ਜਲੰਧਰ ਦੂਰਦਰਸ਼ਨ ਕੇਂਦਰ ਦੇ ਡਾਇਰੈਕਟਰ ਨੂੰ ਬੱਚਿਆਂ ਦੇ ਪ੍ਰੋਗਰਾਮ ਵਿਚ ਭਾਗ ਲੈਣ ਲਈ ਪੱਤਰ ਲਿਖੋ ।
200 , ਚਹਾਰ ਬਾਗ,
ਜਲੰਧਰ ।
ਮਿਤੀ........
ਸੇਵਾ ਵਿਖੇ,
ਡਾਇਰੈਕਟਰ ਸਾਹਿਬ,
ਦੂਰਦਰਸ਼ਨ ਕੇਂਦਰ,
ਜਲੰਧਰ।
ਸੀਮਾਨ ਜੀ,
ਮੈਂ ਆਦਰਸ਼ ਸਕੂਲ ਵਿਚ ਸੱਤਵੀਂ ਜਮਾਤ ਵਿਚ ਪੜਦੀ ਹਾਂ। ਮੈਂ ਆਪਣੀ ਜਮਾਤ ਦੇ ਇਮਤਿਹਾਨ ਵਿਚ ਸਦਾ ਪਹਿਲੇ ਸਥਾਨ 'ਤੇ ਰਹਿੰਦੀ ਹਾਂ।
ਮੈਂ ਆਮ ਵਾਕਫ਼ੀ ਦੀਆਂ ਕਿਤਾਬਾਂ ਤੇ ਰਸਾਲੇ ਵੀ ਪੜ੍ਹਦੀ ਰਹਿੰਦੀ ਹਾਂ। ਕਈ ਵਾਰੀ ਪੜ੍ਹਦੀ-ਪੜ੍ਹਦੀ ਮੈਂ ਆਪਣੇ ਹੀ ਖ਼ਿਆਲਾਂ ਵਿਚ ਗੁਆਚ ਜਾਂਦੀ ਹਾਂ। ਮੈਂ ਇਉਂ ਮਹਿਸੂਸ ਕਰਦੀ ਹਾਂ ਜਿਵੇਂ ਕੋਈ ਚੀਜ਼ ਉਤਰ ਰਹੀ ਹੋਵੇ ਤੇ ਭੁੱਬਾਂ ਮਾਰ ਕੇ ਬਾਹਰ ਨਿਕਲਣ ਨੂੰ ਕਰ ਰਹੀ ਹੋਵੇ। ਮੈਂ ਇਸ ਅਵਸਥਾ ਵਿਚ ਕਹਾਣੀ-ਕਵਿਤਾ ਲਿਖ ਕੇ ਜਾਂ ਗੀਤ ਗਾ ਕੇ ਹੌਲੀ ਫੁੱਲ ਹੋ ਜਾਂਦੀ ਹਾਂ। ਮੇਰੀਆਂ ਲਿਖਤਾਂ ਬੱਚਿਆਂ ਦੇ ਰਸਾਲਿਆਂ ਵਿਚ ਛਪਦੀਆਂ ਹਨ। ਮੇਰੇ ਗੀਤ ਮੇਰੇ ਸਹਿਪਾਠੀ ਤੇ ਅਧਿਆਪਕ ਸੁਣ-ਸੁਣ ਕੇ ਨਹੀਂ ਅਕਦੇ।
ਮੈਂ ਆਪ ਦੁਆਰਾ ਪ੍ਰਸਾਰਿਤ ਬੱਚਿਆਂ ਦੇ ਪ੍ਰੋਗਰਾਮ ਨੂੰ ਨੇਮ ਨਾਲ ਵੇਖਦੀ ਤੇ ਮਾਣਦੀ ਹਾਂ। ਮੇਰਾ ਡਾਢਾ ਜੀਅ ਕਰਦਾ ਹੈ ਕਿ ਮੈਂ ਵੀ ਇਸ ਵਿਚ ਹਿੱਸਾ ਲਵਾਂ। ਤੁਸੀਂ ਮੇਰੀ ਆਵਾਜ਼ ਤੇ ਲਿਆਕਤ ਦਾ ਟੈਸਟ ਕਿਸੇ ਵੇਲੇ ਵੀ ਲੈ ਸਕਦੇ ਹੋ।
ਮੈਨੂੰ ਪੂਰਨ ਆਸ ਹੈ ਕਿ ਮੈਂ ਆਪ ਦੇ ਮਿਆਰ 'ਤੇ ਪੂਰੀ ਉਤਰਾਂਗੀ ਅਤੇ ਬੱਚਿਆਂ ਦੇ ਪ੍ਰੋਗਰਾਮ ਵਿਚ ਇੱਕ ਨਗ ਸਿੱਧ ਹੋ ਕੇ ਦੱਸਾਂਗੀ।
ਧੰਨਵਾਦ ਸਹਿਤ,
ਆਪ ਦੀ ਵਿਸ਼ਵਾਸ-ਪਾਤਰ ,
ਨਿਰਮਲ ਕੌਰ,
ਸਪੁੱਤਰੀ ਸ. ਬਸੰਤ ਸਿੰਘ |
0 Comments