ਇੱਕ ਚਿੱਠੀ ਰਾਹੀਂ ਮਾਤਾ ਜੀ ਦਾ ਧੰਨਵਾਦ ਕਰੋ ਜਿਨ੍ਹਾਂ ਦੀਆਂ ਸਿਖਿਆਵਾਂ ਸਦਕਾ ਤੁਸੀਂ ਇੱਕ ਚੰਗੇ ਨਾਗਰਿਕ ਬਣ ਸਕੇ ਹੋ।

112 ਬੀ, ਗੁਰੂ ਨਾਨਕ ਨਗਰ, 

ਬਟਾਲਾ, ਜ਼ਿਲ੍ਹਾ ਗੁਰਦਾਸਪੁਰ ।

ਮਿਤੀ.. 


ਮੇਰੇ ਅਤਿ ਪਿਆਰੇ ਮੰਮੀ ਜੀਓ,

ਸਤਿਕਾਰ। 

ਡਲਹੌਜ਼ੀ ਦਾ ਮਿਸ਼ਨ ਸਕੂਲ ਮੈਨੂੰ ਬੜਾ ਪਸੰਦ ਆਇਆ ਹੈ। ਇਥੇ ਪੜ੍ਹਨ-ਪੜਾਉਣ, ਖੇਡਣ, ਖਾਣ-ਪੀਣ ਤੇ ਸੌਣ ਆਦਿ ਦਾ ਆਦਰਸ਼ਕ ਪ੍ਰਬੰਧ ਹੈ। ਮੈਨੂੰ ਕਿਸੇ ਕਿਸਮ ਦਾ ਕੋਈ ਤਕਲੀਫ਼ ਨਹੀਂ।

ਮੰਮੀ! ਬਚਪਨ ਵਿਚ ਸਾਖੀਆਂ, ਪੰਚਤੰਤਰ ਦੀਆਂ ਕਹਾਣੀਆਂ, ਪੌਰਾਣਿਕ ਕਥਾਵਾਂ ਦੁਆਰਾ ਤੁਹਾਡੀਆਂ ਦਿੱਤੀਆਂ ਸਿਖਿਆਵਾਂ ਮੇਰੇ ਬਹੁਤ ਕੰਮ ਆ ਰਹੀਆਂ ਹਨ। ਮੈਨੂੰ ਹਰ ਉਲਝਣ ਤੋਂ ਕੱਢ ਰਹੀਆਂ ਹਨ।

ਮੈਂ ਅੰਮ੍ਰਿਤ ਵੇਲੇ ਚਾਰ ਵਜੇ ਉਠਦਾ ਹਾਂ। ਇਸ਼ਨਾਨ ਕਰ ਕੇ ਜਪੁ ਜੀ ਦਾ ਪਾਠ ਕਰਦਾ ਹਾਂ। ਉਪਰੰਤ ਦੋ ਘੰਟ ਟਿਕ ਕੇ ਪੜ੍ਹਦਾ ਹਾਂ। ਦਿਨ ਚੜ੍ਹਨ ਤੇ ਗੁਰਦੁਆਰੇ ਮੱਥਾ ਟੇਕਣ ਲਈ ਜਾਂਦਾ ਹਾਂ । ਮੇਰੇ ਚੰਗੇ ਭਾਗਾਂ ਨੂੰ ਇਥੋਂ ਦਾ ਗੁਰਦੁਆਰਾ ਸਾਡੇ ਹੋਸਟਲ ਦੇ ਬਿਲਕੁਲ ਨੇੜੇ ਹੈ। ਉੱਥੇ ਆ ਕੇ ਮੱਸ ਵਿਚੋਂ ਨਾਸ਼ਤਾ ਕਰ ਕੇ ਵੇਲੇ ਸਿਰ ਸਕੂਲ ਪੁੱਜ ਜਾਂਦਾ ਹਾਂ । ਮੈਂ ਅਧਿਆਪਕਾਂ ਦਾ ਪੜਾਇਆ ਬੜੇ ਧਿਆਨ ਨਾਲ ਸੁਣਦਾ ਹਾਂ, ਘਰ ਲਈ ਦਿੱਤੇ ਕੰਮ ਨੂੰ ਕਾਪੀ 'ਤੇ ਨੋਟ ਕਰਦਾ ਹਾਂ। ਸਕੂਲੋਂ ਛੁੱਟੀ ਹੋਣ ਤੇ ਸਭ ਤੋਂ ਪਹਿਲਾਂ ਦੁਪਹਿਰ ਦਾ ਖਾਣਾ ਖਾ ਕੇ ਥੋੜਾ ਜਿਹਾ ਆਰਾਮ ਕਰਦਾ ਹਾਂ। ਫਿਰ ਸਕੂਲ ਦਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਹਾਂ। ਸ਼ਾਮੀਂ ਸਹਿਪਾਠੀਆਂ ਨਾਲ ਰਲ ਕੇ ਇੱਕ ਘੰਟਾ ਜ਼ਰੂਰ ਖੇਡਦਾ ਹਾਂ। ਹਨੇਰਾ ਪੈਣ ਤੇ ਰਹਿਰਾਸ ਦਾ ਪਾਠ ਕਰ ਕੇ ਰਾਤ ਦਾ ਖਾਣਾ ਖਾਂਦਾ ਹਾਂ। ਖਾਣੇ ਤੋਂ ਬਾਅਦ 15-20 ਮਿੰਟ ਹਿਲ ਕੇ ਆਪਣੇ ਕਮਰੇ ਵਿਚ ਸਕੂਲ ਦੇ ਰਹਿੰਦਾ ਕੰਮ ਮੁਕਾ ਕੇ ਪੂਰੇ ਅੱਠ ਵਜੇ ਸੌਂ ਜਾਂਦਾ ਹਾਂ।

ਮੰਮੀ ਜੀ! ਤੁਹਾਡੀਆਂ ਬਚਪਨ ਵਿਚ ਦਿੱਤੀਆਂ ਸਿਖਿਆਵਾਂ ਮੈਨੂੰ ਜੀਵਨ ਦੇ ਹਰ ਮੋੜ ਤੇ ਕੰਮ ਆ ਰਹੀਆਂ ਹਨ। ਮੈਂ ਆਪ ਜੀ ਦਾ ਜਿੰਨਾ ਵੀ ਧੰਨਵਾਦ ਕਰਾਂ, ਥੋੜ੍ਹਾ ਹੈ।

ਮੈਂ ਪ੍ਰਮਾਤਮਾ ਦਾ ਸਿਮਰਨ ਨਹੀਂ ਵਿਸਾਰਦਾ, ਦਿਲ ਲਾ ਕੇ ਪੜ੍ਹਦਾ ਹਾਂ, ਰੱਜ ਕੇ ਖੇਡਦਾ-ਨਚਦਾ-ਟਪਦਾ ਹਾਂ ਤੇ ਹਰ ਲਿਹਾਜ਼ ਨਾਲ ਸੰਤੁਸ਼ਟ ਹਾਂ। ਤੁਸੀਂ ਮੇਰੀ ਬਿਲਕੁਲ ਚਿੰਤਾ ਨਾ ਕਰੋ। 

ਡੈਡੀ ਜੀ ਨੂੰ ਸਤਿਕਾਰ! ਭੈਣ ਰਾਣੇ ਨੂੰ ਪਿਆਰ!

ਆਪ ਜੀ ਦਾ ਪਿਆਰਾ ਸਪੁੱਤਰ ,

ਨਰਿੰਜਨ ਸਿੰਘ