ਵਿਦਿਆਲਿਆਂ ਵਿਚ ਨਕਲ ਰੋਕਣ ਲਈ ਪੁਲਿਸ ਕਪਤਾਨ ਨੂੰ ਬਿਨੈ-ਪੱਤਰ ਲਿਖੋ। 


ਸੇਵਾ ਵਿਖੇ,

ਪੁਲਿਸ ਕਪਤਾਨ ਸਾਹਿਬ,

ਜਲੰਧਰ ਸ਼ਹਿਰ।


ਵਿਸ਼ਾ : ਨਕਲ ਰੋਕਣ ਲਈ ਬੇਨਤੀ। 

ਸ੍ਰੀਮਾਨ ਜੀ, .

ਸਨਿਮਰ ਬੇਨਤੀ ਹੈ ਕਿ ਵਿਦਿਆਰਥੀ-ਜਗਤ ਵਿਚ ਨਕਲ ਦੀ ਬੀਮਾਰੀ ਅਜੇ ਖ਼ਤਮ ਨਹੀਂ ਹੋਈ। ਇਸ ਸਮਾਜਿਕ ਕੋੜ ਨੂੰ ਸੁਰਜੀਤ ਰੱਖਣ ਵਿਚ ਮੁੱਖ ਨਿਗਰਾਨ ਤੇ ਉਸ ਦਾ ਅਮਲਾ, ਸੰਸਥਾ ਦੇ ਮੁੱਖ ਅਧਿਆਪਕ ਤੇ ਉਸ ਦੇ ਚੋਣਵੇਂ ਸਲਾਹਕਾਰਾਂ ਵਿਚ ਸਾਂਠ-ਗਾਂਠ ਹੁੰਦੀ ਹੈ। ਵਿਦਿਆਰਥੀ ਮੁੱਖ ਕੇਂਦਰ-ਨਿਗਰਾਨ ਦੀ ਮੁੱਠੀ ਗਰਮ ਕਰਕੇ ਆਪਣਾ ਕੰਮ ਸਾਰੀ ਜਾਂਦੇ ਹਨ। ਜਦ ਕੋਈ ਮੂੰਹ-ਜ਼ੋਰ ਉਡਣ ਦਸਤਾ (Flying Squad) ਆ ਜਾਂਦਾ ਹੈ, ਲੋਟੂ ਟੋਲੇ ਦੀ ਹਾਂ ਨਾਲ ਹਾਂ ਨਹੀਂ ਮਿਲਾਉਂਦਾ, ਪੜਦਾ ਖੁੱਲ ਜਾਂਦਾ ਹੈ, ਨਹੀਂ ਤਾਂ ਅੰਦਰਖ਼ਾਤੇ ਨਕਲਚੁਆਂ ਤੇ ਲੋਟੂ ਟੋਲੇ ਦੀਆਂ ਪੌਂ ਬਾਰਾਂ ਹੁੰਦੀਆਂ ਹਨ। 

ਤੁਸੀਂ ਇਸ ਸਮਾਜਿਕ ਕੋੜ ਨੂੰ ਦੂਰ ਕਰ ਕੇ ਨਾਮਣਾ ਖੱਟ ਸਕਦੇ ਹੋ। ਪੜਨ ਵਿਚ ਰੁਚੀ ਰੱਖਣ ਵਾਲੇ ਵਿਦਿਆਰਥੀ ਤੇ ਸਮਝਦਾਰ ਮਾਪੇ ਇਸ ਪਰਉਪਕਾਰ ਵਿਚ ਆਪ ਦਾ ਸਾਥ ਦੇਣਗੇ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁਖੀ ਆਪ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ। ਸਾਰਾ ਸਮਾਜ ਆਪ ਦੁਆਰਾ ਕੀਤੀ ਨੇਕੀ ਸਾਰੀ ਉਮਰ ਯਾਦ ਰਖੋਗਾ। ਸਿੱਟੇ ਵਜੋਂ ਜਿੱਥੇ ਅਧਿਆਪਕ ਲਗਨ ਨਾਲ ਮਿਹਨਤ ਕਰਵਾਉਣਗੇ, ਉੱਥੇ ਵਿਦਿਆਰਥੀ ਵੀ ਨਕਲ ਕਰਵਾਉਣ ਵਾਲਿਆਂ ਦੀ ਟੇਕ ਛੱਡ ਦੇਣਗੇ ਤੇ ਅਨੁਸ਼ਾਸਨ ਵਿਚ ਰਹਿ ਕੇ ਸਾਰਾ ਸਾਲ ਪੜ੍ਹਨਗੇ। 

ਹੁਣ ਮੌਕਾ ਜੇ, ਇਮਤਿਹਾਨ ਹੋ ਰਹੇ ਨੇ ਪਰਉਪਕਾਰ ਕਰ ਲਓ, ਨੇਕੀ ਖੱਟ ਲਓ।

ਆਪ ਦੇ ਵਿਸ਼ਵਾਸ-ਪਾਤਰ

ਪੜ੍ਹਨ ਵਿਚ ਰੁਚੀ ਰੱਖਣ ਵਾਲੇ ਵਿਦਿਆਰਥੀ ।