ਮੇਰੀ ਮਨਪਸੰਦ ਪੁਸਤਕ
Meri Manpasand Pustak
ਪਿਛਲੇ ਇੱਕ ਦੋ ਸਾਲਾਂ ਵਿੱਚ ਮੈਂ ਕਵਿਤਾ, ਕਹਾਣੀ, ਨਾਟਕ ਆਦਿ ਦੀਆਂ ਪੁਸਤਕਾਂ ਤੋਂ ਬਿਨਾਂ ਕੁਝ ਹੋਰ ਮਹੱਤਵਪੂਰਨ ਪੁਸਤਕਾਂ ਵੀ ਪੜੀਆਂ ਹਨ। ਪਰ ਇਹਨਾਂ ਸਾਰੀਆਂ ਪੁਸਤਕਾਂ ਵਿੱਚੋਂ ਮੈਨੂੰ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ 'ਲੂਣਾ’ ਸਭ ਤੋਂ ਵੱਧ ਪਸੰਦ ਹੈ। ਇਸ ਲਈ ਇਹ ਮੇਰੀ ਮਨਪਸੰਦ ਪੁਸਤਕ ਹੈ। ਇਸ ਪੁਸਤਕ ਤੇ ਸ਼ਿਵ ਕੁਮਾਰ ਬਟਾਲਵੀ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਪ੍ਰਾਪਤ ਹੋਇਆ। ਇਸ ਪੁਸਤਕ ਸੰਬੰਧੀ ਇਸ ਪੱਖ ਤੋਂ ਵਿਦਵਾਨਾਂ ਵਿੱਚ ਮੱਤ-ਭੇਦ ਹੈ ਕਿ ਇਸ ਨੂੰ ਮਹਾਂਕਾਵਿ, ਕਾਵਿ-ਨਾਟ ਅਤੇ ਨਾਟ-ਕਾਵਿ ਵਿੱਚੋਂ ਕਿਹੜਾ ਨਾਂ ਦਿੱਤਾ ਜਾਵੇ। ਅੱਠ ਅੰਕਾਂ ਦੀ ਇਹ ਰਚਨਾ ਵਾਰਤਾਲਾਪੀ ਸ਼ੈਲੀ ਵਿੱਚ ਹੈ ਤੇ ਇਸ ਨੂੰ ਰੰਗ-ਮੰਚ 'ਤੇ ਪੇਸ਼ ਕੀਤਾ ਜਾ ਚੁੱਕਾ ਹੈ। ਇਸ ਪੁਸਤਕ ਨੂੰ ਕਾਵਿ-ਨਾਟ ਕਹਿਣਾ ਹੀ ਵਧੇਰੇ ਯੋਗ ਹੈ। ਇਸ ਪੁਸਤਕ ਦਾ ਵਧੇਰੇ ਮਹੱਤਵ ਵਸਤੂ ਦੇ ਪੱਖ ਤੋਂ ਹੈ। ਇਸ ਰਚਨਾ ਵਿੱਚ ਸ਼ਿਵ ਕੁਮਾਰ ਬਟਾਲਵੀ ਨੇ ਪੂਰਨ ਭਗਤ ਦੀ ਲੋਕ-ਕਥਾ ਨੂੰ ਨਵੇਂ ਅਰਥ ਪ੍ਰਦਾਨ ਕੀਤੇ ਹਨ। ਸ਼ਿਵ ਕੁਮਾਰ ਬਟਾਲਵੀ ਅਨੁਸਾਰ, “ਪੂਰਨ ਦੇ ਕਿੱਸੇ ਨੂੰ ਲੂਣਾ ਦਾ ਕਿੱਸਾ ਕਹਿਣ ਵਿੱਚ ਹੀ ਨਵੇਂ ਅਰਥ ਸਥਾਪਿਤ ਹੋ ਜਾਂਦੇ ਹਨ। ਸ਼ਿਵ ਕੁਮਾਰ ਬਟਾਲਵੀ ਨੇ ਸੱਚ-ਮੁੱਚ ਹੀ ਨਾਰੀ ਦੇ ਹੱਕ ਵਿੱਚ ਅਵਾਜ਼ ਉਠਾਈ ਹੈ ਅਤੇ ਲਣਾ ਨੂੰ ਦੋਸ਼-ਮੁਕਤ ਕਰਨ ਦਾ ਯਤਨ ਕੀਤਾ ਹੈ। ਸਾਡਾ ਪਰੰਪਰਾਗਤ ਸਮਾਜ ਲੂਣਾ ਨੂੰ ਦੋਸ਼ੀ ਠਹਿਰਾਉਂਦਾ ਰਿਹਾ ਹੈ ਅਤੇ ਸਾਡੇ ਕਿੱਸਾਕਾਰਾਂ ਦੀ ਵੀ ਅਜਿਹੀ ਹੀ ਧਾਰਨਾ ਰਹੀ ਹੈ। ਸ਼ਿਵ ਕੁਮਾਰ ਨੇ ਪਹਿਲੀ ਵਾਰ ਲੂਣਾ ਤੋਂ ਅਖਵਾਇਆ ਹੈ ਕਿ ਜੇਕਰ ਮਾਪੇ ਹਾਣ ਲੱਭ ਕੇ ਨਹੀਂ ਦਿੰਦੇ ਤਾਂ ਆਪ ਹਾਣ ਲੱਭਣ ਵਿੱਚ ਅਪਮਾਨ ਵਾਲੀ ਕਿਹੜੀ ਗੱਲ ਹੈ ! ਅਸਲ ਵਿੱਚ 'ਲੂਣਾ’ ਭਾਰਤੀ ਨਾਰੀ ਵਿੱਚ ਆ ਰਹੀ ਜਾਗ੍ਰਿਤੀ ਅਤੇ ਨਾਰੀ ਪ੍ਰਤੀ ਬਦਲ ਰਹੇ ਸਾਡੇ ਪਰੰਪਰਾਗਤ ਰਵਈਏ ਦੀ ਪ੍ਰਤੀਕ ਹੈ। ਅਜਿਹੀਆਂ ਰਚਨਾਵਾਂ ਸਮਾਜ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਨੌਜਵਾਨ ਪੀੜੀ ਨੂੰ ਇਹਨਾਂ ਤੋਂ ਉਸਾਰੂ ਸੇਧ ਮਿਲ ਸਕਦੀ ਹੈ।
1 Comments
Super
ReplyDelete