DC ਸਾਹਿਬ ਨੂੰ ਸ਼ਹਿਰ ਵਿਚ ਵਧ ਰਹੀ ਗੁੰਡਾਗਰਦੀ ਰੋਕਣ ਲਈ ਬੇਨਤੀ ਪੱਤਰ ਲਿਖੋ।
ਸੇਵਾ ਵਿਖੇ,
ਡਿਪਟੀ ਕਮਿਸ਼ਨਰ ਸਾਹਿਬ,
ਜ਼ਿਲ੍ਹਾ ਗੁਰਦਾਸਪੁਰ,
ਗੁਰਦਾਸਪੁਰ।
ਵਿਸ਼ਾ : ਵਿਦਿਅਕ ਸੰਸਥਾਵਾਂ ਦੇ ਬਾਹਰ ਵਧ ਰਹੀ ਗੁੰਡਾਗਰਦੀ ਨੂੰ ਰੋਕਣ ਲਈ ਬੇਨਤੀ।
ਸ੍ਰੀਮਾਨ ਜੀਓ, .
ਸਨਿਮਰ ਬੇਨਤੀ ਹੈ ਕਿ ਵਿਦਿਆਲਿਆਂ ਦੇ ਬਾਹਰ ਛੁੱਟੀ ਵੇਲੇ ਗੁੰਡਾਗਰਦੀ ਦਿਨੋ-ਦਿਨ ਵਧ ਰਹੀ ਹੈ। ਛੁੱਟੀ ਤੋਂ ਪਹਿਲਾਂ ਹਰ ਸਾਂਝੀ ਵਿੱਦਿਆ ਜਾਂ ਇਸਤਰੀ ਵਿੱਦਿਆ ਦੀ ਸੰਸਥਾ ਦੇ ਬਾਹਰ ਲੋਫ਼ਰ ਥਾਂ-ਕੁਥਾਂ ਖੜੇ ਹੋ ਜਾਂਦੇ ਹਨ। ਇਨ੍ਹਾਂ ਦਾ ਕੰਮ ਲੜਕੀਆਂ ਨੂੰ ਲਲਚਾਈਆਂ ਨਜ਼ਰਾਂ ਨਾਲ ਵੇਖਣਾ, ਮਜਨੂੰ ਬਣਨ ਦੀ ਕੋਸ਼ਿਸ਼ ਕਰਨਾ, ਹੋਰ ਨਹੀਂ ਤਾਂ ਪੁੱਠੇ-ਸਿੱਧੇ ਆਵਾਜ਼ ਕੱਸਣਾ ਆਦਿ ਹੈ। ਕਈ ਵਾਰੀ ਦੋ ਗਰੁੱਪਾਂ ਵਿਚ ਕਿਸੇ ਕੁੜੀ ਦੀ ਖਾਤਰ ਲੜਾਈ ਵੀ ਹੋ ਜਾਂਦੀ ਹੈ। ਨਾ ਪੁਲਿਸ ਵੇਖਣ ਨੂੰ ਮਿਲਦੀ ਹੈ ਤੇ ਕਈ ਗੁੰਡੇ ਪ੍ਰਿੰਸੀਪਲ ਜਾਂ ਅਧਿਆਪਕ ਨੂੰ ਕੁੱਟ-ਕੁੱਟ ਕੇ ਤਿੱਤਰ ਹੋ ਜਾਂਦੇ ਹਨ।
ਜਿਨ੍ਹਾਂ ਲੜਕੀਆਂ ਦੇ ਨੌਕਰ ਜਾਂ ਸਾਕ-ਰਿਸ਼ਤੇਦਾਰ ਲੈਣ ਆ ਜਾਂਦੇ ਹਨ, ਉਹ ਤਾਂ ਸੁੱਖੀ-ਸਾਂਦੀ ਘਰ ਪੁੱਜ ਜਾਂਦੀਆਂ ਹਨ। ਜਿਹੜੀਆਂ ਇੱਕ ਮੁਹੱਲੇ ਜਾਂ ਗਲੀ ਦੀਆਂ ਹੋਣ ਕਰਕੇ ਟੋਲੀਆਂ ਵਿਚ ਜਾਂਦੀਆਂ ਹਨ, ਉਹ ਇਨ੍ਹਾਂ ਸੁਆਗਤੀ ਟੱਟੂਆਂ ਤੋਂ ਬਚ ਜਾਂਦੀਆਂ ਹਨ। ਜਿਹੜੀਆਂ ਕਿਸੇ ਕਾਰਣ ਕਰ ਕੇ ‘ਕੱਲੀਆਂ-ਦੁਕੱਲੀਆਂ ਰਹਿ ਜਾਂਦੀਆਂ ਹਨ, ਉਹ ਇਨ੍ਹਾਂ ਅਨਸਰਾਂ ਦੇ ਕਾਬੂ ਆ ਜਾਂਦੀਆਂ ਹਨ ਅਤੇ ਚੰਗੀਆਂ-ਮੰਦੀਆਂ ਗੱਲਾਂ ਸੁਣਦੀਆਂ ਹਨ। ਕੋਈ ਜੁੱਤੀਓ-ਜੁੱਤੀ ਵੀ ਹੋ ਜਾਂਦੀਆਂ ਹਨ। ਪਰ ਇਹ ਅਜੋਕੇ ਮਜਨੂੰ ਮਾਰ ਖਾ ਜਾਂ ਬੇਇੱਜ਼ਤੀ ਕਰਵਾ ਕੇ ਵੀ ਅਗਲੇ ਦਿਨ ਮੁੜ ਖੜੇ ਵੇਖੋ ਜਾਂਦੇ ਹਨ।
ਉਂਝ ਸਾਡਾ ਵਿਧਾਨ ਤੇ ਸਰਕਾਰ ਵਿੱਦਿਆ-ਪ੍ਰਾਪਤੀ, ਵਿਸ਼ੇਸ਼ ਕਰਕੇ ਲੜਕੀਆਂ, ਲਈ ਦਿਨ-ਰਾਤ ਪ੍ਰਚਾਰ ਕਰਦੀ ਹੈ ਪਰ ਸਾਡੇ ਸਮਾਜ ਦੇ ਅਮਨ-ਸ਼ਾਂਤੀ ਦੇ ਰਾਖੇ ਉਨ੍ਹਾਂ ਨੂੰ ਬਾਇੱਜ਼ਤ ਪੜ੍ਹਨ ਦੀ ਸੁਰੱਖਿਆ ਪ੍ਰਦਾਨ ਨਹੀਂ ਕਰ ਸਕਦੇ। ਜਦ ਕੋਈ ਖ਼ਾਸ ਘਟਨਾ ਵਾਪਰਦੀ ਹੈ ਤਾਂ ਕੁਝ ਦਿਨਾਂ ਲਈ ਪੁਲਿਸ ਆ ਜਾਂਦੀ ਹੈ। ਉਪਰੰਤ ਮੈਦਾਨ ਵਿਚ ਇਨ੍ਹਾਂ ਆਪਹੁਰਿਆਂ ਦਾ ਬੋਲਬਾਲਾ ਹੋ ਜਾਂਦਾ ਹੈ।
ਤੁਸੀਂ ਜ਼ਿਲੇ ਦੇ ਮਾਈ-ਬਾਪ ਹੋ, ਸਖ਼ਤ ਆਦੇਸ਼ ਦਿਓ ਤਾਂ ਜੋ ਕਿਸੇ ਦੀ ਅਮੀਰੀ, ਲੀਡਰੀ ਤੇ ਖ਼ਾਨਦਾਨੀ ਦਾ ਲਿਹਾਜ਼ ਨਾ ਕਰਦਿਆਂ ਹਰ ਲੋਫ਼ਰ ਨੂੰ ਕਾਨੂੰਨੀ ਪਕੜ ਵਿਚ ਜਕੜਿਆ ਜਾ ਸਕੇ । ਸੰਸਥਾ-ਮੁਖੀ ਪਾਸੋਂ ਸੰਸਥਾ ਵਿਚ ਪੜ ਰਹੇ ਇਹੋ ਜਿਹਿਆਂ ਦੀ ਸੂਚੀ ਲਈ ਜਾ ਸਕਦੀ ਹੈ। ਇਸ ਤਰ੍ਹਾਂ ਪੁਲਿਸ ਦੁਆਰਾ ਕੀਤੀ ਗਈ ਸਖ਼ਤੀ ਨਾਲ ਆਲਿਆ ਦੇ ਅੰਦਰ-ਬਾਹਰ ਵਧ ਰਹੀ ਗੁੰਡਾਗਰਦੀ ਨੂੰ ਨੱਥ ਪਾਈ ਜਾ ਸਕਦੀ ਹੈ।
ਆਸ ਹੈ ਕਿ ਤੁਸੀਂ ਆਪਣੀ ਪਹਿਲੀ ਵਿਹਲ ਵਿਚ ਇਸ ਸਮੱਸਿਆ ਵੱਲ ਧਿਆਨ ਦੇ ਕੇ ਪੁਲਿਸ ਕਰਮਚਾਰੀਆਂ ਨੂੰ ਸਖ਼ਤ ਤੋਂ ਸਖ਼ਤ ਹਦਾਇਤਾਂ ਦੇਣ ਦੀ ਖੇਚਲ ਕਰੋਗੇ। ਧੰਨਵਾਦ ਸਹਿਤ,
ਆਪ ਦੇ ਵਿਸ਼ਵਾਸ-ਪਾਤਰ ,
ਸਕੂਲੀ ਵਿਦਿਆਰਥਣਾਂ ਦੇ ਮਾਪੇ,
ਪਟਿਆਲਾ ਨਿਵਾਸੀ।
0 Comments