇ ਵਾਂਗ ਸਦਾ ਹੀ ਚੇਤੰਨ ਹੋ ਕੇ ਤੁਰੇ ਰਹਿਣ ਦੀ ਪ੍ਰੇਰਣਾ ਦਿੰਦੀ ਰਹੇਗੀ।

ਪਿਆਰੀ ਚਾਚੀ ਜੀ ਨੂੰ ਕਹਿਣਾ ਕਿ ਇਨ੍ਹਾਂ ਗਰਮੀ ਦੀਆਂ ਛੁੱਟੀਆਂ ਵਿਚ ਸੁਰਜੀਤ ਤੇ ਕਮਲ ਮਾਰੋ-ਮਾਰ ਕਰਦੇ ਆ ਰਹੇ ਹਨ। ਖੂਬ ਰੌਣਕਾਂ ਲੱਗਣਗੀਆਂ।

ਭੈਣਾਂ ਅਬਨਾਸ਼ ਤੇ ਵੀਰ ਉੱਤਮ ਡਟਵੀਂ ਮਿਹਨਤ ਕਰਦੇ ਹੋਣਗੇ। ਉਨ੍ਹਾਂ ਨੂੰ ਸਤਿ ਸ੍ਰੀ ਅਕਾਲ। 

ਸਤਿਕਾਰ ਤੇ ਨਿੱਘੇ ਪਿਆਰ ਸਹਿਤ,

ਤੁਹਾਡਾ ਭਤੀਜਾ,

ਸੁਰਜੀਤ॥